ਅੰਮਿ੍ਤਸਰ, 25 ਮਈ (ਜਸਵੰਤ ਸਿੰਘ ਜੱਸ)-ਅੱਜ ਜਿੱਥੇ ਬਿਕਰਮ ਸਿੰਘ ਮਜੀਠੀਆ ਦੇ ਨਜ਼ਦੀਕੀ ਰਿਸ਼ਤੇਦਾਰ ਰਾਜਮਹਿੰਦਰ ਸਿੰਘ ਮਜੀਠਾ ਅਕਾਲੀ ਦਲ ਛੱਡ ਕੇ ਆਮ ਆਦਮੀ ਪਾਰਟੀ ਵਿਚ ਸ਼ਾਮਿਲ ਹੋ ਗਏ, ਉਥੇ ਮਜੀਠਾ ਪਰਿਵਾਰ ਨਾਲ ਹੀ ਸੰਬੰਧਿਤ ਕਈ ਵਾਰ ਮਜੀਠਾ ਹਲਕੇ ਤੋਂ ਵਿਧਾਇਕ ਚੁਣੇ ਜਾਂਦੇ ਰਹੇ ਟਕਸਾਲੀ ਅਕਾਲੀ ਆਗੂ ਸਵ: ਬਾਪੂ ਪ੍ਰਕਾਸ਼ ਸਿੰਘ ਮਜੀਠਾ ਦੇ ਪੋਤਰੇ ਅਤੇ ਸਿਮਰਜੀਤ ਸਿੰਘ ਮਜੀਠਾ ਦੇ ਬੇਟੇ ਗੁਰਤੇਸ਼ਵਰ ਸਿੰਘ ਮਜੀਠਾ ਨੇ ਬਿਕਰਮ ਸਿੰਘ ਮਜੀਠੀਆ ਦੇ ਹੱਕ ਵਿਚ ਇਕ ਵੀਡੀਓ ਸ਼ੇਅਰ ਕਰਕੇ ਸ: ਮਜੀਠੀਆ ਅਤੇ ਅਕਾਲੀ ਦਲ (ਬ) ਦੇ ਹੱਕ ਵਿਚ ਖੜੇ ਹੋਣ ਦਾ ਐਲਾਨ ਕੀਤਾ | ਮਜੀਠੀਆ ਦੇ ਸਹਾਇਕ ਵਲੋਂ ਜਾਰੀ ਸੋਸ਼ਲ ਮੀਡੀਆ 'ਤੇ ਅਪਲੋਡ ਕੀਤੇ ਵੀਡੀਓ ਬਿਆਨ ਵਿਚ ਗੁਰਤੇਸ਼ਵਰ ਸਿੰਘ ਮਜੀਠਾ ਨੇ ਰਾਜਮਹਿੰਦਰ ਸਿੰਘ ਮਜੀਠਾ ਅਤੇ ਉਨ੍ਹਾਂ ਦੇ ਬੇਟੇ ਹੇਮਇੰਦਰ ਸਿੰਘ ਦਾ ਨਾਂਅ ਲਏ ਬਿਨਾਂ ਕਿਹਾ ਕਿ ਸਾਡੇ ਪਰਿਵਾਰ ਦੇ ਕੁਝ ਮੈਂਬਰ ਅੱਜ ਸ਼੍ਰੋਮਣੀ ਅਕਾਲੀ ਦਲ ਨੂੰ ਛੱਡ ਕੇ ਆਮ ਆਦਮੀ ਪਾਰਟੀ ਵਿਚ ਸ਼ਾਮਿਲ ਹੋਏ ਹਨ | ਪ੍ਰਕਾਸ਼ ਸਿੰਘ ਮਜੀਠਾ ਦਾ ਪੋਤਰਾ ਅਤੇ ਸ. ਸਿਮਰਜੀਤ ਸਿੰਘ ਦਾ ਬੇਟਾ ਹੋਣ ਦੇ ਨਾਤੇ ਮੈਂ ਕੁਝ ਗੱਲਾਂ ਸਾਂਝੀਆਂ ਕਰਨਾ ਚਾਹੁੰਦਾ ਹਾਂ ਕਿ ਸ. ਪ੍ਰਕਾਸ਼ ਸਿੰਘ ਮਜੀਠਾ ਦੀ ਸਿਆਸਤ ਹਮੇਸ਼ਾਂ ਸ਼੍ਰੋਮਣੀ ਅਕਾਲੀ ਦਲ ਤੇ ਪੰਥ ਨੂੰ ਸਮਰਪਿਤ ਰਹੀ | ਉਹ ਮਜੀਠੇ ਹਲਕੇ ਤੋਂ ਪੰਜ ਵਾਰ ਐੱਮ.