20-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-05-2026

ਸਿਰਫ਼ ਚੰਦ ਦਿਨਾਂ ਦਾ ਮਹਿਮਾਨ ਹੈ ਪੰਜਾਬ ਦਾ ਪਹਿਲਾ ਥੀਏਟਰੀਕਲ ਹਾਲ, ਛੱਤਾਂ ਅਤੇ ਅੰਦਰੂਨੀ ਢਾਂਚਾ ਕੀਤਾ ਢਹਿ-ਢੇਰੀ, ਜਲਦੀ ਜ਼ਮੀਨਦੋਜ਼ ਹੋਵੇਗਾ ਬਾਹਰੀ ਹਿੱਸਾ <br/>

Ad Position 21
No active advertisement
ਮਾਹਣਾ ਸਿੰਘ ਦਾ ਮੰਡੂਆ ਬਨਾਮ ਚਿੱਤਰਾ/ਕਰਾਊਨ ਸਿਨੇਮਾ ਬਾਹਰੀ ਬਚੇ ਢਾਂਚੇ ਦੀ ਤਸਵੀਰ | ਤਸਵੀਰ : ਹਰਜੀਤ ਸਿੰਘ <br/> ਪੰਜਾਬ ਦੇ ਪਹਿਲੇ ਥੀਏਟਰੀਕਲ ਹਾਲ 'ਕਰਾਊਨ ਸਿਨੇਮਾ' ਦੀ ਉਦਘਾਟਨ ਵਾਲੇ ਦਿਨ ਲਈ ਗਈ ਦੁਰਲਭ ਤਸਵੀਰ | ਤਸਵੀਰ ਰਾਹੀਂ : ਸੁਰਿੰਦਰ ਕੋਛੜ <br/> 07-05-2026
ਅੰਮਿ੍ਤਸਰ, 6 ਮਈ (ਸੁਰਿੰਦਰ ਕੋਛੜ)-ਲਗਪਗ 111 ਸਾਲ ਪੁਰਾਣਾ ਪੰਜਾਬ ਦਾ ਪਹਿਲਾ ਥੀਏਟਰੀਕਲ ਹਾਲ ਹੁਣ ਸਿਰਫ਼ ਚੰਦ ਦਿਨਾਂ ਜਾਂ ਹਫ਼ਤਿਆਂ ਦਾ ਪ੍ਰਾਹੁਣਾ ਹੈ, ਕਿਉਂਕਿ ਇਸ ਦੀਆਂ ਛੱਤਾਂ ਅਤੇ ਕੁਝ ਹੋਰ ਢਾਂਚਿਆਂ ਨੂੰ ਢਹਿ ਢੇਰੀ ਕਰ ਦਿੱਤਾ ਗਿਆ ਹੈ ਅਤੇ ਜਲਦੀ ਹੀ ਬਾਹਰੀ ਹਿੱਸੇ ਨੂੰ ਵੀ ਜ਼ਮੀਨਦੋਜ਼ ਕਰ ਦਿੱਤਾ ਜਾਵੇਗਾ | ਪਿਛਲੇ ਲੰਬੇ ਸਮੇਂ ਤੋਂ ਬੰਦ ਪਏ ਇਸ ਥੀਏਟਰੀਕਲ ਹਾਲ ਦੇ ਬਾਹਰ ਮੌਜੂਦ ਦੁਕਾਨਾਂ ਪਹਿਲਾਂ ਹੀ ਖਾਲੀ ਕਰਵਾ ਲਈਆਂ ਗਈਆਂ ਹਨ | ਸਥਾਨਕ ਹਾਲ ਦਰਵਾਜ਼ੇ ਦੇ ਬਾਹਰ ਅੰਜੁਮਨ ਪਾਰਕ ਦੇ ਨਾਲ ਸੰਨ 1909 'ਚ ਮਾਹਣਾ ਸਿੰਘ ਨਾਗੀ ਨੇ ਖੁੱਲ੍ਹੀ ਬੋਲੀ 'ਚ 23 ਹਜ਼ਾਰ 'ਚ ਥਾਂ ਖ਼ਰੀਦ ਕੇ ਮਦਨ ਥੀਏਟਰ ਕੰਪਨੀ ਕਲਕੱਤਾ ਦੀ ਸਲਾਹ 