ਅੰਮਿ੍ਤਸਰ, 28 ਮਈ (ਜਸਵੰਤ ਸਿੰਘ ਜੱਸ)-ਸ੍ਰੀ ਹੇਮਕੁੰਟ ਸਾਹਿਬ ਪੈਦਲ ਯਾਤਰਾ ਸੁਸਾਇਟੀ ਧਾਰੋਵਾਲੀ ਵਲੋਂ ਵਿਸ਼ਵ ਸ਼ਾਂਤੀ ਅਤੇ ਸਰਬੱਤ ਦੇ ਭਲੇ ਲਈ '32ਵੀਂ ਸਲਾਨਾ ਸ੍ਰੀ ਹੇਮਕੁੰਟ ਸਾਹਿਬ ਪੈਦਲ ਯਾਤਰਾ' ਇਸ ਵਾਰ 2 ਜੂਨ ਨੂੰ ਗੁਰਦੁਆਰਾ ਸ੍ਰੀ ਦਰਬਾਰ ਸਾਹਿਬ ਡੇਰਾ ਬਾਬਾ ਨਾਨਕ ਤੋਂ ਆਰੰਭ ਹੋਵੇਗੀ | ਯਾਤਰਾ ਦੀਆਂ ਤਿਆਰੀਆਂ ਸਬੰਧੀ ਪ੍ਰਧਾਨ ਡਾ. ਗੁਰਦੇਵ ਸਿੰਘ ਧਾਰੋਵਾਲੀ ਦੀ ਅਗਵਾਈ ਵਿਚ ਇਥੇ ਹੋਈ ਇਕੱਤਰਤਾ ਉਪਰੰਤ ਜਾਣਕਾਰੀ ਦਿੰਦਿਆਂ ਸੁਸਾਇਟੀ ਦੇ ਜਨਰਲ ਸਕੱਤਰ ਪ੍ਰੋਫੈਸਰ ਗੁਰਵਿੰਦਰ ਸਿੰਘ ਮੰਮਣਕੇ ਨੇ ਦੱਸਿਆ ਕਿ ਇਹ 35 ਦਿਨਾਂ ਦੀ ਪੈਦਲ ਯਾਤਰਾ ਸ੍ਰੀ ਨਿਸ਼ਾਨ ਸਾਹਿਬ ਅਤੇ ਸ਼੍ਰੀ ਦਰਬਾਰ ਸਾਹਿਬ ਦੇ ਮਾਡਲ ਦੀ ਅਗਵਾਈ ਅਤੇ ਡਾ: ਧਾਰੋਵਾਲੀ ਦੇ ਪ੍ਰਬੰਧਾਂ ਹੇਠ 2 ਜੂਨ ਨੂੰ ਸਵੇਰੇ 6 ਵਜੇ ਆਰੰਭ ਹੋਵੇਗੀ, ਜਿਸ ਵਿਚ 100 ਦੇ ਕਰੀਬ ਸ਼ਰਧਾਲੂ ਸ਼ਾਮਿਲ ਹੋਣਗੇ | ਉਨ੍ਹਾਂ ਦੱਸਿਆ ਕਿ 2 ਜੂਨ ਨੂੰ ਸ੍ਰੀ ਦਰਬਾਰ ਸਾਹਿਬ ਸਾਹਿਬ ਡੇਰਾ ਬਾਬਾ ਨਾਨਕ ਤੋਂ ਵੱਡੀ ਗਿਣਤੀ ਵਿਚ ਸੰਗਤਾਂ ਜੈਕਾਰਿਆਂ ਦੀ ਗੂੰਜ ਵਿਚ ਪੈਦਲ ਯਾਤਰਾ ਨੂੰ ਰਵਾਨਾ ਕਰਨਗੀਆਂ | ਪ੍ਰੋਫੈਸਰ ਮੰਮਣਕੇ ਨੇ ਦੱਸਿਆ ਕਿ ਇਸ ਯਾਤਰਾ ਦੌਰਾਨ ਸ਼ਰਧਾਲੂ ਰੋਜ਼ਾਨਾ ਅੰਮਿ੍ਤ ਵੇਲੇ 2 ਵਜੇ ਤੋਂ ਸਵੇਰੇ 10 ਵਜੇ ਤੱਕ ਅਤੇ ਸ਼ਾਮ ਨੂੰ 4 ਵਜੇ ਤੋਂ ਰਾਤ ਦੇ 8, 9 ਵਜੇ, ਉਸ ਦਿਨ ਰਾਤ ਦੇ ਪੜਾਅ ਤੱਕ ਪੈਦਲ ਯਾਤਰਾ ਕਰਿਆ ਕਰਨਗੇ | ਉਨ੍ਹਾਂ ਦੱਸਿਆ ਕਿ ਪੈਦਲ ਯਾਤਰਾ ਵਿਚ ਸ਼ਾਮਿਲ ਸਾਰੇ ਸ਼ਰਧਾਲੂ ਕੇਸਰੀ ਦਸਤਾਰਾਂ ਅਤੇ ਚਿੱਟੇ ਕੁਰਤੇ ਪਜਾਮੇ ਅਤੇ ਸੂਟ ਪਹਿਨਣਗੇ ਤੇ ਨਾਮ ਸਿਮਰਨ ਤੇ ਗੁਰਬਾਣੀ ਜਾਪ ਕਰਦਿਆਂ ਚੱਲਣਗੇ | ਉਨ੍ਹਾਂ ਦੱਸਿਆ ਕਿ ਇਹ ਪੈਦਲ ਯਾਤਰਾ ਪੰਜਾਬ, ਹਰਿਆਣਾ, ਹਿਮਾਚਲ ਪ੍ਰਦੇਸ਼ ਅਤੇ ਉੱਤਰਾਖੰਡ ਦੇ ਵੱਖ-ਵੱਖ ਇਤਿਹਾਸਿਕ ਅਤੇ ਹੋਰ ਗੁਰਦੁਆਰਾ ਸਾਹਿਬਾਨ ਵਿਖੇ ਦਰਸ਼ਨ ਅਤੇ ਪੜ੍ਹਾਅ ਕਰਦਿਆਂ ਹੋਇਆਂ ਇੱਕ ਮਹੀਨੇ ਬਾਅਦ 2 ਜੁਲਾਈ ਨੂੰ ਸ੍ਰੀ ਹੇਮਕੁੰਟ ਸਾਹਿਬ ਵਿਖੇ ਪੁੱਜ ਕੇ ਇਸ਼ਨਾਨ ਅਤੇ ਅਰਦਾਸ ਕਰੇਗੀ ਅਤੇ ਇਸ ਉਪਰੰਤ ਸ਼ਰਧਾਲੂਆਂ ਦੀ ਬੱਸਾਂ ਰਾਹੀਂ ਪੰਜਾਬ ਲਈ ਵਾਪਸੀ ਹੋਵੇਗੀ | ਉਨ੍ਹਾਂ ਦੱਸਿਆ ਕਿ ਇਹ ਯਾਤਰਾ ਕੁੱਲ 36 ਦਿਨਾਂ ਵਿਚ ਮੁਕੰਮਲ ਹੋਵੇਗੀ | ਉਨ੍ਹਾਂ ਇਹ ਵੀ ਦੱਸਿਆ ਕਿ ਇਸ ਯਾਤਰਾ ਦੌਰਾਨ ਸ਼ਰਧਾਲੂਆਂ ਲਈ ਮੈਡੀਕਲ ਸਹਾਇਤਾ ਅਤੇ ਲੰਗਰ ਪਾਣੀ ਆਦਿ ਦਾ ਵੀ ਵਿਸ਼ੇਸ਼ ਪ੍ਰਬੰਧ ਹੋਵੇਗਾ | ਉਨ੍ਹਾਂ ਦੱਸਿਆ ਕਿ ਇਸ ਯਾਤਰਾ ਦੀਆਂ ਤਿਆਰੀਆਂ ਸਬੰਧੀ ਅੰਮਿ੍ਤਸਰ ਵਿਖੇ ਹੋਈ ਇਕੱਤਰਤਾ ਵਿਚ ਪ੍ਰਧਾਨ ਡਾ: ਧਾਰੋਵਾਲੀ ਤੋਂ ਇਲਾਵਾ ਬਲਜਿੰਦਰ ਸਿੰਘ ਖ਼ਜ਼ਾਨਚੀ, ਭਾਈ ਰਣਧੀਰ ਸਿੰਘ ਮੀਤ ਪ੍ਰਧਾਨ, ਬਾਬਾ ਮੋਹਨ ਸਿੰਘ, ਹਰਪਾਲ ਸਿੰਘ, ਬਿਕਰਮਜੀਤ ਸਿੰਘ, ਅਮਰਬੀਰ ਸਿੰਘ, ਹਰਪ੍ਰੀਤ ਸਿੰਘ, ਬਲਜਿੰਦਰ ਸਿੰਘ ਤੇ ਆਕਾਸ਼ਦੀਪ ਹੈਪੀ ਸਮੇਤ ਹੋਰ ਮੈਂਬਰ ਅਤੇ ਸਹਿਯੋਗੀ ਸ਼ਾਮਿਲ ਸਨ |