ਅੰਮਿ੍ਤਸਰ, 4 ਮਈ (ਸੁਰਿੰਦਰਪਾਲ ਸਿੰਘ ਵਰਪਾਲ)-ਭਾਰਤ ਸਰਕਾਰ ਵਲੋਂ ਸ਼ੁਰੂ ਕੀਤੀ ਗਈ ਆਪਣੇ ਆਪ 'ਤੇ ਜਨਗਣਨਾ ਨੂੰ ਲੈ ਕੇ ਜ਼ਿਲ੍ਹਾ ਸਿੱਖਿਆ ਅਧਿਕਾਰੀ (ਸ) ਰਾਜੇਸ਼ ਕੁਮਾਰ ਸ਼ਰਮਾ ਨੇ ਅਧਿਆਪਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਇਸ ਰਾਸ਼ਟਰੀ ਕਰਤੱਵ 'ਚ ਵੱਧ-ਚੜ੍ਹ ਕੇ ਹਿੱਸਾ ਲੈਣ | ਰਾਜੇਸ਼ ਕੁਮਾਰ ਸ਼ਰਮਾ ਨੇ ਕਿਹਾ ਕਿ ਸਵੈ-ਗਣਨਾ ਕਰਨਾ ਸਿਰਫ ਇਕ ਪ੍ਰਕਿਰਿਆ ਹੀ ਨਹੀਂ, ਸਗੋਂ ਦੇਸ਼ ਪ੍ਰਤੀ ਸਾਡੀ ਵਫ਼ਾਦਾਰੀ ਅਤੇ ਕਰਤੱਵ ਦਾ ਪ੍ਰਤੀਕ ਹੈ | ਉਨਾਂ ਸਪੱਸ਼ਟ ਕੀਤਾ ਕਿ ਇਹ ਤੁਹਾਡਾ ਰਾਸ਼ਟਰੀ ਕਰਤੱਵ ਹੈ ਅਤੇ 15 ਮਈ ਤੋਂ ਬਾਅਦ ਘਰ-ਘਰ ਜਾ ਕੇ ਗਣਨਾ ਕੀਤੀ ਜਾਵੇਗੀ | ਇਸ ਮੌਕੇ ਸੈਂਸਸ ਦੇ ਮਾਸਟਰ ਟ੍ਰੇਨਰ ਰਜਵਿੰਦਰ ਸਿੰਘ ਅਤੇ ਫੀਲਡ ਟ੍ਰੇਨਰ ਅੰਮਿ੍ਤਪਾਲ ਸਿੰਘ ਨੇ ਅਧਿਆਪਕਾਂ ਅਤੇ ਸ਼ਹਿਰ ਵਾਸੀਆਂ ਨੂੰ ਸਵੈ-ਗਣਨਾ ਪ੍ਰਤੀ ਜਾਗਰੂਕ ਕਰਨ ਲਈ ਵਿਸ਼ੇਸ਼ ਮੁਹਿੰਮ ਚਲਾਈ | ਉਨ੍ਹਾਂ ਦੱਸਿਆ ਕਿ ਸਵੈ-ਗਣਨਾ ਦੀ ਪ੍ਰਕਿਰਿਆ ਨੂੰ ਆਸਾਨ ਬਣਾਉਣ ਲਈ ਵੈੱਬਸਾਈਟ 'ਤੇ ਉਪਲਬੱਧ 15 ਭਾਰਤੀ ਭਾਸ਼ਾਵਾਂ ਦੀ ਸਹਾਇਤਾ ਬਾਰੇ ਦੱਸਿਆ ਅਤੇ ਸਮਝਾਇਆ ਕਿ ਇਹ 20 ਮਿੰਟਾਂ ਵਿਚ ਘਰ ਬੈਠੇ ਪੂਰੀ ਕੀਤੀ ਜਾ ਸਕਦੀ ਹੈ | ਇਸ ਮੌਕੇ ਉਪ ਜ਼ਿਲ੍ਹਾ ਸਿੱਖਿਆ ਅਫਸਰ (ਸ) ਰਾਜੇਸ਼ ਖੰਨਾ ਵੀ ਹਾਜ਼ਰ ਸਨ |