ਅੰਮਿ੍ਤਸਰ, 24 ਅਪ੍ਰੈਲ (ਜਸਵੰਤ ਸਿੰਘ ਜੱਸ)-ਭਾਈ ਅੰਮਿ੍ਤਪਾਲ ਸਿੰਘ ਮੈਂਬਰ ਪਾਰਲੀਮੈਂਟ ਦੀ ਅਗਵਾਈ ਵਾਲੇ ਅਕਾਲੀ ਦਲ (ਵਾਰਿਸ ਪੰਜਾਬ ਦੇ) ਨੇ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਅਤੇ ਪੰਜਾਬ ਤੋਂ ਰਾਜ ਸਭਾ ਮੈਂਬਰ ਰਾਘਵ ਚੱਢਾ ਸਮੇਤ ਹੋਰ ਸਾਂਸਦਾਂ ਦੇ ਦਲ-ਬਦਲਣ ਦੇ ਤਾਜ਼ਾ ਸਿਆਸੀ ਘਟਨਾਕ੍ਰਮ 'ਤੇ ਪ੍ਰਤੀਕਰਮ ਪ੍ਰਗਟ ਕਰਦਿਆਂ ਕਿਹਾ ਕਿ ਆਪ ਵਲੋਂ ਰਾਜ ਸਭਾ ਰਾਹੀਂ ਪੰਜਾਬ 'ਤੇ ਬਾਹਰੀ ਚਿਹਰੇ ਥੋਪਣ ਵਾਲੀ ਸਿਆਸਤ ਫੇਲ੍ਹ ਹੋਈ ਹੈ ਤੇ ਇਹ ਘਟਨਾ ਪੰਜਾਬ ਦੇ ਲੋਕਾਂ ਨਾਲ ਕੀਤੇ ਵੱਡੇ ਸਿਆਸੀ ਧੋਖੇ ਨੂੰ ਬੇਨਕਾਬ ਕਰਦੀ ਹੈ | ਮੀਡੀਆ ਇੰਚਾਰਜ ਸ਼ਮਸ਼ੇਰ ਸਿੰਘ ਪੱਧਰੀ ਵਲੋਂ ਜਾਰੀ ਬਿਆਨ ਵਿਚ ਪਾਰਟੀ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਆਪ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਵਲੋਂ ਬਾਹਰੀ ਚਿਹਰਿਆਂ ਨੂੰ ਰਾਜ ਸਭਾ ਵਿਚ ਭੇਜਣਾ ਪੰਜਾਬ ਦੇ ਲੋਕਾਂ ਨਾਲ ਧੋਖਾ ਸੀ | ਦੋਸ਼ ਲਾਇਆ ਕਿ ਉਹ ਆਗੂ ਕਦੇ ਵੀ ਪੰਜਾਬ ਦੇ ਅਸਲ ਮੁੱਦਿਆਂ, ਨੌਜਵਾਨੀ, ਕਿਸਾਨੀ, ਪਾਣੀ, ਨਸ਼ਿਆਂ ਅਤੇ ਧਾਰਮਿਕ ਅਧਿਕਾਰਾਂ 'ਤੇ ਖੁੱਲ੍ਹ ਕੇ ਨਹੀਂ ਬੋਲੇ, ਜਿਸ ਕਰਕੇ ਪੰਜਾਬ ਦੇ ਲੋਕ ਪਹਿਲਾਂ ਹੀ ਆਪਣੇ ਆਪ ਨੂੰ ਠੱਗਿਆ ਮਹਿਸੂਸ ਕਰ ਰਹੇ ਸਨ | ਪਾਰਟੀ ਨੇ ਕਿਹਾ ਕਿ ਇਥੇ ਬੱਸ ਨਹੀਂ ਅਜੇ ਤਾਂ 'ਆਪ' ਦੀ ਤਾਣੀ ਉਧੜਨੀ ਸ਼ੁਰੂ ਹੋਈ ਹੈ, ਫ਼ਿਲਮ ਅਜੇ ਬਾਕੀ ਹੈ | ਬਿਆਨ ਵਿਚ ਕਿਹਾ ਕਿ ਪੰਜਾਬ ਦੇ ਲੋਕ ਆਪਣੇ ਨਾਲ ਹੋਏ ਇਸ ਧੋਖੇ ਨੂੰ ਕਦੇ ਵੀ ਭੁੱਲਣ ਜਾਂ ਮੁਆਫ਼ ਕਰਨ ਵਾਲੇ ਨਹੀਂ ਹਨ ਤੇ ਲੋਕਾਂ ਦੇ ਭਰੋਸੇ ਨਾਲ ਖੇਡਣ ਵਾਲੀਆਂ ਸਿਆਸੀ ਪਾਰਟੀਆਂ ਨੂੰ ਆਉਣ ਵਾਲੇ ਸਮੇਂ ਵਿਚ ਜਵਾਬ ਦੇਣਾ ਪਵੇਗਾ |