ਅੰਮਿ੍ਤਸਰ, 6 ਮਈ (ਸੁਰਿੰਦਰਪਾਲ ਸਿੰਘ ਵਰਪਾਲ)-ਗੁਰੂ ਨਾਨਕ ਦੇਵ ਯੂਨੀਵਰਸਿਟੀ ਵਲੋਂ ਅਕਾਦਮਿਕ ਸੈਸ਼ਨ 2026-27 ਲਈ ਅੰਡਰਗ੍ਰੈਜੂਏਟ, ਪੋਸਟਗ੍ਰੈਜੂਏਟ, ਡਿਪਲੋਮਾ ਅਤੇ ਸਰਟੀਫਿਕੇਟ ਪੱਧਰ ਦੇ 135 ਤੋਂ ਵੱਧ ਕੋਰਸਾਂ 'ਚ ਦਾਖ਼ਲਿਆਂ ਦਾ ਐਲਾਨ ਕਰ ਦਿੱਤਾ ਗਿਆ ਹੈ | ਇਹ ਦਾਖ਼ਲੇ ਯੂਨੀਵਰਸਿਟੀ ਦੇ ਮੁੱਖ ਕੈਂਪਸ ਅਤੇ ਰੀਜਨਲ ਕੈਂਪਸਾਂ 'ਚ ਕਰਵਾਏ ਜਾਣਗੇ | ਉਪ ਕੁਲਪਤੀ ਪ੍ਰੋ. ਕਰਮਜੀਤ ਸਿੰਘ ਨੇ ਦੱਸਿਆ ਕਿ ਗੁਰੂ ਨਾਨਕ ਦੇਵ ਯੂਨੀਵਰਸਿਟੀ ਪੰਜਾਬ ਦੀ ਇਕਲੌਤੀ ਯੂਨੀਵਰਸਿਟੀ ਹੈ ਜਿਸਨੂੰ ਕੈਟਾਗਰੀ-1 ਦਰਜਾ ਪ੍ਰਾਪਤ ਹੈ ਅਤੇ ਇਸ ਨੂੰ ਐਨਏਏਸੀ ਵਲੋਂ 3.85/4.0 ਸੀ.ਜੀ.ਪੀ.ਏ. ਨਾਲ ਏ++ ਗ੍ਰੇਡ ਮਿਲਿਆ ਹੈ, ਜੋ ਦੇਸ਼ ਦੀਆਂ ਯੂਨੀਵਰਸਿਟੀਆਂ 'ਚ ਸਭ ਤੋਂ ਉੱਚਾ ਹੈ | ਇਸ ਤੋਂ ਇਲਾਵਾ ਯੂਨੀਵਰਸਿਟੀ ਨੂੰ ਯੂਜੀਸੀ ਵਲੋਂ 'ਯੂਨੀਵਰਸਿਟੀ ਵਿਦ ਪੋਟੈਂਸ਼ਲ ਫਾਰ ਐਕਸੀਲੈਂਸ' ਦੇ ਦਰਜੇ ਦਾ ਮਾਣ ਵੀ ਦਿੱਤਾ ਗਿਆ ਹੈ | ਡੀਨ ਅਕਾਦਮਿਕ ਮਾਮਲੇ, ਪ੍ਰੋ. ਹਰਵਿੰਦਰ ਸਿੰਘ ਸੈਣੀ ਨੇ ਦੱਸਿਆ ਕਿ ਯੂਨੀਵਰਸਿਟੀ ਵਿਚ ਅੰਡਰਗ੍ਰੈਜੂਏਟ, ਪੋਸਟਗ੍ਰੈਜੂਏਟ, ਫਾਈਵ-ਈਅਰ ਇੰਟੀਗ੍ਰੇਟਡ, ਡਿਪਲੋਮਾ ਅਤੇ ਸਰਟੀਫਿਕੇਟ ਕੋਰਸਾਂ ਲਈ 8 ਮਈ ਤੋਂ ਰਜਿਸਟਰੇਸ਼ਨ ਤੋਂ ਸ਼ੁਰੂ ਹੋਵੇਗੀ | ਇਸ ਤੋਂ ਇਲਾਵਾ ਯੁਵਕ ਮਾਮਲੇ ਅਤੇ ਖੇਡ ਮੰਤਰਾਲਾ, ਭਾਰਤ ਸਰਕਾਰ ਵਲੋਂ ਸਪੋਰਟਸ ਮੈਡੀਸਨ ਦੇ ਕੋਰਸ ਵੀ ਉਪਲਬਧ ਹਨ | ਉਨ੍ਹਾਂ ਦੱਸਿਆ ਕਿ ਸਾਰੇ ਕੋਰਸਾਂ ਲਈ ਆਨਲਾਈਨ ਰਜਿਸਟ੍ਰੇਸ਼ਨ 8 ਮਈ 2026 ਤੋਂ ਯੂਨੀਵਰਸਿਟੀ ਦੇ ਦਾਖ਼ਲਾ ਪੋਰਟਲ ਰਾਹੀਂ ਸ਼ੁਰੂ ਹੋਵੇਗੀ | ਯੋਗਤਾ ਮਾਪਦੰਡ, ਦਾਖ਼ਲਾ ਸ਼ਡਿਊਲ, ਫੀਸ, ਸਕਾਲਰਸ਼ਿਪ ਤੇ ਵਿਦੇਸ਼ੀ/ਐੱਨਆਰਆਈ ਵਿਦਿਆਰਥੀਆਂ ਲਈ ਜਾਣਕਾਰੀ ਪ੍ਰੋਸਪੈਕਟਸ ਅਤੇ ਯੂਨੀਵਰਸਿਟੀ ਦੀ ਵੈੱਬਸਾਈਟ 'ਤੇ ਉਪਲਬਧ ਹੈ | ਉਨ੍ਹਾਂ ਦੱਸਿਆ ਕਿ ਐੱਲ.ਐੱਲ.ਬੀ. (3 ਸਾਲਾ) ਅਤੇ ਬੀ.ਏ. ਐਲਐਲ.ਬੀ. (5 ਸਾਲਾ) ਕੋਰਸਾਂ ਵਿੱਚ ਦਾਖ਼ਲਾ ਕੇਂਦਰੀ ਕੌਂਸਲਿੰਗ ਰਾਹੀਂ ਕੀਤਾ ਜਾਵੇਗਾ, ਜਦਕਿ ਪੀ.ਐੱਚ.ਡੀ. ਦਾਖ਼ਲਿਆਂ ਲਈ ਵੱਖਰਾ ਨੋਟੀਫਿਕੇਸ਼ਨ ਜਾਰੀ ਕੀਤਾ ਜਾਵੇਗਾ |