ਅੰਮਿ੍ਤਸਰ, 21 ਅਪ੍ਰੈਲ (ਰਾਜੇਸ਼ ਕੁਮਾਰ ਸ਼ਰਮਾ)-ਸ਼ਹਿਰ ਦੇ ਸਭ ਤੋਂ ਜ਼ਿਆਦਾ ਵਿਅਸਤ ਮੰਨੇ ਜਾਂਦੇ ਸ਼ਿਵਾਲਾ ਰੇਲਵੇ ਫਾਟਕ ਨੂੰ ਮੁਰੰਮਤ ਦੇ ਚੱਲਦੇ ਬੰਦ ਕਰ ਦਿੱਤਾ ਗਿਆ ਹੈ, ਜਿਸ ਕਾਰਨ ਉਥੋਂ ਲੰਘਣ ਵਾਲੇ ਰਾਹਗੀਰਾਂ ਨੂੰ ਕਾਫ਼ੀ ਪੇ੍ਰਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਜਾਣਕਾਰੀ ਮੁਤਾਬਕ ਉਕਤ ਰੇਲਵੇ ਫਾਟਕ 'ਤੇ ਮੁਰੰਮਤ ਦਾ ਕੰਮ ਚੱਲ ਰਿਹਾ ਹੈ | ਪਹਿਲਾਂ ਰੇਲਵੇ ਵਲੋਂ ਫਾਟਕ ਨੂੰ 19 ਤੋਂ 21 ਅਪ੍ਰੈਲ ਤੱਕ ਬੰਦ ਕੀਤੇ ਜਾਣ ਦੀ ਸੂਚਨਾ ਸੀ, ਪਰ ਹੁਣ ਉਨ੍ਹਾਂ ਇਸ ਸਮਾਂ ਮਿਆਦ ਨੂੰ 23 ਅਪ੍ਰੈਲ ਤੱਕ ਕਰ ਦਿੱਤਾ ਗਿਆ ਹੈ, ਜਿਸ ਕਾਰਨ ਇਸ ਰੇਲਵੇ ਫਾਟਕ ਤੋਂ ਲੰਘਣ ਵਾਲੇ ਰਾਹਗੀਰਾਂ ਨੂੰ ਕਾਫ਼ੀ ਪੇ੍ਰਸ਼ਾਨੀ ਪੇਸ਼ ਆ ਰਹੀ ਹੈ | ਉਨ੍ਹਾਂ ਨੂੰ ਦੂਜੇ ਪਾਸੇ ਜਾਣ ਲਈ ਲੰਮਾ ਰਸਤਾ ਤੈਅ ਕਰਨਾ ਪੈ ਰਿਹਾ ਹੈ | ਦੂਜੇ ਪਾਸੇ ਇਸ ਫਾਟਕ ਦੇ ਬੰਦ ਹੋਣ ਨਾਲ ਹੂਸੈਨਪੁਰਾ ਪੱੁਲ 'ਤੇ ਵੀ ਟਰੈਫਿਕ 'ਚ ਵਾਧਾ ਹੋਇਆ ਹੈ | ਜ਼ਿਕਰਯੋਗ ਹੈ ਕਿ ਸ਼ਿਵਾਲਾ ਰੇਲਵੇ ਫਾਟਕ ਦੇ ਰਸਤੇ ਤੋਂ ਰੋਜ਼ਾਨਾ ਵੱਡੀ ਗਿਣਤੀ 'ਚ ਰਾਹਗੀਰ ਲੰਘਦੇ ਹਨ | ਇਹ ਰੇਲਵੇ ਫਾਟਕ ਹੂਸੈਨਪੁਰਾ ਦੀ ਟਰੈਫਿਕ ਨੂੰ ਬਟਾਲਾ ਰੋਡ ਸਮੇਤ ਹੋਰਨਾਂ ਇਲਾਕਿਆਂ ਨਾਲ ਜੋੜਦਾ ਹੈ | ਭਾਵੇਂ ਉਕਤ ਇਲਾਕਿਆਂ ਨੂੰ ਜਾਣ ਲਈ ਹੂਸੈਨਪੁਰਾ ਪੁੱਲ ਦੀ ਵੀ ਵਰਤੋਂ ਕੀਤੀ ਜਾਂਦੀ ਹੈ ਲੇਕਿਨ ਇਹ ਰਸਤਾ ਛੋਟੇ ਵਾਹਨਾਂ ਲਈ ਇਕ ਸ਼ਾਰਟ ਕੱਟ ਦੇ ਤੌਰ 'ਤੇ ਕੰਮ ਕਰਦਾ ਹੈ |