ਅੰਮਿ੍ਤਸਰ, 25 ਮਈ (ਹਰਮਿੰਦਰ ਸਿੰਘ)-ਨਗਰ ਨਿਗਮ ਅੰਮਿ੍ਤਸਰ ਦੇ ਅਸਟੇਟ ਵਿਭਾਗ ਵਲੋਂ ਨਿਗਮ ਕਮਿਸ਼ਨਰ ਬਿਕਰਮਜੀਤ ਸਿੰਘ ਸ਼ੇਰਗਿੱਲ ਦੀਆਂ ਹਦਾਇਤਾਂ 'ਤੇ ਸ਼ਹਿਰ ਦੀ ਆਵਾਜਾਈ ਨੂੰ ਸਚਾਰੂ ਬਣਾਉਣ ਲਈ ਸਥਾਨਕ ਬਟਾਲਾ ਰੋਡ ਤੋਂ ਨਾਜਾਇਜ਼ ਕਬਜ਼ੇ ਹਟਾਏ | ਇਸ ਕਾਰਵਾਈ ਦੌਰਾਨ ਨਿਗਮ ਦੀ ਟੀਮ ਵਲੋਂ ਸੜਕ ਦੀ ਜਗ੍ਹਾ 'ਤੇ ਲੱਗੀਆਂ ਰੇਹੜੀਆਂ ਫੜ੍ਹੀਆਂ ਹਟਾਈਆਂ ਅਤੇ ਜ਼ਿਨ੍ਹਾਂ ਦੁਕਾਨਦਾਰਾਂ ਦਾ ਸੜਕ ਦੀ ਜਗ੍ਹਾ 'ਤੇ ਸਾਮਾਨ ਪਿਆ ਸੀ ਉਸ ਨੂੰ ਜਬਤ ਕੀਤਾ ਗਿਆ | ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਸੈਕਟਰੀ ਅਤੇ ਅਸਟੇਟ ਅਫ਼ਸਰ ਸੁਸ਼ਾਂਤ ਭਾਟੀਆ ਨੇ ਦੱਸਿਆ ਕਿ ਸਥਾਨਕ ਬਟਾਲਾ ਰੋਡ ਵਿਖੇ ਨਾਜਾਇਜ਼ ਕਬਜ਼ਿਆਂ ਦੇ ਕਾਰਨ ਆਵਾਜਾਈ 'ਚ ਰੁਕਾਵਟਾਂ ਪੈਦਾ ਹੋਣ ਸੰਬੰਧੀ ਸ਼ਿਕਾਇਤਾਂ ਆ ਰਹੀਆਂ ਸਨ, ਜਿਸ ਦੇ ਆਧਾਰ ਨਿਗਮ ਕਮਿਸ਼ਨਰ ਵਲੋਂ ਨਾਜਾਇਜ਼ ਕਬਜ਼ਿਆਂ 'ਤੇ ਕਾਰਵਾਈ ਕਰਨ ਦੀਆਂ ਹਦਾਇਤਾਂ ਕੀਤੀਆਂ ਗਈਆਂ, ਜਿਸ ਉਪਰੰਤ ਇੰਸਪੈਕਟਰ ਪ੍ਰੀਤੀ ਚੌਹਾਨ ਦੀ ਅਗਵਾਈ ਹੇਠ ਅਸਟੇਟ ਵਿਭਾਗ ਦੀ ਟੀਮ ਵਲੋਂ ਬਟਾਲਾ ਰੋਡ ਵਿਖੇ ਫੋਰ ਐੱਸ ਚੌਕ ਤੋਂ ਲੈ ਕੇ ਵੇਰਕਾ ਬਾਈਪਾਸ ਤੱਕ ਸੜਕ ਦੇ ਦੋਵੇਂ ਪਾਸਿਆਂ ਤੋਂ ਨਾਜਾਇਜ਼ ਕਬਜ਼ਿਆਂ 'ਤੇ ਕਾਰਵਾਈ ਕੀਤੀ ਗਈ |