ਅੰਮਿ੍ਤਸਰ, 14 ਮਈ (ਹਰਮਿੰਦਰ ਸਿੰਘ)-ਮੇਅਰ ਜਤਿੰਦਰ ਸਿੰਘ ਭਾਟੀਆ ਵਲੋਂ ਨਗਰ ਨਿਗਮ ਦੇ ਅਧਿਕਾਰੀਆਂ ਨਾਲ ਵਿਸ਼ੇਸ਼ ਸਮੀਖਿਆ ਮੀਟਿੰਗ ਕੀਤੀ ਗਈ | ਇਸ ਮੌਕੇ ਐੱਮ. ਟੀ. ਪੀ., ਐੱਸ.ਸੀ. ਸਿਵਲ , ਐੱਸ ਈ ਓ ਐਂਡ ਐੱਮ ਵਿਭਾਗ, ਸਿਹਤ ਅਫ਼ਸਰ, ਭੂਮੀ ਵਿਭਾਗ ਦੇ ਸਕੱਤਰ ਅਤੇ ਲੇਖਾ ਸ਼ਾਖਾ ਦੇ ਉੱਚ ਅਧਿਕਾਰੀ ਮੌਜੂਦ ਸਨ | ਇਸ ਦੌਰਾਨ ਮੇਅਰ ਵਲੋਂ ਸ਼ਹਿਰ ਦੀ ਵਿਵਸਥਾ ਤੇ ਚੱਲ ਰਹੇ ਵਿਕਾਸ ਕੰਮਾਂ ਦਾ ਜਾਇਜ਼ਾ ਲੈਂਦਿਆਂ ਅਧਿਕਾਰੀਆਂ ਨੂੰ ਹਦਾਇਤਾਂ ਕੀਤੀਆਂ, ਜਿਨ੍ਹਾਂ 'ਚ ਸਿਵਲ ਅਤੇ ਓ. ਐਂਡ. ਐੱਮ. ਵਿਭਾਗ ਨੂੰ ਹਦਾਇਤ ਕੀਤੀ ਗਈ ਕਿ ਸ਼ਹਿਰ ਵਿਚ ਚੱਲ ਰਹੇ ਸੜਕਾਂ ਦੇ ਨਿਰਮਾਣ ਅਤੇ ਸੀਵਰੇਜ਼ ਦੇ ਕੰਮਾਂ ਨੂੰ ਮਿੱਥੇ ਸਮੇਂ ਅੰਦਰ ਗੁਣਵੱਤਾ ਦੇ ਮਿਆਰਾਂ ਅਨੁਸਾਰ ਮੁਕੰਮਲ ਕੀਤਾ ਜਾਵੇ | ਸਫ਼ਾਈ ਵਿਵਸਥਾ ਸੰਬੰਧੀ ਸਿਹਤ ਅਫ਼ਸਰ ਨੂੰ ਸ਼ਹਿਰ ਦੀ ਸਾਫ਼-ਸਫ਼ਾਈ ਵੱਲ ਵਿਸ਼ੇਸ਼ ਧਿਆਨ ਦੇਣ ਅਤੇ ਕੂੜੇ ਦੇ ਨਿਪਟਾਰੇ ਲਈ ਪੁਖ਼ਤਾ ਇੰਤਜ਼ਾਮ ਕਰਨ ਦੇ ਨਿਰਦੇਸ਼ ਦਿੱਤੇ ਗਏ | ਨਾਜਾਇਜ਼ ਕਬਜ਼ਿਆਂ ਅਤੇ ਨਾਜਾਇਜ਼ ਉਸਾਰੀਆਂ ਵਿਰੁੱਧ ਕਾਰਵਾਈ ਕਰਨ ਸਬੰਧੀ ਐੱਮ.ਟੀ.ਪੀ. ਅਤੇ ਭੂਮੀ ਵਿਭਾਗ ਨੂੰ ਸਖ਼ਤ ਹਦਾਇਤਾਂ ਕਰਦੇ ਹੋਏ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਖ਼ਿਲਾਫ਼ ਤੁਰੰਤ ਕਾਰਵਾਈ ਕਰਨ ਲਈ ਕਿਹਾ | ਲੇਖਾ ਸ਼ਾਖਾ ਦੇ ਅਧਿਕਾਰੀਆਂ ਨੂੰ ਵਿਕਾਸ ਕਾਰਜਾਂ ਲਈ ਫੰਡਾਂ ਦੀ ਸਹੀ ਵਰਤੋਂ ਅਤੇ ਬਕਾਇਆ ਟੈਕਸਾਂ ਦੀ ਵਸੂਲੀ ਵਿਚ ਤੇਜ਼ੀ ਲਿਆਉਣ ਲਈ ਕਿਹਾ ਗਿਆ | ਮੇਅਰ ਭਾਟੀਆ ਨੇ ਸਪੱਸ਼ਟ ਕੀਤਾ ਕਿ ਡਿਊਟੀ 'ਚ ਕਿਸੇ ਵੀ ਤਰ੍ਹਾਂ ਦੀ ਲਾਪਰਵਾਹੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ | ਉਨ੍ਹਾਂ ਕਿਹਾ ਕਿ ਨਗਰ ਨਿਗਮ ਦਾ ਮੁੱਖ ਉਦੇਸ਼ ਸ਼ਹਿਰ ਨਿਵਾਸੀਆਂ ਨੂੰ ਬਿਹਤਰ ਸਹੂਲਤਾਂ ਪ੍ਰਦਾਨ ਕਰਨਾ ਹੈ ਅਤੇ ਇਸ ਵਿਚ ਕਿਸੇ ਵੀ ਪੱਧਰ 'ਤੇ ਦੇਰੀ ਨਹੀਂ ਹੋਣੀ ਚਾਹੀਦੀ | ਇਸ ਮੌਕੇ ਸਹਾਇਕ ਕਮਿਸ਼ਨਰ ਦਲਜੀਤ ਸਿੰਘ, ਐੱਸ.ਸੀ. ਸੰਦੀਪ ਸਿੰਘ, ਸਿਹਤ ਅਫਸਰ ਡਾ: ਯੋਗੇਸ਼ ਅਰੋੜਾ, ਡਾ: ਕਿਰਨ ਕੁਮਾਰ, ਸਹਾਇਕ ਸਿਹਤ ਅਫਸਰ ਡਾ: ਰਮਾ, ਸਕੱਤਰ ਸੁਸ਼ਾਂਤ ਭਾਟੀਆ, ਡੀ.ਸੀ.ਐੱਫ.ਏ. ਮਨੂੰ ਸ਼ਰਮਾ, ਐੱਮ.ਟੀ.ਪੀ. ਨਰਿੰਦਰ ਸ਼ਰਮਾ, ਸੁਪਰਡੰਟ ਜਨਰਲ ਸਤਪਾਲ ਸਿੰਘ, ਪੁਸ਼ਪਿੰਦਰ ਸਿੰਘ ਤੇ ਧਰਮਿੰਦਰ ਸਿੰਘ ਆਦਿ ਹਾਜ਼ਰ ਸਨ |