ਅੰਮਿ੍ਤਸਰ, 1 ਮਈ (ਹਰਮਿੰਦਰ ਸਿੰਘ)-ਨਗਰ ਨਿਗਮ ਪੈਨਸ਼ਨਰਜ਼ ਯੂਨੀਅਨ ਅਹੁਦੇਦਾਰਾਂ ਦੀ ਮੀਟਿੰਗ ਰਣਜੀਤ ਐਵੇਨਿਊ ਦਫਤਰ ਵਿਖੇ ਪ੍ਰਧਾਨ ਕਰਮਜੀਤ ਸਿੰਘ ਕੇ. ਪੀ. ਦੀ ਪ੍ਰਧਾਨਗੀ ਹੇਠ ਹੋਈ | ਇਸ ਦੌਰਾਨ ਨਿਗਮ ਪ੍ਰਸ਼ਾਸਨ ਪ੍ਰਤੀ ਰੋਸ ਪ੍ਰਗਟ ਕਰਦਿਆਂ ਕਰਮਜੀਤ ਸਿੰਘ ਕੇ. ਪੀ., ਬਲਜੀਤ ਸਿੰਘ ਬਾਜਵਾ, ਤਰਸੇਮ ਸਿੰਘ, ਪਰਵਿੰਦਰ ਸਿੰਘ, ਵਿਨੋਦ ਹਾਂਡਾ ਨੇ ਕਿਹਾ ਨਿਗਮ ਕਮਿਸ਼ਨਰ ਨੂੰ ਬਾਰ ਬਾਰ ਹੱਕੀ ਮੰਗਾਂ ਬਾਰੇ ਲਿਖ ਕੇ ਦੇਣ ਦੇ ਬਾਵਜੂਦ ਕੋਈ ਕਾਰਵਾਈ ਅਮਲ ਵਿਚ ਨਹੀਂ ਆਈ | ਉਨ੍ਹਾਂ ਕਿਹਾ ਕਿ ਬੀਤੇ ਦਿਨੀਂ ਯੂਨੀਅਨ ਨੇ ਲਿਖਤੀ ਰੂਪ 'ਚ ਨਿਗਮ ਕਮਿਸ਼ਨਰ ਕੋਲੋਂ ਆਪਣੀਆਂ ਮੰਗਾਂ ਸੰਬੰਧੀ ਮੀਟਿੰਗ ਦਾ ਸਮਾਂ ਮੰਗਿਆ ਗਿਆ ਸੀ ਪਰ ਕਮਿਸ਼ਨਰ ਵਲੋਂ ਇਸ ਸਬੰਧੀ ਸਮਾਂ ਨਹੀਂ ਦਿੱਤਾ ਗਿਆ | ਉਨ੍ਹਾਂ ਦੋਸ਼ ਲਗਾਇਆ ਕਿ ਨਗਰ ਨਿਗਮ ਦੇ ਪੈਨਸ਼ਨਰਾਂ ਨੂੰ ਅੱਖੋਂ ਪਰੋਖੇ ਕਰ ਕੇ ਡੰਗ ਟਪਾਇਆ ਜਾ ਰਿਹਾ ਹੈ | ਕਈ ਕਈ ਦਿਨ ਅਮਲਾ ਕਲਰਕ ਆਪਣੀਆਂ ਸੀਟਾਂ 'ਤੇ ਨਹੀਂ ਮਿਲਦੇ | ਭਿ੍ਸ਼ਟਾਚਾਰ ਹੱਦ ਟੱਪ ਗਿਆ ਹੈ | ਕੋਈ ਪੁੱਛਣ ਵਾਲਾ ਨਹੀਂ | ਪੈਨਸ਼ਨਰ ਹੁਣ ਇਹ ਲਾਰੇ ਲੱਪੇ ਬਰਦਾਸ਼ਤ ਨਹੀਂ ਕਰਨਗੇ | ਉਨ੍ਹਾਂ ਦੱਸਿਆ ਕਿ ਯੂਨੀਅਨ ਵਲੋਂ ਸਰਬਸੰਮਤੀ ਨਾਲ ਫੈਸਲਾ ਕੀਤਾ ਗਿਆ ਅਗਰ ਮੰਗਾਂ ਲੀਵ ਇਨ-ਕੈਸ਼ਮੈਂਟ, ਐੱਲ. ਟੀ. ਸੀ., ਪੇ ਕਮਿਸ਼ਨ ਦਾ ਬਕਾਇਆ ਆਦਿ 'ਤੇ ਕੋਈ ਕਾਰਵਾਈ ਨਾ ਹੋਈ ਤਾਂ ਯੂਨੀਅਨ ਵਲੋਂ 11 ਮਈ ਨੂੰ ਰੋਸ ਪ੍ਰਦਰਸ਼ਨ ਕਰਕੇ ਧਰਨਾ ਦੇ ਕੇ ਅਗਲੇ ਸੰਘਰਸ਼ ਦਾ ਐਲਾਨ ਕੀਤਾ ਜਾਵੇਗਾ | ਇਸ ਮੌਕੇ ਦਵਿੰਦਰ ਸਿੰਘ ਪੰਡੋਰੀ, ਜਸਪਾਲ ਸਿੰਘ ਸੋਹਲ, ਬਲਕਾਰ ਸਿੰਘ, ਅਮਰਪਾਲ ਸਿੰਘ, ਭੁਪਿੰਦਰ ਸਿੰਘ, ਦਲਬੀਰ ਸਿੰਘ, ਕਸ਼ਮੀਰ ਸਿੰਘ, ਬਲਜਿੰਦਰ ਸਿੰਘ, ਮਨਜੀਤ ਸਿੰਘ ਆਦਿ ਹਾਜ਼ਰ ਸਨ |