ਸੁਲਤਾਨਵਿੰਡ, 4 ਮਈ (ਗੁਰਨਾਮ ਸਿੰਘ ਬੁੱਟਰ)-ਪੰਜਾਬ ਸਰਕਾਰ ਤੇ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਵਲੋਂ ਲੁੱਟਾਂ ਖੋਹਾਂ ਤੇ ਯੁੱਧ ਨਸ਼ਿਆਂ ਵਿਰੁੱਧ ਚਲਾਈ ਗਈ ਮੁਹਿੰਮ ਤਹਿਤ ਪੁਲਿਸ ਥਾਣਾ ਸੁਲਤਾਨਵਿੰਡ ਵਲੋਂ ਰਿਮਾਂਡ ਦੌਰਾਨ ਇਕ ਦੋਸ਼ੀ ਤੋਂ ਕੀਤੀ ਗਈ ਪੁੱਛਗਿੱਛ ਦੌਰਾਨ ਉਸ ਦੀ ਨਿਸ਼ਾਨਦੇਹੀ 'ਤੇ ਅੱਜ 2 ਨਾਜਾਇਜ਼ ਪਿਸਟਲ ਬਰਾਮਦ ਕੀਤੇ ਗਏ ਹਨ | ਇਸ ਸੰਬੰਧੀ ਜਾਣਕਾਰੀ ਦਿੰਦਿਆਂ ਏ. ਡੀ. ਸੀ. ਪੀ. ਸਿਟੀ ਵਨ ਵਿਸ਼ਾਲਜੀਤ ਸਿੰਘ, ਏ. ਸੀ. ਪੀ. ਪ੍ਰੀਤਇੰਦਰ ਸਿੰਘ ਤੇ ਪੁਲਿਸ ਥਾਣਾ ਸੁਲਤਾਨਵਿੰਡ ਦੇ ਮੁੱਖ ਅਫ਼ਸਰ ਮੋਹਿਤ ਕੁਮਾਰ ਨੇ ਦੱਸਿਆ ਕਿ ਪਿਛਲੇ ਦਿਨੀ ਪੁਲਿਸ ਥਾਣਾ ਸੁਲਤਾਨਵਿੰਡ ਦੀ ਪੁਲਿਸ ਵਲੋਂ ਹਨੀ ਸਿੰਘ ਉਰਫ ਹਰਪ੍ਰੀਤ ਸਿੰਘ ਪੁੱਤਰ ਲਾਲ ਮਸੀਹ ਵਾਸੀ ਅਲਗੋ ਕਲਾਂ (ਨੇੜੇ ਅਲਗੋ ਕੋਠੀ) ਪੁਲਿਸ ਥਾਣਾ ਵਲਟੋਹਾ ਜ਼ਿਲ੍ਹਾ ਤਰਨਤਾਰਨ ਨੂੰ ਹੈਰੋਇਨ ਸਮੇਤ ਕਾਬੂ ਕੀਤਾ ਗਿਆ ਸੀ | ਉਨ੍ਹਾਂ ਦੱਸਿਆ ਕਿ ਹਨੀ ਸਿੰਘ ਨੂੰ ਮਾਣਯੋਗ ਅਦਾਲਤ ਵਿਚ ਪੇਸ਼ ਕਰਕੇ ਕੁਝ ਦਿਨ ਲਈ ਪੁਲਿਸ ਰਿਮਾਂਡ ਹਾਸਿਲ ਹੋਇਆ ਸੀ, ਜਿਸ ਤੋਂ ਬਾਅਦ ਹਨੀ ਸਿੰਘ ਕੋਲੋਂ ਪੁਲਿਸ ਵਲੋਂ ਸਖ਼ਤੀ ਨਾਲ ਕੀਤੀ ਗਈ ਪੁੱਛਗਿੱਛ ਦੌਰਾਨ ਉਸ ਕੋਲੋਂ 2 ਨਾਜਾਇਜ਼ ਪਿਸਟਲ ਜਿਨ੍ਹਾਂ ਵਿਚ ਇਕ ਪਿਸਟਲ 32 ਬੋਰ 5 ਜ਼ਿੰਦਾ ਰੌਂਦ ਤੇ ਇਕ ਪਿਸਟਲ 30 ਬੋਰ ਬਰਾਮਦ ਕੀਤੇ ਗਏ ਹਨ | ਇਹ ਪਿਸਟਲ ਹਨੀ ਸਿੰਘ ਨੇ ਸੁਲਤਾਨਵਿੰਡ ਦੀ ਅੱਪਰ ਦੁਆਬ ਨਹਿਰ ਨੇੜਿਓਾ ਬਰਾਮਦ ਕਰਵਾਏ ਹਨ | ਉਨ੍ਹਾਂ ਦੱਸਿਆ ਕਿ ਅੱਜ ਫੇਰ ਹਨੀ ਸਿੰਘ ਨੂੰ ਮਾਣਯੋਗ ਅਦਾਲਤ ਵਿਚ ਪੇਸ਼ ਕਰਕੇ ਕੁਝ ਦਿਨ ਲਈ ਰਿਮਾਂਡ ਹਾਸਿਲ ਕੀਤਾ ਜਾਵੇਗਾ ਤਾਂ ਜੋ ਇਸ ਕੋਲੋਂ ਹੋਰ ਵੀ ਹਥਿਆਰ ਬਰਾਮਦ ਹੋ ਸਕਣ | ਉਨ੍ਹਾਂ ਇਹ ਵੀ ਦੱਸਿਆ ਕਿ ਹਨੀ ਸਿੰਘ 'ਤੇ ਪਹਿਲਾਂ ਵੀ ਤਰਨਤਾਰਨ ਤੇ ਅੰਮਿ੍ਤਸਰ ਦੇ ਵੱਖ-ਵੱਖ ਥਾਣਿਆਂ ਵਿਚ ਕਈ ਮਾਮਲੇ ਦਰਜ ਹਨ, ਜਿਨ੍ਹਾਂ ਵਿਚ ਹਨੀ ਸਿੰਘ ਭਗੌੜਾ ਚੱਲਿਆ ਆ ਰਿਹਾ ਸੀ |
ਰਿਮਾਂਡ 'ਤੇ ਲਏ ਗਏ ਦੋਸ਼ੀ ਹਨੀ ਸਿੰਘ ਕੋਲੋਂ ਪੁੱਛਗਿੱਛ ਦੌਰਾਨ 2 ਨਾਜਾਇਜ਼ ਪਿਸਟਲ ਤੇ 5 ਜ਼ਿੰਦਾ ਰੌਂਦ ਬਰਾਮਦ <br/>
ਅਜੀਤ ਡੈਸਕ
05-05-2026