ਅੰਮ੍ਰਿਤਸਰ, 7 ਜੁਲਾਈ (ਹਰਮਿੰਦਰ ਸਿੰਘ)- 90 ਦੇ ਦਹਾਕੇ ਦੌਰਾਨ ਵਾਪਰੇ ਸਰਕਾਰੀ ਤਸ਼ੱਦਦ ’ਤੇ ਆਧਾਰਿਤ ਦਿਲਜੀਤ ਦੁਸਾਂਝ ਦੀ ਫ਼ਿਲਮ ਸਤਲੁਜ ’ਤੇ ਸਰਕਾਰੀ ਤੌਰ ’ਤੇ ਪਾਬੰਦੀ ਲਗਾਈ ਗਈ ਹੈ ਅਤੇ ਇਹ ਫ਼ਿਲਮ ਓ.ਟੀ.ਟੀ. ਪਲੇਟਫ਼ਾਰਮ ਜੀ 5 ’ਤੇ ਜਾਰੀ ਹੋਣ ਤੋਂ ਦੋ ਦਿਨਾਂ ਬਾਅਦ ਹੀ ਉਸ ਪਲੇਟ ਫਾਰਮ ਤੋਂ ਹਟਾ ਦਿੱਤੀ ਗਈ ਅਤੇ ਇੱਥੋਂ ਤੱਕ ਸੋਸ਼ਲ ਮੀਡੀਆ ਦੇ ਯੂ-ਟੂਇਬ ’ਤੇ ਵੀ ਇਹ ਫ਼ਿਲਮ ਨਹੀਂ ਚੱਲ ਰਹੀ ਪਰ ਲੋਕਾਂ ਵਲੋਂ ਇਸ ਫ਼ਿਲਮ ਨੂੰ ਡਾਊਨ ਲਾਊਡ ਕਰਕੇ ਇਕ ਦੂਸਰੇ ਨੂੰ ਭੇਜੇ ਜਾਣ ਤੋਂ ਬਾਅਦ ਇਹ ਫ਼ਿਲਮ ਵਿਸ਼ਵ ਦੇ ਕੋਨੇ ਕੋਨੇ ’ਤੇ ਪਹੁੰਚ ਗਈ ਹੈ। ਸ਼ਾਇਦ ਸਿਨੇਮਾ ਘਰਾਂ ਵਿਚ ਇੰਨੇ ਦਰਸ਼ਕ ਇਸ ਫ਼ਿਲਮ ਨੂੰ ਨਾ ਦੇਖਦੇ ਜਿੰਨੇ ਦਰਸ਼ਕਾਂ ਨੇ ਇਹ ਫਿਲਮ ਆਪਣੇ ਫੋਨਾਂ ਰਾਹੀਂ ਦੇਖ ਲਈ ਹੈ। 90 ਦੇ ਦਹਾਕੇ ਦੌਰਾਨ ਹੋਏ ਅਣਮਨੁੱਖੀ ਤਸ਼ੱਦਦ ਦੌਰਾਨ 25 ਹਜ਼ਾਰ ਦੇ ਕਰੀਬ ਲੋਕਾਂ ਦੀਆਂ ਲਾਸ਼ਾਂ ਨੂੰ ਅਣਪਛਾਤੀਆਂ ਦੱਸ ਕੇ ਉਨ੍ਹਾਂ ਦੇ ਸੰਸਕਾਰ ਕੀਤੇ ਗਏ । ਇਸ ਸਾਰੇ ਮਾਮਲੇ ਨੂੰ ਲੋਕਾਂ ਸਾਹਮਣੇ ਲਿਆਉਣ ਦਾ ਯਤਨ ਕਰਨ ਵਾਲੇ ਜਸਵੰਤ ਸਿੰਘ ਖਾਲੜਾ ਵੀ ਸਰਕਾਰੀ ਜਬਰ ਦਾ ਸ਼ਿਕਾਰ ਹੋ ਗਏ ਸਨ। ਇਸ ਨਾਇਕ ਦੇ ਆਧਾਰਿਤ ਫ਼ਿਲਮ ਸਤਲੁਜ ਜਿਸ ਦਾ ਪਹਿਲਾਂ ਨਾਂਅ ‘ਪੰਜਾਬ 95’ ਰੱਖਿਆ ਗਿਆ ਸੀ ਅਤੇ ਕਰੀਬ 4 ਸਾਲ ਪਹਿਲਾਂ ਇਹ ਫਿਲਮ ਤਿਆਰ ਹੋ ਗਈ ਸੀ। ਇਸ ਫ਼ਿਲਮ ‘ਤੇ ਦੇਸ਼ ਦੇ ਸੈਂਸਰ ਬੋਰਡ ਵਲੋਂ 120 ਦੇ ਕਰੀਬ ਕੱਟ ਲਗਾਏ ਗਏ ਅਤੇ ਇਸ ‘ਤੇ ਪਾਬੰਦੀ ਲਗਾਈ ਗਈ । ਲੰਬੇ ਇੰਤਜ਼ਾਰ ਤੋਂ ਬਾਅਦ ਆਖ਼ਰਕਾਰ 3 ਜੁਲਾਈ ਨੂੰ ਜੀ 5 ਓ.