ਅੰਮਿ੍ਤਸਰ, 5 ਜੂਨ (ਹਰਮਿੰਦਰ ਸਿੰਘ)-ਆਰਟ ਗੈਲਰੀ ਵਿਖੇ ਸ਼ੁਰੂ ਹੋਏ ਸਮਰ ਕੈਂਪ ਦੌਰਾਨ ਪੇਂਟਿੰਗ ਕਲਾਕਾਰ ਅਤੁਲ ਮੱਟੂ ਵਲੋਂ ਤਿਆਰ ਕੀਤੀ ਗਈ ਸੋਲੋ ਪਾੇਟਿੰਗ ਪ੍ਰਦਰਸ਼ਨੀ ਲਗਾਈ ਗਈ, ਜਿਸ ਦਾ ਉਦਘਾਟਨ ਆਰਟ ਗੈਲਰੀ ਦੇ ਪ੍ਰਧਾਨ ਰਜਿੰਦਰ ਮੋਹਨ ਸਿੰਘ ਛੀਨਾ ਵਲੋਂ ਕੀਤਾ ਗਿਆ | ਇਸ ਮੌਕੇ ਆਰਟ ਗੈਲਰੀ ਦੇ ਆਨਰੇਰੀ ਸਕੱਤਰ ਡਾ: ਪੀ. ਐੱਸ. ਗਰੋਵਰ ਨੇ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕੀਤੀ | ਇਸ ਦੌਰਾਨ ਗੱਲਬਾਤ ਕਰਦੇ ਹੋਏ ਪੀ.ਐੱਸ. ਗਰੋਵਰ ਨੇ ਦੱਸਿਆ ਕਿ ਪੇਂਟਿੰਗ ਕਲਾਕਾਰ ਅਤੁਲ ਮੱਟੂ ਦੀਆਂ ਕਲਾਕ੍ਰਿਤੀਆਂ ਬਹੁਤ ਪ੍ਰਭਾਵਸ਼ਾਲੀ ਹਨ | ਉਨ੍ਹਾਂ ਕਿਹਾ ਕਿ ਅੱਜ ਉਸ ਦੀਆਂ 27 ਕਲਾਕ੍ਰਿਤੀਆਂ ਪ੍ਰਦਰਸ਼ਨੀ 'ਚ ਰੱਖੀਆ ਗਈਆਂ | ਇਹ ਪ੍ਰਦਰਸ਼ਨੀ 10 ਜੂਨ ਤੱਕ ਚਲੇਗੀ | ਇਸ ਦੌਰਾਨ ਪ੍ਰਧਾਨ ਰਜਿੰਦਰ ਮੋਹਨ ਸਿੰਘ ਛੀਨਾ ਨੇ ਇਸ ਪ੍ਰਦਰਸ਼ਨੀ 'ਚ ਲੱਗੀਆਂ ਕਲਾਕ੍ਰਿਤੀਆਂ ਨੂੰ ਦੇਖ ਕੇ ਖੁਸ਼ੀ ਦਾ ਇਜ਼ਹਾਰ ਕਰਦੇ ਹੋਏ ਕਲਾਕਾਰ ਵਲੋਂ ਕੀਤਾ ਗਿਆ ਕੰਮ ਬਹੁਤ ਹੀ ਪ੍ਰਭਾਵਸ਼ਾਲੀ ਅਤੇ ਦਿਲ ਨੂੰ ਛੂਹ ਜਾਣ ਵਾਲਾ ਹੈ | ਉਨ੍ਹਾਂ ਕਿਹਾ ਕਿ ਆਰਟ ਗੈਲਰੀ ਵਲੋਂ ਅਜਿਹੇ ਕਲਾਕਾਰਾਂ ਨੂੰ ਹੋਰ ਵੀ ਉਤਸ਼ਾਹਿਤ ਕੀਤਾ ਜਾਂਦਾ ਹੈ | ਇਸ ਦੌਰਾਨ ਕਲਾਕਾਰ ਅਤੁਲ ਮੱਟੂ ਵਲੋਂ ਆਰਟ ਗੈਲਰੀ ਦੇ ਪ੍ਰਧਾਨ ਰਜਿੰਦਰ ਮੋਹਨ ਸਿੰਘ ਛੀਨਾ ਅਤੇ ਆਨਰੇਰੀ ਸਕੱਤਰ ਡਾ: ਪੀ.ਐੱਸ. ਗਰੋਵਰ ਦਾ ਧੰਨਵਾਦ ਕਰਦੇ ਹੋਏ ਆਰਟ ਗੈਲਰੀ ਵਲੋਂ ਕਲਾਕਾਰਾਂ ਨੂੰ ਉਤਸ਼ਾਹਿਤ ਕਰਨ ਲਈ ਕੀਤੇ ਜਾ ਰਹੇ ਕਾਰਜਾਂ ਤੋਂ ਪ੍ਰਭਾਵਿਤ ਹੋ ਕੇ ਸ: ਛੀਨਾ ਅਤੇ ਡਾ: ਗਰੋਵਰ ਨੂੰ ਸਨਮਾਨਿਤ ਕੀਤਾ |