ਅੰਮਿ੍ਤਸਰ, 14 ਮਈ (ਹਰਮਿੰਦਰ ਸਿੰਘ)-ਕੇਂਦਰੀ ਰੇਲ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਵਲੋਂ ਅੰਮਿ੍ਤਸਰ ਸਮੇਤ ਪੰਜਾਬ ਦੀ ਰੇਲ ਸੰਪਰਕ ਦਾ ਵਿਸਥਾਰ ਕਰਨ ਅਤੇ ਅੰਮਿ੍ਤਸਰ ਰੇਲਵੇ ਸਟੇਸ਼ਨ ਤੋਂ ਜਲਪਾਈਗੁੜੀ (ਪੱਛਮੀ ਬੰਗਾਲ) ਤੱਕ ਚੱਲਣ ਵਾਲੀ ਅੰਮਿ੍ਤ ਐਕਸਪ੍ਰੈਸ ਰੇਲਗੱਡੀ ਨੂੰ ਰਵਾਨਾ ਕੀਤੇ ਜਾਣ 'ਤੇ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਹਰਵਿੰਦਰ ਸਿੰਘ ਸੰਧੂ ਨੇ ਸ: ਬਿਟੂ ਦਾ ਧੰਨਵਾਦ ਕੀਤਾ | ਉਨ੍ਹਾਂ ਕਿਹਾ ਕਿ ਇਹ ਨਵੀਂ ਰੇਲ ਸੇਵਾ ਉੱਤਰੀ ਭਾਰਤ ਅਤੇ ਉੱਤਰ-ਪੂਰਬੀ ਭਾਰਤ ਵਿਚਕਾਰ ਵਪਾਰ ਅਤੇ ਸੈਰ-ਸਪਾਟੇ ਨੂੰ ਉਤਸ਼ਾਹਿਤ ਕਰਨ ਵਿਚ ਇਕ ਮੀਲ ਪੱਥਰ ਸਾਬਤ ਹੋਵੇਗੀ | ਇਸ ਨਾਲ ਵੱਡੀ ਗਿਣਤੀ ਵਿਚ ਕਾਮਿਆਂ, ਵਪਾਰੀਆਂ ਅਤੇ ਸ਼ਰਧਾਲੂਆਂ ਨੂੰ ਲਾਭ ਹੋਵੇਗਾ | ਉਨ੍ਹਾਂ ਕਿਹਾ ਕਿ ਜਦੋਂ ਰੇਲਵੇ ਰਾਜ ਮੰਤਰੀ ਰਵਨੀਤ ਬਿੱਟੂ ਨੇ ਹਾਲ ਹੀ ਵਿਚ ਅੰਮਿ੍ਤਸਰ ਦਾ ਦੌਰਾ ਕੀਤਾ ਸੀ, ਤਾਂ ਉਨ੍ਹਾਂ ਨੇ ਅੰਮਿ੍ਤਸਰ ਰੇਲਵੇ ਸਟੇਸ਼ਨ ਦਾ ਨਿਰੀਖਣ ਕੀਤਾ ਸੀ | ਕੁਝ ਦਿਨਾਂ ਦੇ ਅੰਦਰ, ਉਨ੍ਹਾਂ ਨੇ ਅੰਮਿ੍ਤਸਰ ਰੇਲਵੇ ਸਟੇਸ਼ਨ ਨੂੰ ਵਿਸ਼ਵ ਪੱਧਰੀ ਸਹੂਲਤਾਂ ਨਾਲ ਭਰਪੂਰ ਕਰਨ, ਪਲੇਟਫਾਰਮਾਂ ਦੀ ਗਿਣਤੀ ਵਧਾਉਣ ਅਤੇ ਇਕ ਨਵੀਂ 11 ਮੰਜ਼ਿਲਾ ਇਮਾਰਤ ਬਣਾਉਣ ਦੇ ਪੂਰੇ ਪ੍ਰੋਜੈਕਟ ਦਾ ਐਲਾਨ ਕੀਤਾ | ਇਸ ਪੂਰੇ ਪ੍ਰੋਜੈਕਟ ਲਈ 500 ਕਰੋੜ ਤੋਂ ਵੱਧ ਦਾ ਬਜਟ ਵੀ ਮਨਜ਼ੂਰ ਕਰ ਲਿਆ ਗਿਆ ਹੈ | ਕੰਮ ਬਹੁਤ ਜਲਦੀ ਸ਼ੁਰੂ ਹੋ ਜਾਵੇਗਾ |
ਰਵਨੀਤ ਬਿੱਟੂ ਨੂੰ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਨੇ ਕੀਤਾ ਸਨਮਾਨਿਤ <br/>
ਅਜੀਤ ਡੈਸਕ
15-05-2026