ਜੇਠੂਵਾਲ, 27 ਅਪ੍ਰੈਲ (ਮਿੱਤਰਪਾਲ ਸਿੰਘ ਰੰਧਾਵਾ)-ਸ਼੍ਰੋਮਣੀ ਅਕਾਲੀ ਦਲ ਐੱਸ. ਸੀ. ਵਿੰਗ ਦੇ ਕੌਮੀ ਪ੍ਰਧਾਨ ਤੇ ਸਾਬਕਾ ਕੈਬਨਿਟ ਮੰਤਰੀ ਜਥੇਦਾਰ ਗੁਲਜ਼ਾਰ ਸਿੰਘ ਰਣੀਕੇ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੇ ਸੁਪਰੀਮੋ ਤੇ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਤਾਨਾਸ਼ਾਹੀ ਰਵੱਈਏ ਅਤੇ ਪਾਰਟੀ ਨੂੰ ਢਾਹ ਲਾਉਣ ਤੋਂ ਪ੍ਰੇਸ਼ਾਨ 'ਆਪ' ਦੇ 7 ਸੰਸਦ ਮੈਂਬਰਾਂ ਵਲੋਂ ਭਾਜਪਾ ਵਿਚ ਸ਼ਾਮਿਲ ਹੋਣ ਨਾਲ ਮੌਜੂਦਾ ਪੰਜਾਬ ਵਿਚ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ 'ਆਪ' ਸਰਕਾਰ ਦੀ ਸਥਿਤੀ ਵੀ ਡਾਵਾਂ ਡੋਲ ਦਿਖਾਈ ਦੇ ਰਹੀ ਹੈ, ਇਸ ਸਰਕਾਰ ਵਿਚ ਵੀ ਬਗਾਵਤ ਦੀਆਂ ਸੁਰਾਂ ਅੰਦਰ ਖਾਤੇ ਵੱਧ ਗਈਆਂ ਹਨ ਕਿਉਂਕਿ 'ਆਪ' ਦੇ ਵਿਧਾਇਕ ਆਪਣੀ ਸਰਕਾਰ ਵਿਚ ਕੋਈ ਸੁਣਵਾਈ ਨਾ ਹੋਣ ਕਾਰਨ ਨਿਰਾਸ਼ਾ ਦੇ ਆਲਮ ਵਿਚ ਦਿਖਾਈ ਦੇ ਰਹੇ ਹਨ ਅਤੇ ਉਹ ਕਿਸੇ ਵੀ ਵਕਤ ਪਾਰਟੀ ਨੂੰ ਛੱਡ ਕੇ ਭਾਜਪਾ ਦਾ ਪੱਲਾ ਫੜਨ ਲਈ ਤਿਆਰ ਬੈਠੇ ਹਨ ਜਿਸ ਨਾਲ 'ਆਪ' ਸਰਕਾਰ ਆਖ਼ਰੀ ਸਾਹਾਂ 'ਤੇ ਚੱਲ ਰਹੀ ਹੈ | ਉਨ੍ਹਾਂ ਕਿਹਾ ਕਿ ਸੂਬੇ ਵਿਚ 2027 'ਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ 'ਚ 'ਆਪ' ਨੂੰ ਆਪਸੀ ਬਗਾਵਤ ਹੀ ਲੈ ਡੁਬੇਗੀ ਅਤੇ ਸੂਬੇ 'ਚ ਲੋਕ ਹੱਕ ਸੱਚ ਦੀ ਆਵਾਜ਼ ਉਠਾਉਣ ਵਾਲੀ ਅਕਾਲੀ ਦਲ ਪਾਰਟੀ ਦੀ ਸਰਕਾਰ ਬਣਾ ਕੇ ਇਹ ਸਬੂਤ ਦੇਣਗੇ ਕਿ ਪੰਜਾਬ ਨਾਲ ਧੋਖਾ ਕਰਨ ਵਾਲਿਆਂ ਨੂੰ ਬਾਹਰ ਦਾ ਰਸਤਾ ਵਿਖਾਇਆ ਹੈ | ਇਸ ਮੌਕੇ ਸ਼੍ਰੋਮਣੀ ਕਮੇਟੀ ਮੈਂਬਰ ਮੰਗਵਿੰਦਰ ਸਿੰਘ ਖਾਪੜ ਖੇੜੀ, ਸ਼੍ਰੋਮਣੀ ਕਮੇਟੀ ਮੈਂਬਰ ਗੁਰਵਿੰਦਰ ਪਾਲ ਸਿੰਘ ਲਾਲੀ ਰਣੀਕੇ, ਸਾਬਕਾ ਸਰਪੰਚ ਧਰਮਬੀਰ ਸਿੰਘ ਸੋਹੀ, ਬਲਜਿੰਦਰ ਸਿੰਘ ਬੁੱਟਰ ਜੇਠੂਵਾਲ, ਸ਼ਰਨਬੀਰ ਸਿੰਘ ਸੋਹੀ, ਗੱਜਣ ਸਿੰਘ ਔਲਖ, ਕਰਮ ਸਿੰਘ ਗਿੱਲ ਜੇਠੂਵਾਲ, ਸੁਖਬੀਰ ਸਿੰਘ ਸੋਖਲ ਆਦਿ ਅਕਾਲੀ ਵਰਕਰ ਸ਼ਾਮਿਲ ਸਨ |