ਐੱਲ.ਏ. ਬਣੇ ਤੇ ਕੈਬਿਨਟ ਮੰਤਰੀ ਵੀ ਰਹੇ | ਉਨ੍ਹਾਂ ਖਾਲਸਾ ਕਾਲਜ ਅਤੇ ਚੀਫ਼ ਖਾਲਸਾ ਦੀਵਾਨ ਵਿਚ ਵੀ ਅਹਿਮ ਰੋਲ ਅਦਾ ਕੀਤਾ ਸ਼੍ਰੋਮਣੀ ਅਕਾਲੀ ਦਲ ਦੇ ਸਰਪ੍ਰਸਤ ਰਹੇ | ਉਨ੍ਹਾਂ ਕਿਹਾ ਕਿ ਮੈਨੂੰ ਹੈਰਾਨੀ ਹੈ ਕਿ ਸਾਡੇ ਪਰਿਵਾਰ ਦੇ ਮੈਂਬਰ ਕਿਵੇਂ ਇਕ ਐਸੀ ਪਾਰਟੀ ਦੇ ਵਿਚ ਜਾ ਸਕਦੇ ਹਨ, ਜਿਸ ਪਾਰਟੀ ਨੇ ਪਿਛਲੇ ਚਾਰ ਸਾਲਾਂ 'ਚ ਪੰਜਾਬ ਦਾ ਕੋਈ ਵੀ ਭਲਾ ਨਹੀਂ ਕੀਤਾ ਤੇ ਇਹ ਸਰਕਾਰ ਹਰ ਫਰੰਟ 'ਤੇ ਫੇਲ੍ਹ ਹੋਈ ਹੈ | ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਨੂੰ ਸਮਰਪਿਤ ਸਾਡੇ ਪਰਿਵਾਰ ਵਿਚੋਂ ਮੇਰੇ ਵੱਡੇ ਵੀਰ ਬਿਕਰਮ ਸਿੰਘ ਮਜੀਠੀਆ ਜੋ ਕਿ ਮਜੀਠੇ ਹਲਕੇ ਦੀ, ਪੰਜਾਬ ਦੀ ਯੋਗ ਅਗਵਾਈ ਕਰਦੇ ਹਨ, ਅਸੀਂ ਅਸੀਂ ਉਨ੍ਹਾਂ ਦੇ ਨਾਲ ਸ਼੍ਰੋਮਣੀ ਅਕਾਲੀ ਦਲ ਨੂੰ ਸਮਰਪਿਤ ਹਾਂ | ਉਨ੍ਹਾਂ ਨੇ ਮਜੀਠਾ ਹਲਕੇ ਦਾ ਜੋ ਵਿਕਾਸ ਕਰਾਇਆ ਤੇ ਪੰਜਾਬ ਵਿਚ ਵੱਡੇ ਪੱਧਰ 'ਤੇ ਵੱਡੇ ਕੰਮ ਕੀਤੇ, ਮੈਂ ਸਪਸ਼ਟ ਕਰ ਦੇਣਾ ਚਾਹੁੰਦਾ ਕਿ ਅਸੀਂ ਸ਼੍ਰੋਮਣੀ ਅਕਾਲੀ ਦਲ ਅਤੇ ਬਿਕਰਮ ਸਿੰਘ ਮਜੀਠੀਆ ਦੇ ਨਾਲ ਚੱਟਾਨ ਵਾਂਗ ਖੜਾ ਹਾਂ |