ਚੋਗਾਵਾਂ, 20 ਅਪ੍ਰੈਲ (ਗੁਰਵਿੰਦਰ ਸਿੰਘ ਕਲਸੀ)-ਬੀਤੀ ਦਿਨੀਂ ਪਿੰਡ ਭੁੱਲਰ ਵਿਖੇ ਇਕ ਨੌਜਵਾਨ ਨੂੰ ਸ਼ਰੇਆਮ ਗੋਲੀਆਂ ਮਾਰ ਕੇ ਕਤਲ ਕਰ ਦੇਣ ਵਾਲੇ ਦੋਸ਼ੀਆਂ ਨੂੰ ਗਿ੍ਫਤਾਰ ਨਾ ਕਰਨ 'ਤੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਬਲਾਕ ਚੋਗਾਵਾਂ ਦੇ ਪ੍ਰਧਾਨ ਬਾਬਾ ਰਾਜਨ ਸਿੰਘ ਮੋੜੇ ਕਲਾਂ, ਬਲਾਕ ਪ੍ਰਧਾਨ ਪ੍ਰਗਟ ਸਿੰਘ ਧਰਮਕੋਟ, ਡਾ. ਪਰਮਿੰਦਰ ਸਿੰਘ ਬਲਾਕ ਪ੍ਰਧਾਨ ਅਟਾਰੀ ਦੀ ਅਗਵਾਈ ਹੇਠ ਥਾਣਾ ਲੋਪੋਕੇ ਦਾ ਘਿਰਾਓ ਕਰਕੇ ਨਾਅਰੇਬਾਜ਼ੀ ਕੀਤੀ ਗਈ | ਧਰਨੇ ਨੂੰ ਸੰਬੋਧਨ ਕਰਦਿਆਂ ਪ੍ਰਗਟ ਸਿੰਘ ਧਰਮਕੋਟ ਤੇ ਬਾਬਾ ਰਾਜਨ ਸਿੰਘ ਮੋੜੇ ਕਲਾਂ ਨੇ ਕਿਹਾ ਕਿ 6 ਦਿਨ ਪਹਿਲਾਂ ਪਿੰਡ ਸੌੜੀਆਂ ਦਾ ਮਨਜੀਤ ਸਿੰਘ ਜੋ ਪਿੰਡ ਭੁੱਲਰ ਵਿਖੇ ਇੱਕ ਦੁਕਾਨ 'ਤੇ ਗਿਆ ਸੀ | ਇਸੇ ਦੌਰਾਨ ਗੁਰਸਾਹਿਬ ਸਿੰਘ, ਰਣਧੀਰ ਸਿੰਘ, ਜਗਬੀਰ ਸਿੰਘ, ਹਰਪਾਲ ਸਿੰਘ ਤੇ ਹੋਰਨਾਂ ਨੇ ਹਮਲਾ ਕਰਕੇ ਗੋਲੀਆਂ ਮਾਰ ਕੇ ਮਨਜੀਤ ਸਿੰਘ ਦਾ ਕਤਲ ਕਰ ਦਿੱਤਾ | ਪਰ ਅਜੇ ਤੱਕ ਦੋਸ਼ੀਆਂ ਨੂੰ ਗਿ੍ਫਤਾਰ ਨਹੀਂ ਕੀਤਾ ਗਿਆ | ਦੋਸ਼ੀ ਪਰਿਵਾਰ ਨੂੰ ਧਮਕੀਆਂ ਦੇ ਰਹੇ ਹਨ | ਉਨ੍ਹਾਂ ਇਕਸੁਰ ਵਿਚ ਕਿਹਾ ਕਿ ਜੇਕਰ ਪੁਲਿਸ ਨੇ ਮੁੱਖ ਦੋਸ਼ੀਆਂ ਦੋਸ਼ੀਆਂ ਨੂੰ ਗਿ੍ਫਤਾਰ ਨਾ ਕੀਤਾ ਤਾਂ ਥਾਣਾ ਲੋਪੋਕੇ ਦਾ ਘਿਰਾਓ ਅਣਮਿਥੇ ਸਮੇਂ ਲਈ ਜਾਰੀ ਰਹੇਗਾ | ਇਸ ਮੌਕੇ ਨਰਿੰਦਰ ਸਿੰਘ ਭਿੱਟੇਵੱਡ, ਸਾਬਕਾ ਸਰਪੰਚ ਕਾਲਾ ਸ਼ਾਹਪੁਰ, ਕੁਲਦੀਪ ਸਿੰਘ, ਗੁਰਪ੍ਰੀਤ ਸਿੰਘ, ਮਲਕੀਤ ਸਿੰਘ, ਰੋਬਨਪ੍ਰੀਤ ਸਿੰਘ, ਸੁਬੇਗ ਸਿੰਘ, ਹਰਮਨਪ੍ਰੀਤ ਸਿੰਘ ਆਦਿ ਹਾਜ਼ਰ ਸਨ | ਧਰਨਾਕਾਰੀਆਂ ਨੂੰ ਥਾਣਾ ਲੋਪੋਕੇ ਦੇ ਮੁਖੀ ਦਲਜੀਤ ਸਿੰਘ ਨੇ ਵਿਸ਼ਵਾਸ ਦਿਵਾਇਆ ਕਿ ਇਸ ਕੇਸ ਵਿਚ ਤਿੰਨ ਦੋਸ਼ੀਆਂ ਨੂੰ ਗਿ੍ਫਤਾਰ ਕਰ ਲਿਆ ਗਿਆ ਤੇ ਬਾਕੀ ਦੋਸ਼ੀ ਜਲਦ ਗਿ੍ਫਤਾਰ ਕਰ ਲਏ ਜਾਣਗੇ | ਇਸ ਵਿਸ਼ਵਾਸ ਤੋਂ ਬਾਅਦ ਜਥੇਬੰਦੀ ਨੇ ਧਰਨਾ ਚੁੱਕ ਲਿਆ |