ਅਜਨਾਲਾ, 24 ਮਈ (ਗੁਰਪ੍ਰੀਤ ਸਿੰਘ ਢਿੱਲੋਂ)-ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਦੀ ਚਰਨਛੋਹ ਪ੍ਰਾਪਤ ਧਰਤੀ ਰਮਦਾਸ ਵਿਖੇ ਹੋ ਰਹੀਆਂ ਨਗਰ ਕੌਂਸਲ ਚੋਣਾਂ ਨੂੰ ਲੈ ਕੇ ਸਿਆਸੀ ਮਾਹੌਲ ਪੂਰੀ ਤਰ੍ਹਾਂ ਗਰਮਾਇਆ ਹੋਇਆ ਹੈ, ਇਸ ਵਾਰ ਆਮ ਆਦਮੀ ਪਾਰਟੀ, ਕਾਂਗਰਸ, ਸ਼੍ਰੋਮਣੀ ਅਕਾਲੀ ਦਲ ਬਾਦਲ ਤੇ ਭਾਜਪਾ ਦੇ ਉਮੀਦਵਾਰਾਂ ਵਿਚਾਲੇ ਸਿੱਧਾ ਅਤੇ ਸਖ਼ਤ ਮੁਕਾਬਲਾ ਦੇਖਣ ਨੂੰ ਮਿਲ ਰਿਹਾ ਹੈ | ਰਾਜ ਚੋਣ ਕਮਿਸ਼ਨ ਵਲੋਂ ਜਾਰੀ ਪ੍ਰੋਗਰਾਮ ਅਨੁਸਾਰ ਅੱਜ ਚੋਣ ਪ੍ਰਚਾਰ ਦੇ ਅਖੀਰਲੇ ਦਿਨ ਤੱਕ ਚੋਣ ਪ੍ਰਚਾਰ ਪੂਰੇ ਜ਼ੋਰਾਂ 'ਤੇ ਰਿਹਾ | ਆਮ ਆਦਮੀ ਪਾਰਟੀ ਵਲੋਂ ਹਲਕਾ ਅਜਨਾਲਾ ਦੇ ਵਿਧਾਇਕ ਕੁਲਦੀਪ ਸਿੰਘ ਧਾਲੀਵਾਲ ਤੇ ਉਨ੍ਹਾਂ ਦੀ ਧੀ ਅਮਨਦੀਪ ਕੌਰ ਧਾਲੀਵਾਲ ਆਪਣੇ ਉਮੀਦਵਾਰਾਂ ਦੇ ਹੱਕ ਵਿਚ ਲਗਾਤਾਰ ਚੋਣ ਪ੍ਰਚਾਰ ਕਰ ਰਹੇ ਹਨ | ਉੱਥੇ ਹੀ ਕਾਂਗਰਸ ਪਾਰਟੀ ਵਲੋਂ ਸਾਬਕਾ ਵਿਧਾਇਕ ਹਰਪ੍ਰਤਾਪ ਸਿੰਘ ਅਜਨਾਲਾ ਤੇ ਉਨ੍ਹਾਂ ਦੇ ਸਪੁੱਤਰ ਡਾਇਰੈਕਟਰ ਕੰਵਰਪ੍ਰਤਾਪ ਸਿੰਘ ਅਜਨਾਲਾ ਵੱਖ-ਵੱਖ ਵਾਰਡਾਂ ਵਿਚ ਮੀਟਿੰਗਾਂ ਤੇ ਘਰ-ਘਰ ਸੰਪਰਕ ਮੁਹਿੰਮ ਰਾਹੀਂ ਵੋਟਰਾਂ ਤੱਕ ਪਹੁੰਚ ਕਰ ਰਹੇ ਹਨ | ਦੂਜੇ ਪਾਸੇ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਹਲਕਾ ਇੰਚਾਰਜ ਤੇ ਸ਼੍ਰੋਮਣੀ ਕਮੇਟੀ ਮੈਂਬਰ ਜੋਧ ਸਿੰਘ ਸਮਰਾ ਵੀ ਆਪਣੇ ਉਮੀਦਵਾਰਾਂ ਦੇ ਸਮਰਥਨ 'ਚ ਦਿਨ ਰਾਤ ਚੋਣ ਪ੍ਰਚਾਰ 'ਚ ਲੱਗੇ ਹੋਏ ਹਨ | ਭਾਜਪਾ ਵਲੋਂ ਹਲਕਾ ਅਜਨਾਲਾ ਦੇ ਸਾਬਕਾ ਵਿਧਾਇਕ ਬੋਨੀ ਅਮਰਪਾਲ ਸਿੰਘ ਅਜਨਾਲਾ ਪਾਰਟੀ ਉਮੀਦਵਾਰਾਂ ਦੀ ਜਿੱਤ ਲਈ ਹਰ ਸੰਭਵ ਕੋਸ਼ਿਸ਼ ਕਰ ਰਹੇ ਹਨ ਅਤੇ ਵੱਖ-ਵੱਖ ਵਾਰਡਾਂ ਵਿਚ ਚੋਣ ਮੀਟਿੰਗਾਂ ਨੂੰ ਸੰਬੋਧਨ ਕਰ ਰਹੇ ਹਨ | ਰਾਜਨੀਤਿਕ ਮਾਹਿਰਾਂ ਦਾ ਮੰਨਣਾ ਹੈ ਕਿ ਰਮਦਾਸ ਨਗਰ ਕੌਂਸਲ ਦੀਆਂ ਚੋਣਾਂ ਵਿਚ ਇਸ ਵਾਰ ਚਾਰਾਂ ਮੁੱਖ ਪਾਰਟੀਆਂ ਵਿਚਾਲੇ ਕਾਂਟੇ ਦੀ ਟੱਕਰ ਹੋਣ ਦੀ ਸੰਭਾਵਨਾ ਹੈ | ਦੂਜੇ ਪਾਸੇ ਹਲਕਾ ਅਜਨਾਲਾ ਅੰਦਰ ਨਗਰ ਪੰਚਾਇਤ ਦੀਆਂ ਚੋਣਾਂ ਪੰਜਾਬ ਤੇ ਹਰਿਆਣਾ ਹਾਈਕੋਰਟ ਵਲੋਂ ਮੁਲਤਵੀ ਕੀਤੇ ਜਾਣ ਤੋਂ ਬਾਅਦ ਹੁਣ ਨਗਰ ਕੌਂਸਲ ਰਮਦਾਸ ਦੀ ਚੋਣ ਸਭ ਦੀ ਨਜ਼ਰ ਦਾ ਕੇਂਦਰ ਬਣੀ ਹੋਈ ਹੈ ਤੇ ਲੋਕ ਰਮਦਾਸ ਦੇ ਨਤੀਜਿਆਂ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ | ਇਹ ਚੋਣ 2027 ਦੀਆਂ ਵਿਧਾਨ ਸਭਾ ਚੋਣਾਂ ਦਾ ਵੀ ਮੁੱਢ ਬੰਨ੍ਹੇਗੀ ਅਤੇ ਕਈ ਸਿਆਸੀ ਆਗੂਆਂ ਦੇ ਭਵਿੱਖ ਦਾ ਫ਼ੈਸਲਾ ਵੀ ਤੈਅ ਕਰੇਗੀ |