ਅੰਮ੍ਰਿਤਸਰ, 13 ਜੂਨ (ਸੁਰਿੰਦਰ ਕੋਛੜ)-ਪੰਜਾਬ ਪ੍ਰਦੇਸ਼ ਵਪਾਰ ਮੰਡਲ ਦੀ ਅੰਮ੍ਰਿਤਸਰ ਇਕਾਈ ਦੇ ਪ੍ਰਧਾਨ ਸੁਰਿੰਦਰ ਦੁੱਗਲ ਦੀ ਅਗਵਾਈ ‘ਚ ਵਪਾਰੀ ਆਗੂਆਂ ਨੇ ਕੇਂਦਰੀ ਮੰਤਰੀ ਮਨੋਹਰ ਲਾਲ ਖੱਟੜ ਨਾਲ ਮੀਟਿੰਗ ਕੀਤੀ। ਜਿਸ ‘ਚ ਸਾਬਕਾ ਰਾਜ ਸਭਾ ਮੈਂਬਰ ਸ਼ਵੇਤ ਮਲਿਕ, ਪਿਆਰੇ ਲਾਲ ਸੇਠ, ਹਰਵਿੰਦਰ ਸੰਧੂ ਵੀ ਸ਼ਾਮਿਲ ਹੋਏ। ਇਸ ਮੌਕੇ ਦੁੱਗਲ ਨੇ ਅੰਮ੍ਰਿਤਸਰ ਦੀ ਤਰੱਕੀ ਲਈ ਪਾਇਲਟ ਪ੍ਰਾਜੈਕਟ ਸਾਬਤ ਹੋਣ ਵਾਲੇ ਯੂਨਿਟੀ ਮਾਲ ਨੂੰ ਜਲਦੀ ਚਾਲੂ ਕਰਨ ਦੀ ਮੰਗ ਕਰਦਿਆਂ ਦੱਸਿਆ ਕਿ ਇਹ ਪ੍ਰਾਜੈਕਟ ਕੇਂਦਰ ਤੇ ਪੰਜਾਬ ਸਰਕਾਰ ਦੀ ਹਿੱਸੇਦਾਰੀ ਨਾਲ ਬਣਨਾ ਹੈ। ਉਨ੍ਹਾਂ ਨੇ ਸ਼ਹਿਰ ਤੇ ਸਿਵਲ ਲਾਈਨ ਨੂੰ ਜੋੜਨ ਵਾਲੇ ਰੀਗੋ ਬ੍ਰਿਜ ਨੂੰ ਜਲਦੀ ਪੂਰਾ ਕਰਨ ਦੀ ਮੰਗ ਕੀਤੀ। ਇਸ ਤੋਂ ਇਲਾਵਾ ਉਨ੍ਹਾਂ ਨੇ ਸ਼ਹਿਰ ‘ਚ ਸ਼ਹਿਰ ਦੀ ਟ੍ਰੈਫ਼ਿਕ ਸਮੱਸਿਆ ਨੂੰ ਹੱਲ ਕਰਨ ਲਈ ਸ਼ਾਸਤਰੀ ਮਾਰਕੀਟ ਦੇ ਨਾਲ ਪੁਰਾਣੀ ਟੈਲੀਫ਼ੋਨ ਐਕਸਚੇਂਜ ਚੇਂਜ ਦੀ ਬਿਲਡਿੰਗ ‘ਚ ਪਾਰਕਿੰਗ ਬਣਾਏ ਜਾਣ ਦਾ ਸੁਝਾਅ ਵੀ ਦਿੱਤਾ। ਦੁੱਗਲ ਨੇ ਕਿਹਾ ਕਿ ਅੰਮ੍ਰਿਤਸਰ ਦਾ ਗੁਰੂ ਨਾਨਕ ਦੇਵ ਹਸਪਤਾਲ ਅਤੇ ਟੀ. ਬੀ. ਹਸਪਤਾਲ ਜੋ ਕਿ ਕਿਸੇ ਜ਼ਮਾਨੇ ‘ਚ ਬਿਹਤਰ ਮੈਡੀਕਲ ਸੇਵਾਵਾਂ ਦਿੰਦੇ ਸਨ, ਇਨ੍ਹਾਂ ਨੂੰ ਪੀ. ਜੀ. ਆਈ. ਚੰਡੀਗੜ੍ਹ ਦੇ ਨਾਲ ਜੋੜਿਆ ਜਾਵੇ। ਉਨ੍ਹਾਂ ਨੇ ਅਟਾਰੀ-ਵਾਹਗਾ ਸਰਹੱਦ ਰਾਈ ਸਰਹੱਦੀ ਵਪਾਰ ਸ਼ੁਰੂ ਕਰਨ ਦੀ ਮੰਗ ਕਰਦਿਆਂ ਆਨਲਾਈਨ ਵਿਕਰੀ ਹੋ ਰਹੀਆਂ ਦਵਾਈਆਂ ‘ਤੇ ਪਾਬੰਦੀ ਲਗਾਉਣ ਦੀ ਮੰਗ ਨੂੰ ਦੁਹਰਾਇਆ। ਉਨ੍ਹਾਂ ਇਹ ਵੀ ਕਿਹਾ ਕਿ ਗੁਰੂ ਰਾਮਦਾਸ ਜੀ ਕੌਮਾਂਤਰੀ ਹਵਾਈ ਅੱਡੇ ‘ਤੇ ਸਾਮਾਨ ਦੇਸ਼-ਵਿਦੇਸ਼ ਭੇਜਣ ਲਈ ਕੇਂਦਰ ਸਰਕਾਰ ਆਪਣਾ ਦਫ਼ਤਰ ਖੋਲ੍ਹੇ ਤਾਂ ਕਿ ਵਪਾਰੀਆਂ ਨੂੰ ਮਾਲ ਜਲਦੀ ਮਿਲ ਸਕੇ। ਇਸ ਮੌਕੇ ਪਿਆਰੇ ਲਾਲ ਸੇਠ ਨੇ ਕਿਹਾ ਕਿ ਅੰਮ੍ਰਿਤਸਰ ‘ਚ ਸਪੈਸ਼ਲ ਇਕਨੋਮਿਕ ਜ਼ੋਨ ਬਣਾਇਆ ਜਾਵੇ ਤਾਂ ਕਿ ਵਪਾਰ ‘ਚ ਹੋਰ ਵੀ ਵਾਧਾ ਹੋ ਸਕੇ। ਉਨ੍ਹਾਂ ਕਿਹਾ ਕਿ ਜੀ. ਐੱਸ. ਟੀ. ਇਕੱਠਾ ਕਰਕੇ ਵਪਾਰੀ ਵਰਗ ਕੇਂਦਰ ਅਤੇ ਸੂਬਾ ਸਰਕਾਰਾਂ ਨੂੰ ਦਿੰਦਾ ਹੈ ਪਰ ਅੱਗ ਲੱਗਣ ਜਾਂ ਕਿਸੇ ਹੋਰ ਕਾਰਨ ਕਰਕੇ ਉਨ੍ਹਾਂ ਦਾ ਕੋਈ ਨੁਕਸਾਨ ਹੋਣ ‘ਤੇ ਉਨ੍ਹਾਂ ਨੂੰ ਕੋਈ ਮੁਆਵਜ਼ਾ ਨਹੀਂ ਦਿੱਤਾ ਜਾਂਦਾ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਅਤੇ ਸੂਬਾ ਸਰਕਾਰ ਹੋਰ ਵਰਗਾਂ ਦੀ ਤਰ੍ਹਾਂ ਵਪਾਰੀਆਂ ਨੂੰ ਵੀ ਮੁਆਵਜ਼ਾ ਦੇਵੇ। ਮੀਟਿੰਗ ‘ਚ ਬਲਬੀਰ ਭਸੀਣ, ਰਾਕੇਸ਼ ਠੁਕਰਾਲ, ਜੈਦੀਪ ਸਿੰਘ, ਗੌਰਵ ਗੁਪਤਾ, �. ਪੀ. ਬੁਲਾਨੀ, ਰਾਜੇਸ਼ ਹੇਠ, ਸੰਦੀਪ ਖੋਸਲਾ, ਗੁਰਦੀਪ ਸਿੰਘ, ਕੌਸ਼ਲ ਗੰਭੀਰ, ਰਮਿੰਦਰ ਸਿੰਘ ਸੋਢੀ, ਰਵੀ ਅਰੋੜਾ, ਅਸ਼ਵਨੀ ਸ਼ਰਮਾ ਆਦਿ ਹਾਜ਼ਰ ਸਨ। ਮੰਤਰੀ ਮਨੋਹਰ ਲਾਲ ਖੱਟੜ ਨੇ ਭਰੋਸਾ ਦਿੱਤਾ ਕਿ ਉਹ ਵਪਾਰੀਆਂ ਦੀਆਂ ਸਮੱਸਿਆਵਾਂ ਨੂੰ ਕੇਂਦਰ ਸਰਕਾਰ ਤੱਕ ਪਹੁੰਚਾ ਕੇ ਜਲਦੀ ਇਨ੍ਹਾਂ ਦਾ ਹੱਲ ਕੱਢਣਗੇ।