ਹਰਸਾ ਛੀਨਾ, 2 ਜੁਲਾਈ (ਕੜਿਆਲ)-ਆਮ ਆਦਮੀ ਪਾਰਟੀ ਦੇ ਸੀਨੀਅਰ ਨੌਜੁਆਨ ਆਗੂ ਤੇ ਚੇਅਰਮੈਨ ਪੰਜਾਬ ਸਟੇਟ ਹੈਲਥ ਸਿਸਟਮਜ਼ ਕਾਰਪੋਰੇਸ਼ਨ ਗੁਰਸ਼ਰਨ ਸਿੰਘ ਛੀਨਾ ਨੇ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਦੀ ਅਗਵਾਈ ਹੇਠਲੀ ਸੂਬਾ ਸਰਕਾਰ ਵਲੋਂ ਸ਼ੁਰੂ ਕੀਤੀ ‘ਮਾਵਾਂ-ਧੀਆਂ ਸਤਿਕਾਰ ਯੋਜਨਾ’ ਦੀ ਭਰਪੂਰ ਸ਼ਲਾਘਾ ਕਰਦਿਆਂ ਕਿਹਾ ਕਿ ਇਹ ਯੋਜਨਾ ਜਿਥੇ ਮਹਿਲਾਵਾਂ ਨੂੰ ਆਰਥਿਕ ਪੱਖੋਂ ਮਜ਼ਬੂਤ ਕਰੇਗੀ ਉਥੇ ਹੀ ਮਹਿਲਾਵਾਂ ਦੇ ਸਨਮਾਨ ਨੂੰ ਉੱਚਾ ਚੁੱਕਣ ਵਾਲਾ ਇਹ ਇਕ ਇਤਿਹਾਸਿਕ ਫੈਸਲਾ ਹੈ। ਸ. ਛੀਨਾ ਅੱਜ ਪਿੰਡ ਵਿਚਲਾ ਕਿਲ੍ਹਾ (ਹਰਸਾ ਛੀਨਾ) ਵਿਖੇ ਅਜੀਤ ਨਾਲ ਵਿਸੇਸ਼ ਗੱਲਬਾਤ ਕਰ ਰਹੇ ਸਨ। ਸ. ਛੀਨਾ ਨੇ ਕਿਹਾ ਕਿ ਸੂਬਾ ਸਰਕਾਰ ਵਲੋਂ ਮਹਿਲਾਵਾਂ ਨੂੰ ਇਕ ਹਜ਼ਾਰ ਅਤੇ ਪੰਦਰਾਂ ਸੌ ਰੁਪਏ ਦੇਣ ਦੀ ਵਿੱਤੀ ਸਹੂਲਤ ਦੀ ਸ਼ੁਰੂਆਤ ਕਰਕੇ ਸੂਬਾ ਸਰਕਾਰ ਨੇ ਸਰਕਾਰ ਦੇ ਗਠਨ ਤੋਂ ਪਹਿਲਾਂ ਪੰਜਾਬੀਆਂ ਨਾਲ ਕੀਤੇ ਵਾਅਦੇ ਅਨੁਸਾਰ ਸਾਰੀਆਂ ਗਰੰਟੀਆਂ ਨੂੰ ਪੂਰਾ ਕਰਨ ਦੇ ਐਲਾਣ ਨੂੰ ਅਮਲੀ ਜਾਮਾ ਪਹਿਨਾਇਆ ਹੈ। ਸ. ਛੀਨਾ ਨੇ ਕਿਹਾ ਕਿ ਇਹ ਯੋਜਨਾ ਆਰਥਿਕ ਪੱਖੋਂ ਕਮਜ਼ੋਰ ਅਤੇ ਲੋੜਵੰਦ ਮਹਿਲਾਵਾਂ ਲਈ ਬਹੁਤ ਵੱਡਾ ਸਹਾਰਾ ਬਣ ਕੇ ਉਨ੍ਹਾਂ ਦੇ ਜੀਵਨ ਪੱਧਰ ਨੂੰ ਬਿਹਤਰ ਬਣਾਉਣ ਵਿਚ ਸਹਾਈ ਹੋਵੇਗੀ। ਇਸ ਸਮੇਂ ਉਨ੍ਹਾਂ ਨਾਲ ਕੁਲਵਿੰਦਰ ਸਿੰਘ ਔਲਖ ਪ੍ਰਧਾਨ ਨਗਰ ਪੰਚਾਇਤ ਰਾਜਾਸਾਂਸੀ, ਸਾ. ਸਰਪੰਚ ਕੰਵਲਸਮਸ਼ੇਰ ਸਿੰਘ ਸੰਧੂ, ਹਰਜੀਤ ਸਿੰਘ ਵਰਨਾਲੀ ਮੈਂਬਰ ਬਲਾਕ ਸੰਮਤੀ, ਨਿੱਜੀ ਸਹਾਇਕ ਰਾਣਾ ਜਸਤਰਵਾਲ ਸਮੇਤ ਹੋਰ ਹਾਜ਼ਰ ਸਨ।
‘ਮਾਵਾਂ-ਧੀਆਂ ਸਤਿਕਾਰ ਯੋਜਨਾ’ ਮਹਿਲਾਵਾਂ ਦੇ ਸਨਮਾਨ ਲਈ ਇਤਿਹਾਸਕ ਫੈਸਲਾ-ਚੇਅਰਮੈਨ ਛੀਨਾ
ਅਜੀਤ ਡੈਸਕ
03-07-2026