ਚੌਕ ਮਹਿਤਾ, 28 ਮਈ (ਜਗਦੀਸ਼ ਸਿੰਘ ਬਮਰਾਹ)-ਜੂਨ 1984 ਨੂੰ ਵਾਪਰੇ ਤੀਸਰੇ ਘੱਲੂਘਾਰੇ ਆਪ੍ਰੇਸ਼ਨ ਬਲਿਊ ਸਟਾਰ ਦੇ ਸਮੂਹ ਸ਼ਹੀਦਾਂ ਨੂੰ ਸਮਰਪਿਤ, ਦਮਦਮੀ ਟਕਸਾਲ ਦੇ ਕੇਂਦਰੀ ਅਸਥਾਨ ਗੁਰਦੁਆਰਾ ਗੁਰਦਰਸ਼ਨ ਪ੍ਰਕਾਸ਼ ਮਹਿਤਾ ਜਥਾ ਭਿੰਡਰਾਂ ਵਿਖੇ ਮੌਜੂਦਾ ਦਮਦਮੀ ਟਕਸਾਲ ਮੁਖੀ ਸੰਤ ਗਿਆਨੀ ਹਰਨਾਮ ਸਿੰਘ ਖਾਲਸਾ ਭਿੰਡਰਾਂ ਵਾਲਿਆਂ ਦੀ ਰਹਿਨੁਮਾਈ ਹੇਠ ਕਰਵਾਏ ਜਾਣ ਵਾਲੇ 6 ਜੂਨ ਦੇ ਸ਼ਹੀਦੀ ਸਮਾਗਮਾਂ ਦੀਆਂ ਤਿਆਰੀਆਂ ਨੂੰ ਅੰਤਿਮ ਛੋਹਾਂ ਦੇਣ ਲਈ ਇਲਾਕੇ ਦੀਆਂ ਸੰਗਤਾਂ ਦੀ ਇਕ ਵਿਸ਼ੇਸ਼ ਮੀਟਿੰਗ 30 ਮਈ ਨੂੰ ਬੁਲਾਈ ਗਈ ਹੈ | ਇਸ ਸੰਬੰਧ ਵਿਚ ਟਕਸਾਲ ਮੁਖੀ ਸੰਤ ਗਿਆਨੀ ਹਰਨਾਮ ਸਿੰਘ ਖਾਲਸਾ ਨੇ ਗੱਲਬਾਤ ਕਰਦਿਆਂ ਕਿਹਾ ਕਿ ਇਹ ਮੀਟਿੰਗ ਨੇੜੇ ਤੇੜੇ ਦੇ ਇਲਾਕੇ ਦੀਆਂ ਸੰਗਤਾਂ ਨਾਲ ਕੀਤੀ ਜਾਵੇਗੀ ਅਤੇ ਸ਼ਹੀਦੀ ਸਮਾਗਮਾਂ ਦੀਆਂ ਤਿਆਰੀਆਂ ਨੂੰ ਅੰਤਿਮ ਛੋਹਾਂ ਦੇ ਕੇ ਸੰਗਤਾਂ ਦੀਆਂ ਲੰਗਰ, ਪਾਰਕਿੰਗ, ਛਬੀਲਾਂ, ਜੋੜੇ ਘਰਾਂ ਆਦਿ ਸੇਵਾਵਾਂ ਦੀਆਂ ਡਿਊਟੀਆਂ ਲਗਾਈਆਂ ਜਾਣਗੀਆਂ | ਉਨ੍ਹਾਂ ਨੇ ਮਹਿਤਾ ਚੌਕ ਅਤੇ ਆਲੇ ਦੁਆਲੇ ਦੇ ਪਿੰਡਾਂ ਦੀਆਂ ਸੰਗਤਾਂ ਨੂੰ ਅਪੀਲ ਕਰਦਿਆਂ ਕਿਹਾ ਕਿ 30 ਮਈ ਨੂੰ ਮੀਟਿੰਗ ਠੀਕ 11 ਵਜੇ ਸ਼ੁਰੂ ਹੋ ਜਾਵੇਗੀ ਅਤੇ ਸੰਗਤਾਂ ਹੁੰਮ ਹੰੁਮਾ ਕੇ ਇਥੇ ਪਹੁੰਚ ਕੇ ਆਪਣੀਆਂ ਆਪਣੀਆਂ ਡਿਊਟੀਆਂ ਸੰਭਾਲਣ ਅਤੇ ਸ਼ਹੀਦਾਂ ਦੀਆਂ ਖੁਸ਼ੀਆਂ ਪ੍ਰਾਪਤ ਕਰਨ |