ਸੁਲਤਾਨਵਿੰਡ, 5 ਮਈ (ਗੁਰਨਾਮ ਸਿੰਘ ਬੁੱਟਰ)-ਹਲਕਾ ਦੱਖਣੀ ਦੇ ਮੁੱਖ ਕਾਂਗਰਸੀ ਆਗੂ ਜਗਦੀਪ ਸਿੰਘ ਰਿੰਕੂ ਨਰੂਲਾ ਦੀ ਅਗਵਾਈ ਹੇਠ ਪਿੰਡ ਸੁਲਤਾਨਵਿੰਡ ਦੇ ਛੇ ਵਾਰਡ ਪੰਡੋਰਾ ਵਿਖੇ ਪੰਜਾਬ ਸਰਕਾਰ ਖ਼ਿਲਾਫ਼ ਰੋਸ ਪ੍ਰਦਰਸ਼ਨ ਕੀਤਾ ਗਿਆ | ਇਸ ਦੌਰਾਨ ਸੈਂਕੜੇ ਮਹਿਲਾਵਾਂ ਅਤੇ ਇਲਾਕਾ ਵਾਸੀਆਂ ਨੇ ਸਰਕਾਰ ਵਿਰੁੱਧ ਨਾਅਰੇਬਾਜ਼ੀ ਕਰਦਿਆਂ ਇਲਾਕੇ ਵਿਚ ਰੋਸ ਮਾਰਚ ਕੱਢਿਆ | ਪ੍ਰਦਰਸ਼ਨ ਦੌਰਾਨ ਲੋਕਾਂ ਨੇ ਇਲਾਕੇ ਦੀਆਂ ਮਹਿਲਾਵਾਂ ਨੂੰ ਹਰ ਮਹੀਨੇ ਇਕ ਹਜਾਰ ਰੁਪਏ ਦੇਣ ਦੇ ਵਾਅਦੇ ਨੂੰ 'ਚੋਣੀ ਝੂਠ' ਕਰਾਰ ਦਿੰਦਿਆਂ ਸਰਕਾਰ 'ਤੇ ਲੋਕਾਂ ਨੂੰ ਗੁੰਮਰਾਹ ਕਰਨ ਦੇ ਦੋਸ਼ ਲਗਾਇਆ | ਇਲਾਕਾ ਵਾਸੀਆਂ ਕਿਹਾ ਕਿ ਸਰਕਾਰ ਨੇ ਗਰੀਬ ਪਰਿਵਾਰਾਂ ਨੂੰ ਸੁਪਨੇ ਦਿਖਾ ਕੇ ਵੋਟਾਂ ਲਈਆਂ, ਪਰ ਸੱਤਾ ਵਿਚ ਆਉਣ ਤੋਂ ਬਾਅਦ ਆਪਣੇ ਵਾਅਦਿਆਂ ਤੋਂ ਮੁੱਕਰ ਗਈ | ਇਸ ਮੌਕੇ ਰਿੰਕੂ ਨਰੂਲਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਹੁਣ ਸਿਰਫ਼ ਝੂਠੇ ਦਾਅਵਿਆਂ ਦੀ ਸਰਕਾਰ ਬਣ ਕੇ ਰਹਿ ਗਈ ਹੈ | ਉਨ੍ਹਾਂ ਕਿਹਾ ਕਿ ਲੋਕਾਂ ਨੇ ਨਸ਼ਾ ਖ਼ਤਮ ਕਰਨ ਅਤੇ ਬਿਹਤਰ ਲਾਅ ਐਂਡ ਆਰਡਰ ਦੇ ਵਾਅਦਿਆਂ 'ਤੇ ਭਰੋਸਾ ਕਰਕੇ ਆਪ ਸਰਕਾਰ ਬਣਾਈ ਸੀ, ਪਰ ਚਾਰ ਸਾਲਾਂ ਵਿਚ ਹਾਲਾਤ ਹੋਰ ਵੀ ਖ਼ਰਾਬ ਹੋ ਗਏ ਹਨ | ਲੋਕਾਂ ਨੇ ਨਸ਼ੇ ਦੇ ਮਸਲੇ 'ਤੇ ਵੀ ਸਰਕਾਰ ਖ਼ਿਲਾਫ਼ ਜੰਮ ਕੇ ਭੜਾਸ ਕੱਢੀ ਅਤੇ ਕਿਹਾ ਕਿ ਪੰਜਾਬ ਦਾ ਨੌਜਵਾਨ ਅਜੇ ਵੀ ਨਸ਼ੇ ਦੀ ਲਪੇਟ ਵਿਚ ਹੈ | ਰਿੰਕੂ ਨਰੂਲਾ ਨੇ ਕਿਹਾ ਕਿ ਹੁਣ ਪੰਜਾਬ ਦੇ ਲੋਕ ਸਿਆਣੇ ਹੋ ਚੁੱਕੇ ਹਨ ਅਤੇ ਆਉਣ ਵਾਲੀਆਂ ਚੋਣਾਂ ਵਿਚ ਆਮ ਆਦਮੀ ਪਾਰਟੀ ਨੂੰ ਕਰਾਰਾ ਜਵਾਬ ਦੇਣਗੇ | ਉਨ੍ਹਾਂ ਕਿਹਾ ਕਿ ਇਕ ਗਰੀਬ ਪਰਿਵਾਰ ਨੂੰ ਇਕ ਹਜਾਰ ਪ੍ਰਤੀ ਮਹੀਨੇ ਦੇ ਸੁਪਨੇ ਦਿਖਾਉਣਾ ਸਭ ਤੋਂ ਵੱਡਾ ਧੋਖਾ ਸੀ ਅਤੇ ਆਉਣ ਵਾਲੇ ਸਮੇਂ 'ਚ ਲੋਕ ਆਪ ਸਰਕਾਰ ਨੂੰ ਬਾਹਰ ਦਾ ਰਸਤਾ ਦਿਖਾਉਣਗੇ ਅਤੇ ਕਾਂਗਰਸ ਦੇ ਨਾਂਅ 'ਤੇ ਜਿੱਤ ਦਾ ਫਤਵਾ ਦੇਣਗੇ | ਇਸ ਮੌਕੇ ਸੁਖਵਿੰਦਰ ਸਿੰਘ ਸ਼ੇਰਗਿੱਲ ਇਲਾਕੇ ਦੀਆਂ ਮਹਿਲਾਵਾਂ ਵੀ ਭਾਰੀ ਗਿਣਤੀ ਵਿਚ ਹਾਜ਼ਰ ਸਨ |
ਪਿੰਡ ਸੁਲਤਾਨਵਿੰਡ ਵਿਖੇ ਮਹਿਲਾਵਾਂ ਵਲੋਂ ਪੰਜਾਬ ਸਰਕਾਰ ਖ਼ਿਲਾਫ਼ ਰੋਸ ਪ੍ਰਦਰਸ਼ਨ <br/>
ਅਜੀਤ ਡੈਸਕ
06-05-2026