ਅੰਮਿ੍ਤਸਰ, 5 ਜੂਨ (ਸੁਰਿੰਦਰਪਾਲ ਸਿੰਘ ਵਰਪਾਲ)-ਉਪ ਕੁਲਪਤੀ ਪ੍ਰੋ. (ਡਾ.) ਕਰਮਜੀਤ ਸਿੰਘ ਦੀ ਅਗਵਾਈ ਹੇਠ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਬੋਟੈਨੀਕਲ ਤੇ ਵਾਤਾਵਰਣ ਵਿਗਿਆਨ ਵਿਭਾਗ ਵਲੋਂ ਰੂਸਾ 2.0 (ਸੈਂਟਰ ਫਾਰ ਐਗਰੀਕਲਚਰਲ ਰਿਸਰਚ ਐਂਡ ਇਨੋਵੇਸ਼ਨ) ਅਧੀਨ 'ਨੈਕਸਟ ਜਨਰੇਸ਼ਨ ਸੀਕੁਐਂਸਿੰਗ ਡਾਟਾ ਵਿਸ਼ਲੇਸ਼ਣ' ਵਿਸ਼ੇ 'ਤੇ ਦੋ ਰੋਜ਼ਾ ਕੌਮੀ ਹੈਂਡਜ਼-ਆਨ ਵਰਕਸ਼ਾਪ ਸਫਲਤਾਪੂਰਵਕ ਕਰਵਾਈ ਗਈ | ਵਿਭਾਗ ਮੁਖੀ ਅਤੇ ਵਰਕਸ਼ਾਪ ਦੀ ਕਨਵੀਨਰ ਪ੍ਰੋ. (ਡਾ.) ਰਾਜਿੰਦਰ ਕੌਰ ਨੇ ਵਿਭਾਗ ਦੀਆਂ ਖੋਜ ਪ੍ਰਾਪਤੀਆਂ ਅਤੇ ਪੌਦਾ ਅਤੇ ਵਾਤਾਵਰਣ ਵਿਗਿਆਨ ਖੇਤਰ ਵਿਚ ਐੱਨ.ਜੀ.ਐੱਸ. ਦੀ ਭੂਮਿਕਾ ਬਾਰੇ ਜਾਣਕਾਰੀ ਦਿੱਤੀ | ਵਰਕਸ਼ਾਪ ਕੋਆਰਡੀਨੇਟਰ ਡਾ. ਨਿਤਿਕਾ ਕਪੂਰ ਨੇ ਪ੍ਰੋਗਰਾਮ ਦੀ ਰੂਪਰੇਖਾ ਪੇਸ਼ ਕੀਤੀ | ਮੁੱਖ ਮਹਿਮਾਨ ਪ੍ਰੋ. (ਡਾ.) ਪ੍ਰਤਾਪ ਕੁਮਾਰ ਪਾਤੀ, ਕੋਆਰਡੀਨੇਟਰ ਕੈਰੀ-ਰੂਸਾ 2.0 ਨੇ ਆਧੁਨਿਕ ਜੀਵ ਵਿਗਿਆਨ ਵਿਚ ਵਿਸ਼ੇਸ਼ ਤਕਨੀਕੀ ਸਿਖਲਾਈ ਦੀ ਮਹੱਤਤਾ ਉਜਾਗਰ ਕੀਤੀ | ਵਰਕਸ਼ਾਪ ਦੇ ਪਹਿਲੇ ਦਿਨ ਪ੍ਰੋ. ਏ. ਕੇ. ਪਾਂਡੇ (ਪ੍ਰੋ-ਚਾਂਸਲਰ, ਐੱਮ.ਜੀ. ਯੂ. ਭੋਪਾਲ) ਨੇ ਭਾਗੀਦਾਰਾਂ ਨੂੰ ਐੱਨ.ਜੀ.