ਅੰਮਿ੍ਤਸਰ, 14 ਮਈ (ਰੇਸ਼ਮ ਸਿੰਘ)ਜਿਥੇ ਸਰਵਰ ਡਾਊਨ ਰਹਿਣ ਕਾਰਨ ਬਾਕੀ ਵਿਭਾਗਾਂ ਦੇ ਕੰਮ ਕਾਜ਼ 'ਚ ਰੁਕਾਵਟ ਆਉਣ ਦੀ ਖ਼ਬਰ ਮਿਲੀ ਹੈ ਉਥੇ ਜ਼ਿਲਾ ਕਚਿਹਰੀਆਂ 'ਚ ਸਥਿਤ ਤਹਿਸੀਲਾਂ ਦਾ ਕੰਮ ਕਾਜ਼ ਵੀ ਪ੍ਰਭਾਵਿਤ ਹੋਇਆ ਹੈ | ਵਕੀਲ ਮਹਿੰਦਰਪਾਲ ਗੁਪਤਾ ਨੇ ਦੱਸਿਆ ਕਿ ਬੀਤੇ ਦਿਨ 12 ਵਜੇ ਤੋਂ ਬਾਅਦ ਰਜਿਸਟਰੀਆਂ ਦਾ ਸਰਵਰ ਕੰਮ ਨਹੀਂ ਕਰ ਰਿਹਾ, ਜਿਸ ਕਾਰਨ ਲੋਕਾਂ ਨੂੰ ਬੈ ਨਾਮੇ ਤੇ ਹੋਰ ਦਸਤਾਵੇਜ ਤਸਦੀਕ ਕਰਵਾਉਣ ਲਈ ਮੰਜ਼ੂਰੀ ਲੈਣ ਅਤੇ ਨਵੀਆਂ ਅਪਵਾਇੰਟਮੈਂਟ ਨਹੀਂ ਮਿਲ ਰਹੀਆਂ | ਉਨ੍ਹਾਂ ਸਰਕਾਰ ਨੂੰ ਅਪੀਲ ਕੀਤੀ ਕਿ ਉਹ ਸਰਵਰ ਡਾਊਨ ਦਾ ਪੱਕਾ ਹੱਲ ਕਢੇ ਜੋ ਕਿ ਅਕਸਰ ਡਾਊਨ ਰਹਿੰਦਾ ਹੈ | ਦੂਜੇ ਪਾਸੇ ਅੱਜ ਸਰਵਰ ਆਮ ਵਾਂਗ ਚਲਣ ਨਾਲ ਰਜਿਸਟਰੀਆਂ ਦਾ ਕੰਮ ਸ਼ੁਰੂ ਹੋ ਗਿਆ |