ਟੀ.ਟੀ. ਪਲੇਟਫਾਰਮ ‘ਤੇ ਸਤਲੁਜ ਫਿਲਮ ਨੂੰ ਰਿਲੀਜ਼ ਕਰ ਦਿੱਤੀ ਗਈ। ਜਿਸ ਦੀ ਚੁਫੇਰੇ ਚਰਚਾ ਹੋਣ ਲੱਗ ਪਈ। ਇਸ ਦੌਰਾਨ ਹੀ ਇਹ ਫ਼ਿਲਮ ਲੋਕਾਂ ਵਲੋਂ ਆਪਣੇ ਮੁਬਾਇਲ ਫੋਨਾਂ ‘ਤੇ ਡਾਊਨਲੋਡ ਕਰ ਲਈ ਗਈ। ਦੋ ਦਿਨ ਬਾਅਦ 5 ਜੁਲਾਈ ਨੂੰ ਇਸ ਫ਼ਿਲਮ ਨੂੰ ਜੀ5 ਪਲੇਟਫਾਰਮ ਤੋਂ ਚੁੱਕ ਦਿੱਤਾ ਗਿਆ। ਪਰ ਇਸ ਦੇ ਨਾਲ ਲੋਕਾਂ ‘ਚ ਮਨਾ ‘ਚ ਸਤਲੁਜ ਫ਼ਿਲਮ ਨੂੰ ਲੈ ਕੇ ਹੋਰ ਖਿੱਚ ਪੈਦਾ ਹੋ ਗਈ ਅਤੇ ਮੋਬਾਈਲ ਫੋਨਾਂ ‘ਤੇ ਡਾਊਨਲੋਡ ਹੋਈ ਇਹ ਫ਼ਿਲਮ ਥੋੜ੍ਹੇ ਜਿਹੇ ਸਮੇਂ ‘ਚ ਮੋਬਾਈਲਾਂ ਰਾਹੀਂ ਵਿਸ਼ਵ ਦੇ ਕੋਨੇ ਕੋਨੇ ‘ਤੇ ਪਹੁੰਚ ਗਈ। ਅੱਜ ਪਿੰਡ ਦੀ ਸੱਥ ਹੋਵੇ ਜਾਂ ਸ਼ਹਿਰੀ ਚੌਕ, ਗਲੀਆਂ ਮੁਹੱਲਿਆਂ, ਦਫ਼ਤਰਾਂ ਅਤੇ ਰਿਸ਼ਤੇਦਾਰਾਂ ਨਾਲ ਫੋਨਾਂ ‘ਤੇ ਵੀ ਲੋਕਾਂ ਵਲੋਂ ਵੀ ਇਸ ਫ਼ਿਲਮ ‘ਤੇ ਚਰਚਾ ਕੀਤੀ ਜਾ ਰਹੀ ਹੈ ਅਤੇ ਹਰ ਕਿਸੇ ਨੂੰ ਫ਼ਿਲਮ ਦੇਖਣ ਲਈ ਪ੍ਰੇਰਿਆ ਜਾ ਰਿਹਾ ਹੈ। ਹੁਣ ਤੱਕ ਮੁਬਾਇਲ ਫੋਨਾਂ ਜਾਂ ਫੇਸਬੁਕ ਰਾਹੀਂ ਜਿੰਨੇ ਲੋਕ ਸਤਲੁਜ ਫ਼ਿਲਮ ਨੂੰ ਦੇਖ ਚੁੱਕੇ ਹਨ ਸ਼ਾਇਦ ਜੇਕਰ ਇਹ ਫ਼ਿਲਮ ਸਿਨੇਮਾ ਘਰਾਂ ‘ਚ ਲੱਗੀ ਹੁੰਦੀ ਤਾਂ ਇੰਨੇ ਲੋਕ ਨਾ ਦੇਖਦੇ। ਸਰਕਾਰੀ ਤੌਰ ‘ਤੇ ਸਤਲੁਜ ਫ਼ਿਲਮ ‘ਤੇ ਲਗਾਈ ਗਈ ਪਾਬੰਦੀ ਨੇ ਫ਼ਿਲਮ ਦੀ ਅਹਿਮੀਅਤ ਨੂੰ ਹੋਰ ਵੀ ਵਧਾ ਦਿੱਤਾ ਹੈ ਹਰ ਕੋਈ ਇਸ ਫ਼ਿਲਮ ਨੂੰ ਦੇਖਣ ਲਈ ਉਤਾਵਲਾ ਹੋਇਆ ਹੈ ।
ਪਾਬੰਦੀ ਦੇ ਬਾਵਜੂਦ ਲੋਕਾਂ ’ਚ ਵਧੀ ‘ਸਤਲੁਜ’ ਫ਼ਿਲਮ ਦੀ ਲੋਕਪ੍ਰਿਅਤਾ
ਅਜੀਤ ਡੈਸਕ
08-07-2026