ਐੱਸ. ਦੀ ਬੁਨਿਆਦੀ ਜਾਣਕਾਰੀ ਅਤੇ ਜੈਵ ਵਿਭਿੰਨਤਾ ਅਤੇ ਫਸਲ ਸੁਧਾਰ ਵਿਚ 'ਓਮਿਕਸ' ਤਕਨੀਕਾਂ ਦੀ ਵਰਤੋਂ ਬਾਰੇ ਜਾਣੂ ਕਰਵਾਇਆ | ਡਾ. ਸਤੀਸ਼ ਮੌਰਿਆ ਨੇ ਵੈੱਟ-ਲੈਬ ਤੋਂ ਡ੍ਰਾਈ-ਲੈਬ ਵਰਕਫਲੋ ਤੱਕ ਦੀ ਪ੍ਰਕਿਰਿਆ ਬਾਰੇ ਜਾਣਕਾਰੀ ਦਿੱਤੀ, ਜਦਕਿ ਅਮਨਦੀਪ ਵਾਲੀਆ ਨੇ ਹਾਈ-ਥਰੂਪੁੱਟ ਸੀਕੁਐਂਸਿੰਗ ਦੀ ਕਾਰਗੁਜ਼ਾਰੀ ਬਾਰੇ ਵਿਸਥਾਰ ਨਾਲ ਦੱਸਿਆ | ਦੂਜੇ ਦਿਨ ਪ੍ਰੋ. ਪਾਤੀ ਨੇ ਯੂਨੀਵਰਸਿਟੀ ਦੀ ਬਾਇਓ-3 ਪਹਿਲ ਬਾਰੇ ਵਿਖਿਆਨ ਦਿੱਤਾ | ਡਾ. ਗੀਤਿਕਾ ਸੁਖਰਮਾਨੀ ਨੇ ਮੌਲੀਕਿਊਲਰ ਟੈਕਸੋਨੋਮੀ 'ਤੇ ਰੌਚਕ ਜਾਣਕਾਰੀ ਸਾਂਝੀ ਕੀਤੀ | ਇਸ ਤੋਂ ਇਲਾਵਾ ਕੰਪਿਊਟਰ ਲੈਬ 'ਚ ਬਲਾਸਟ, ਫਾਸਟਾ ਅਤੇ ਐਨ.ਸੀ.ਬੀ.ਆਈ. ਡਾਟਾਬੇਸ ਦੀ ਵਰਤੋਂ, ਮੇਗਾ ਅਤੇ ਆਈਕਿਊ-ਟ੍ਰੀ 2 ਰਾਹੀਂ ਫਾਈਲੋਜੈਨੇਟਿਕ ਟ੍ਰੀ ਤਿਆਰ ਕਰਨ ਅਤੇ ਜੀਨੋਮ-ਵਾਈਡ ਐਸੋਸੀਏਸ਼ਨ ਸਟੱਡੀਜ਼ (ਜੀ.ਡਬਲਿਊ.ਏ.ਐਸ.) ਸਬੰਧੀ ਵਿਹਾਰਕ ਸਿਖਲਾਈ ਵੀ ਦਿੱਤੀ ਗਈ |ਡੀਨ ਵਿਦਿਆਰਥੀ ਭਲਾਈ ਪ੍ਰੋ. ਸਤਨਾਮ ਸਿੰਘ ਦਿਓਲ ਨੇ ਲੋਕ-ਹਿਤ ਨਾਲ ਜੁੜੀ ਖੋਜ ਨੂੰ ਸਮਾਜ ਤੱਕ ਪਹੁੰਚਾਉਣ ਦੀ ਲੋੜ 'ਤੇ ਜ਼ੋਰ ਦਿੱਤਾ |ਅੰਤ ਵਿੱਚ ਸਹਿ-ਕੋਆਰਡੀਨੇਟਰ ਡਾ. ਮਯੰਕ ਧਰ ਦਿਵੇਦੀ ਨੇ ਧੰਨਵਾਦ ਮਤਾ ਪੇਸ਼ ਕੀਤਾ | ਵਰਕਸ਼ਾਪ ਦੀ ਸਫਲਤਾ ਵਿੱਚ ਪ੍ਰੋ. ਸਤਵਿੰਦਰਜੀਤ ਕੌਰ ਅਤੇ ਪ੍ਰੋ. ਜਤਿੰਦਰ ਕੌਰ ਦੀ ਅਗਵਾਈ ਮਹੱਤਵਪੂਰਨ ਰਹੀ, ਜਦਕਿ ਡਾ. ਆਸਥਾ ਭਾਟੀਆ, ਡਾ. ਕਿ੍ਤਿਕਾ ਪੰਡਿਤ, ਡਾ. ਕਿਰਨਦੀਪ ਧਾਮੀ ਅਤੇ ਡਾ. ਮਹਿਕ ਤਨੇਜਾ ਵੀ ਮੌਜੂਦ ਰਹੇ |