ਅੰਮ੍ਰਿਤਸਰ, 18 ਜੂਨ (ਰਾਜੇਸ਼ ਕੁਮਾਰ ਸ਼ਰਮਾ)-ਬੀ. ਬੀ. ਕੇ. ਡੀ. ਏ. ਵੀ. ਕਾਲਜ ਫ਼ਾਰ ਵੂਮੈਨ ਅੰਮ੍ਰਿਤਸਰ ਦੀਆਂ ਵਿਦਿਆਰਥਣਾਂ ਨੇ ਆਈ. ਟੀ. ਸੇਵਾਵਾਂ, ਸਲਾਹਕਾਰੀ ਅਤੇ ਵਪਾਰਕ ਹੱਲ ਪ੍ਰਦਾਨ ਕਰਨ ਵਾਲੀ ਵਿਸ਼ਵ ਪੱਧਰੀ ਮੋਹਰੀ ਕੰਪਨੀ ਟੀ. ਸੀ. ਐੱਸ (ਟਾਟਾ ਕੰਸਲਟੈਂਸੀ ਸਰਵਿਸਿਜ਼) ਵਿਚ ਸਥਾਨ ਹਾਸਿਲ ਕਰਕੇ ਕਾਲਜ ਦਾ ਨਾਂਅ ਰੌਸ਼ਨ ਕੀਤਾ ਹੈ। ਭਰਤੀ ਦੀ ਪ੍ਰਕਿਰਿਆ ਵਰਚੁਅਲ (ਆਨਲਾਈਨ) ਤਰੀਕੇ ਨਾਲ ਨੇਪਰੇ ਚੜ੍ਹੀ, ਜਿਸ ‘ਚ ਕਈ ਪੜਾਅ ਸ਼ਾਮਿਲ ਸਨ। ਇਸ ਦੀ ਸ਼ੁਰੂਆਤ ਇਕ ਆਨਲਾਈਨ ਟੈਸਟ ਨਾਲ ਹੋਈ, ਜਿਸ ਤੋਂ ਬਾਅਦ ਤਕਨੀਕੀ ਅਤੇ ਐੱਚ. ਆਰ. ਇੰਟਰਵਿਊ ਦੇ ਦੌਰ ਹੋਏ। ਬੀ. ਸੀ. ਏ. ਕੋਰਸ ਦੀਆਂ ਦੋ ਵਿਦਿਆਰਥਣਾਂ, ਰਿਧੀਮਾ ਮਹਾਜਨ ਅਤੇ ਧਵਨੀ ਨੇ ਸਫਲਤਾਪੂਰਵਕ ਟੀ. ਸੀ. ਐੱਸ ‘ਚ ਨਿਯੁਕਤੀ ਹਾਸਿਲ ਕੀਤੀ। ਇਨ੍ਹਾਂ ਵਿਦਿਆਰਥਣਾਂ ਨੂੰ ਲਗਭਗ 2,80,000 ਰੁਪਏ ਦਾ ਸਾਲਾਨਾ ਪੈਕੇਜ ਆਫਰ ਕੀਤਾ ਗਿਆ ਹੈ। ਪ੍ਰਿੰਸੀਪਲ ਡਾ. ਪੁਸ਼ਪਿੰਦਰ ਵਾਲੀਆ ਨੇ ਕਿਹਾ ਕਿ ਇਹ ਸਫਲਤਾ ਸਾਡੇ ਅਕਾਦਮਿਕ ਢਾਂਚੇ ਦੀ ਮਜ਼ਬੂਤੀ ਅਤੇ ਵਿਦਿਆਰਥਣਾਂ ਨੂੰ ਵਿਸ਼ਵ ਪੱਧਰੀ ਕਰੀਅਰ ਦੇ ਮੌਕਿਆਂ ਲਈ ਤਿਆਰ ਕਰਨ ਲਈ ਕਾਲਜ ਦੁਆਰਾ ਕੀਤੇ ਜਾ ਰਹੇ ਲਗਾਤਾਰ ਯਤਨਾਂ ਨੂੰ ਦਰਸਾਉਂਦੀ ਹੈ। ਉਨ੍ਹਾਂ ਨੇ ਪਲੇਸਮੈਂਟ ਡੀਨ ਮਨੋਜ ਪੁਰੀ ਦੀ ਵੀ ਸ਼ਲਾਘਾ ਕੀਤੀ, ਜਿਨ੍ਹਾਂ ਦੇ ਮਾਰਗਦਰਸ਼ਨ ਅਤੇ ਨਿਰੰਤਰ ਯਤਨਾਂ ਸਦਕਾ ਵਿਦਿਆਰਥਣਾਂ ਨੂੰ ਅਜਿਹੇ ਕੀਮਤੀ ਮੌਕੇ ਪ੍ਰਾਪਤ ਹੋ ਰਹੇ ਹਨ।
ਬੀ. ਬੀ. ਕੇ. ਡੀ. ਏ. ਵੀ. ਕਾਲਜ ਦੀਆਂ ਵਿਦਿਆਰਥਣਾਂ ਦੀ ਟੀ. ਸੀ. ਐੱਸ. ’ਚ ਚੋਣ
ਅਜੀਤ ਡੈਸਕ
19-06-2026