'ਤੇ ਸਿਨੇਮਾ ਬਣਾਉਣਾ ਸ਼ੁਰੂ ਕੀਤਾ, ਜੋ ਸੰਨ 1915 'ਚ ਮੁਕੰਮਲ ਹੋਇਆ | ਸਿਨੇਮਾ ਹਾਲ ਦੀ ਇਮਾਰਤ ਲਈ ਨੀਂਹ 20 ਫੁੱਟ ਡੂੰਘੀ ਖੋਦੀ ਗਈ ਤੇ ਉਸ ਉੱਪਰ 8 ਫੁੱਟ ਚੌੜੀਆਂ ਕੰਧਾਂ ਖੜ੍ਹੀਆਂ ਕੀਤੀਆਂ ਗਈਆਂ | ਇਸ ਸਿਨੇਮਾ ਹਾਲ 'ਚ ਲੱਗਣ ਵਾਲੀਆਂ ਇੱਟਾਂ ਮਾਹਣਾ ਸਿੰਘ ਨੇ ਆਪਣੇ ਭੱਠੇ ਤੋਂ ਬਣਵਾ ਕੇ ਲਗਾਈਆਂ, ਜਿਨ੍ਹਾਂ 'ਤੇ ਅੱਜ ਵੀ ਐੱਮ. ਐੱਸ. (ਮਾਹਣਾ ਸਿੰਘ) ਉੱਕਰਿਆ ਸਾਫ਼ ਪੜਿ੍ਹਆ ਜਾ ਸਕਦਾ ਹੈ | ਸਿਨੇਮਾ ਹਾਲ ਦੇ ਤਿਆਰ ਹੋਣ 'ਤੇ ਇਸ ਦਾ ਨਾਂ 'ਕਰਾਊਨ ਸਿਨੇਮਾ : ਮਾਹਣਾ ਸਿੰਘ ਥੀਏਟਰੀਕਲ ਹਾਲ' ਰਖਿਆ ਗਿਆ, ਪਰ ਜ਼ਿਆਦਾਤਰ ਲੋਕ ਇਸ ਨੂੰ ਮਾਹਣਾ ਸਿੰਘ ਦਾ ਮੰਡੂਆ ਕਹਿ ਕੇ ਸੰਬੋਧਿਤ ਕਰਦੇ ਸਨ | 15 ਜੂਨ 1915 ਨੂੰ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਸੀ. ਐੱਮ. ਕਿੰਗ ਨੇ ਸੋਨੇ ਦੀ ਚਾਬੀ ਨਾਲ ਸਿਨੇਮਾ ਹਾਲ ਦਾ ਦਰਵਾਜ਼ਾ ਖੋਲ੍ਹ ਕੇ ਇਸ ਦਾ ਉਦਘਾਟਨ ਕੀਤਾ ਅਤੇ ਸਿਨੇਮਾ ਹਾਲ ਦੇ ਉੱਪਰ ਯੂਨੀਅਨ ਜੈੱਕ ਲਗਾਉਣ ਦੀ ਮਨਜ਼ੂਰੀ ਦਿੱਤੀ | ਇਸ ਦੇ ਹਾਲ 'ਚ ਦੋ ਹਜ਼ਾਰ ਦਰਸ਼ਕਾਂ ਦੇ ਬੈਠਣ ਦਾ ਪ੍ਰਬੰਧ ਕੀਤਾ ਗਿਆ ਸੀ | ਇਸ ਦੇ ਇਲਾਵਾ ਹਾਲ ਦੇ ਨਾਲ ਹੀ ਨਾਟਕ ਪੇਸ਼ ਕਰਨ ਆਏ ਕਲਾਕਾਰਾਂ ਤੇ ਪੰਜਾਬ ਦੇ ਦੁਰ-ਦਰਾਜ਼ ਸ਼ਹਿਰਾਂ ਤੋਂ ਸਿਨੇਮਾ ਵੇਖਣ ਆਏ ਦਰਸ਼ਕਾਂ ਲਈ ਇਕ ਰੈਸਟੋਰੇਂਟ ਅਤੇ ਰਹਿਣ ਲਈ ਹੋਟਲ ਵੀ ਬਣਾਇਆ ਗਿਆ | ਉਸ ਸਮੇਂ ਇਹ ਪੰਜਾਬ ਦਾ ਪਹਿਲਾ ਅਤੇ ਸਭ ਤੋਂ ਵੱਡਾ ਥੀਏਟਰੀਕਲ ਸਿਨੇਮਾ ਹਾਲ ਸੀ ਅਤੇ ਇਸ ਦੇ ਸ਼ੋਅ ਰਾਤ ਨੂੰ 9.30 ਵਜੇ ਸ਼ੁਰੂ ਹੋ ਕੇ ਸਵੇਰੇ 5 ਵਜੇ ਤੱਕ ਚਲਦੇ ਸਨ | ਉਸ ਸਮੇਂ ਸ਼ਹਿਰ 'ਚ ਬਿਜਲੀ ਸ਼ੁਰੂ ਨਹੀਂ ਹੋਈ ਸੀ, ਇਸ ਲਈ ਸਿਨੇਮੇ ਦੀ ਸਜਾਵਟ ਲਈ ਲਗਾਈਆਂ ਗਈਆਂ ਬਾਹਰੀ ਲਾਈਟਾਂ ਅਤੇ ਪ੍ਰੋਜੈਕਟਰ ਨੂੰ ਚਲਾਉਣ ਲਈ ਛੋਟੇ ਸਟੀਕ ਇੰਜਨ ਲਗਾਏ ਗਏ | ਦੱਸਿਆ ਜਾਂਦਾ ਹੈ ਕਿ ਉਨ੍ਹੀਂ ਦਿਨੀਂ ਲੋਕਾਂ ਨੂੰ ਸਿਨੇਮਾ 'ਚ ਫ਼ਿਲਮ ਵੇਖਣ ਦੀ ਆਦਤ ਨਾ ਹੋਣ ਕਰਕੇ ਉਨ੍ਹਾਂ 'ਚ ਦਿਲਚਸਪੀ ਪੈਦਾ ਕਰਨ ਲਈ ਛੇ ਮਹੀਨੇ ਤਕ ਮੁਫ਼ਤ ਸ਼ੋਅ ਵੀ ਵਿਖਾਏ ਗਏ | ਇਸ ਦੇ ਇਲਾਵਾ ਇਕ ਯੂਰਪੀਅਨ ਮਿ. ਲੂਈਸ ਨੂੰ ਮੈਨੇਜਰ ਵੀ ਨਿਯੁਕਤ ਕੀਤਾ ਗਿਆ | ਇੱਥੋਂ ਤਕ ਕਿ ਥੀਏਟਰ ਦਾ ਨਾਂ ਬਦਲ ਕੇ ਪਹਿਲਾਂ ਪਰਲ ਥੀਏਟਰ, ਫਿਰ ਨਿਊ ਚਿੱਤਰਾ ਥੀਏਟਰ ਤੇ ਚਿੱਤਰਾ ਟਾਕੀ ਵੀ ਰਖਿਆ ਗਿਆ, ਪਰ ਮਾਹਣਾ ਸਿੰਘ ਨੂੰ ਇਹ ਸਿਨੇਮਾ ਕੋਈ ਵਿਸ਼ੇਸ਼ ਲਾਭ ਨਾ ਦੇ ਸਕਿਆ | ਮਾਹਣਾ ਸਿੰਘ ਦੇ ਦੇਹਾਂਤ ਤੋਂ ਬਾਅਦ ਇਹ ਸਿਨੇਮਾ ਵੱਖ-ਵੱਖ ਖ਼ਰੀਦਦਾਰਾਂ ਵਲੋਂ ਖ਼ਰੀਦਿਆ ਗਿਆ, ਪਰ ਕੋਈ ਵੀ ਇਸ ਸਿਨੇਮਾ ਦੀ ਕਿਸਮਤ ਨਾ ਬਦਲ ਸਕਿਆ ਤੇ ਜਲਦੀ ਬਾਅਦ ਇਹ ਬੰਦ ਕਰ ਦਿੱਤਾ ਗਿਆ |

Ad Position 22
No active advertisement
ਪਿਛਲੀ ਖ਼ਬਰ ਬੀ.ਐੱਸ.ਸੀ. (ਆਈ.ਟੀ.) 'ਚ ਚਮਕਿਆ ਡੀ.ਏ.ਵੀ. ਕਾਲਜ ਦਾ ਹਰੀਓਮ <br/> ਅਗਲੀ ਖ਼ਬਰ ਝੋਨੇ ਦੀ ਸਿੱਧੀ ਬਿਜਾਈ ਕਰਨ ਵਾਲੇ ਕਿਸਾਨਾਂ ਨੂੰ 1500 ਰੁਪਏ ਪ੍ਰਤੀ ਏਕੜ ਮਿਲੇਗੀ ਪ੍ਰੋਤਸਾਹਨ ਰਾਸ਼ੀ-ਮੁੱਖ ਖੇਤੀਬਾੜੀ...
Ad Position 24