ਅੰਮ੍ਰਿਤਸਰ, 15 ਜੂਨ (ਸੁਰਿੰਦਰ ਕੋਛੜ)-ਬਿਲਡਿੰਗ ਮਟੀਰੀਅਲ ਰੇਤ, ਬਜਰੀ, ਇੱਟਾਂ, ਸੀਮੈਂਟ, ਸਰੀਆ ਆਦਿ ਦੇ ਭਾਅ ‘ਚ ਹੋਏ ਵਾਧੇ ਕਾਰਨ ਆਮ ਵਿਅਕਤੀ ਲਈ ਘਰ ਬਣਾਉਣਾ ਇਕ ਸੁਪਨਾ ਬਣਦਾ ਜਾ ਰਿਹਾ ਹੈ। ਇਮਾਰਤੀ ਸਮਗਰੀ ਤੇ ਖ਼ਾਸ ਤੌਰ ‘ਤੇ ਇੱਟਾਂ ਦੀ ਕੀਮਤ ‘ਚ ਭਾਰੀ ਵਾਧਾ ਹੋਣ ਕਾਰਨ ਸ਼ਹਿਰਾਂ ਪਿੰਡਾਂ ‘ਚ ਉਸਾਰੀ ਦੇ ਕੰਮ ਪ੍ਰਭਾਵਿਤ ਹੋ ਰਹੇ ਹਨ। ਉੱਧਰ, ਦਿਹਾੜੀਆਂ ਨਾ ਲੱਗਣ ਕਰਕੇ ਦੂਜਿਆਂ ਸੂਬਿਆਂ ਤੋਂ ਪੰਜਾਬ ‘ਚ ਮਿਹਨਤ ਮਜ਼ਦੂਰੀ ਕਰਨ ਆਏ ਮਜ਼ਦੂਰ ਤੇ ਮਿਸਤਰੀ ਵੀ ਆਪਣੇ ਖੇਤਰਾਂ ਨੂੰ ਪਰਤਣ ਬਾਰੇ ਵਿਚਾਰਾਂ ਕਰ ਰਹੇ ਹਨ। ਅੰਮ੍ਰਿਤਸਰ ਕਿਲਨ ਐਂਡ ਬ੍ਰਿਕ ਐਸੋਸੀਏਸ਼ਨ ਦੇ ਪ੍ਰਧਾਨ ਮੁਕੇਸ਼ ਨੰਦਾ ਨੇ ‘ਅਜੀਤ’ ਨੂੰ ਦੱਸਿਆ ਕਿ ਕੋਲਾ ਵਪਾਰੀਆਂ ਵਲੋਂ ਮਨਮਾਨੇ ਢੰਗ ਨਾਲ ਸੀਜ਼ਨ ਦੌਰਾਨ ਕੋਲੇ ਦੇ ਮੁੱਲ ‘ਚ ਕੀਤੇ ਗਏ ਭਾਰੀ ਵਾਧੇ ਨਾਲ ਇੱਟ ਭੱਠਾ ਮਾਲਕਾਂ ਲਈ ਮੁਸ਼ਕਲਾਂ ਖੜ੍ਹੀਆਂ ਹੋ ਗਈਆਂ ਹਨ। ਨੰਦਾ ਨੇ ਇਹ ਵੀ ਦੋਸ਼ ਲਗਾਇਆ ਕਿ ਭਾਰਤ ‘ਚ ਕੋਲਾ ਆਯਾਤ ਕਰਨ ਵਾਲੇ 4-5 ਵੱਡੇ ਘਰਾਨਿਆਂ ਨੇ ਸਾਰੇ ਭਾਰਤ ਦੀ ਕੋਲਾ ਮਾਰਕੀਟ ‘ਤੇ ਕਬਜ਼ਾ ਕੀਤਾ ਹੋਇਆ ਹੈ ਅਤੇ ਮਨਮਾਨੇ ਢੰਗ ਨਾਲ ਕੋਲੇ ਦੀ ਕਾਲਾ ਬਾਜ਼ਾਰੀ ਕਰ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਸੂਬਾ ਅਤੇ ਕੇਂਦਰ ਸਰਕਾਰ ਦੀਆਂ ਇੱਟ ਭੱਠਾ ਕਾਰੋਬਾਰ ਵਿਰੋਧੀ ਨੀਤੀਆਂ ਨਾਲ ਇਹ ਕਾਰੋਬਾਰ ਮੰਦੀ ਦੇ ਦੌਰ ‘ਚੋਂ ਲੰਘ ਰਿਹਾ ਹੈ। ਇੱਟ ਭੱਠਾ ਕਾਰੋਬਾਰੀ ਅਨਿਲ ਅਗਰਵਾਲ ਅਤੇ ਆਸ਼ੀਸ਼ ਭੱਲਾ ਨੇ ਕਿਹਾ ਕਿ ਕੇਂਦਰ ਸਰਕਾਰ ਵਲੋਂ ਇੱਟਾਂ ਅਤੇ ਕੋਲੇ ‘ਤੇ ਜੀ. ਐੱਸ. ਟੀ. ਦਰਾਂ ‘ਚ ਕੀਤੇ ਬੇਤਹਾਸ਼ਾ ਵਾਧੇ ਨਾਲ ਵੀ ਇੱਟਾਂ ਦੇ ਭਾਅ ‘ਚ ਵਾਧਾ ਹੋਇਆ ਹੈ। ਇਸ ਤੋਂ ਇਲਾਵਾ ਸਰਕਾਰ ਵਲੋਂ ਲਈ ਜਾਣ ਵਾਲੀ ਰਿਆਲਟੀ ਵੀ 60 ਹਜ਼ਾਰ ਰੁਪਏ ਤੋਂ ਵਧਾ ਕੇ ਘੱਟੋ-ਘੱਟ 2 ਲੱਖ 18 ਹਜ਼ਾਰ ਰੁਪਏ ਕਰ ਦਿੱਤੀ ਗਈ ਹੈ। ਜਿਸ ਦਾ ਸਿੱਧਾ ਅਸਰ ਇੱਟਾਂ ਦੇ ਭਾਅ ‘ਤੇ ਪਿਆ ਹੈ। ਉਨ੍ਹਾਂ ਨੇ ਕਿਹਾ ਕਿ ਸੂਬਾ ਸਰਕਾਰ ਵਲੋਂ ਮਜ਼ਦੂਰੀ ਦਰਾਂ ਵਿਚ ਇਕਮੁਸ਼ਤ 15 ਫ਼ੀਸਦੀ ਵਾਧਾ ਅਤੇ ਮਿੱਟੀ ਦੇ ਭਾਅ ‘ਚ ਕਈ ਗੁਣਾ ਵਾਧਾ ਕੀਤੇ ਜਾਣ ਕਾਰਨ ਉਤਪਾਦਨ ਲਾਗਤ ਵਿਚ ਹੋਏ ਬੇਹੱਦ ਵਾਧੇ ਕਰਕੇ ਇੱਟ ਭੱਠਾ ਮਾਲਕਾਂ ਕੋਲ ਕੀਮਤਾਂ ਵਧਾਉਣ ਤੋਂ ਇਲਾਵਾ ਕੋਈ ਹੋਰ ਚਾਰਾ ਨਹੀਂ ਬਚਿਆ ਹੈ। ਦੱਸਿਆ ਜਾ ਰਿਹਾ ਹੈ ਕਿ ਪਿਛਲੇ ਕੁੱਝ ਮਹੀਨਿਆਂ ‘ਚ ਪ੍ਰਤੀ ਹਜ਼ਾਰ ਇੱਟ ਦੇ ਭਾਅ ‘ਚੇ ਲਗਭਗ 2-3 ਹਜ਼ਾਰ ਰੁਪਏ ਦਾ ਵਾਧਾ ਹੋਇਆ ਹੈ। ਅੰਮ੍ਰਿਤਸਰ ਬਿਲਡਿੰਗ ਮੈਟੀਰੀਅਲ ਐਸੋਸੀਏਸ਼ਨ ਦੇ ਪ੍ਰਧਾਨ ਹਰਵਿੰਦਰ ਸਿੰਘ ਅਰੋੜਾ ਨਾਲ ਗੱਲਬਾਤ ਕਰਨ ‘ਤੇ ਉਨ੍ਹਾਂ ਨੇ ਦੱਸਿਆ ਕਿ ਬਿਲਡਿੰਗ ਮਟੀਰੀਅਲ ਦੇ ਭਾਅ ‘ਚ ਹੋਏ ਬੇਤਹਾਸ਼ਾ ਵਾਧੇ ਨਾਲ ਜਿੱਥੇ ਕਾਰੋਬਾਰੀਆਂ ‘ਚ ਘਬਰਾਹਟ ਬਣੀ ਹੋਈ ਹੈ, ਉੱਥੇ ਹੀ ਗਾਹਕ ਵੀ ਕਾਫ਼ੀ ਪਰੇਸ਼ਾਨ ਹਨ। ਉਨ੍ਹਾਂ ਨੇ ਕਿਹਾ ਕਿ ਇਨ੍ਹਾਂ ਹਾਲਾਤਾਂ ‘ਚ ਵਪਾਰ ਬੰਦ ਹੋਣ ਦੀ ਕਗਾਰ ‘ਤੇ ਪਹੁੰਚ ਚੁੱਕਿਆ ਹੈ। ਅਰੋੜਾ ਨੇ ਦੱਸਿਆ ਕਿ ਇਕੱਲੇ ਅੰਮ੍ਰਿਤਸਰ ‘ਚ ਲਗਭਗ 3500 ਬਿਲਡਿੰਗ ਮਟੀਰੀਅਲ ਦੀਆਂ ਛੋਟੀਆਂ ਵੱਡੀਆਂ ਦੁਕਾਨਾਂ ਹਨ ਅਤੇ ਤਕਰੀਬਨ ਹਰ ਦੁਕਾਨ ‘ਤੇ 6 ਤੋਂ 10 ਕਰਮਚਾਰੀ ਕੰਮ ਕਰਦੇ ਹਨ। ਉਸਾਰੀ ਦੇ ਸਾਮਾਨ ਦੀਆਂ ਕੀਮਤਾਂ ‘ਚ ਹੋਏ ਵਾਧੇ ਕਾਰਨ ਉਸਾਰੀ ਦੇ ਕੰਮ ਰੁਕਣ ਨਾਲ ਜਿੱਥੇ ਹਜ਼ਾਰਾਂ ਮਜ਼ਦੂਰ ਤੇ ਮਿਸਤਰੀ ਬੇਰੁਜ਼ਗਾਰ ਹੋ ਗਏ ਹਨ ਅਤੇ ਉੱਥੇ ਹੀ ਦੁਕਾਨਦਾਰਾਂ ਲਈ ਆਪਣੇ ਕਰਮਚਾਰੀਆਂ ਨੂੰ ਤਨਖ਼ਾਹਾਂ ਦੇਣੀਆਂ ਮੁਸ਼ਕਲ ਹੋ ਗਈਆਂ ਹਨ।
ਬਿਲਡਿੰਗ ਮਟੀਰੀਅਲ ਦੇ ਵਧੇ ਭਾਅ ਨਾਲ ਉਸਾਰੀ ਦੇ ਕੰਮ ਹੋ ਰਹੇ ਪ੍ਰਭਾਵਿਤ
ਅਜੀਤ ਡੈਸਕ
16-06-2026