ਅੰਮ੍ਰਿਤਸਰ, 13 ਜੁਲਾਈ (ਸੁਰਿੰਦਰਪਾਲ ਸਿੰਘ ਵਰਪਾਲ)-ਪੰਜਾਬ ਪੈਨਸ਼ਨਰਜ਼ ਯੂਨੀਅਨ ਜ਼ਿਲ੍ਹਾ ਅੰਮ੍ਰਿਤਸਰ ਦੀ ਮਹੀਨਾਵਾਰ ਮੀਟਿੰਗ ਜ਼ਿਲ੍ਹਾ ਪ੍ਰਧਾਨ ਬਲਰਾਜ ਸਿੰਘ ਭੰਗੂ, ਹਰਦੇਵ ਸਿੰਘ ਭਕਨਾ, ਰਾਮ ਮੂਰਤੀ ਸ਼ਰਮਾ, ਰਜਿੰਦਰ ਪਾਲ ਕੌਰ, ਬਲਦੇਵ ਰਾਜ, ਨਿਰਵੈਰ ਸਿੰਘ ਅਤੇ ਪ੍ਰਿੰਸੀਪਲ ਸੁਖਦੇਵ ਸਿੰਘ ਢਿਲੋਂ ਦੀ ਸਾਂਝੀ ਪ੍ਰਧਾਨਗੀ ਹੇਠ ਵਿਖੇ ਹੋਈ। ਇਸ ਦੌਰਾਨ ਸਭ ਤੋਂ ਪਹਿਲਾਂ ਸੂਬਾਈ ਸੀਨੀਅਰ ਆਗੂ ਗੁਰਚਰਨ ਸਿੰਘ ਸੰਧੂ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ ਗਏ ਉਪਰੰਤ ਆਗੂਆਂ ਨੇ ਦੱਸਿਆ ਕਿ ਮੀਟਿੰਗ ਦੌਰਾਨ ਫੈਸਲਾ ਕੀਤਾ ਗਿਆ ਕਿ ਪੰਜਾਬ ਪੈਨਸ਼ਨਰਜ਼ ਯੂਨੀਅਨ ਅੰਮ੍ਰਿਤਸਰ ਦੇ ਪੈਨਸ਼ਨਰ ਸਾਥੀ 7 ਅਗਸਤ ਵਾਲੀ ਰੈਲੀ ‘ਚ ਵੱਡੀ ਗਿਣਤੀ ‘ਚ ਆਪਣੇ-ਆਪਣੇ ਬੈਨਰ ਲੈ ਕੇ ਰੈਲੀ ‘ਚ ਪਹੁੰਚਣਗੇ। ਵੱਖ-ਵੱਖ ਬੁਲਾਰੇ ਸੂਬਾਈ ਡਿਪਟੀ ਜਨਰਲ ਸਕੱਤਰ ਸਤਿਆਪਾਲ ਗੁਪਤਾ, ਕੁਲਵੰਤ ਸਿੰਘ ਘੁੱਕੇਵਾਲੀ, ਪਰਮਜੀਤ ਸਿੰਘ ਨਿੱਝਰ, ਭਵਾਨੀ ਫੇਰ, ਹਰਜੀਤ ਸਿੰਘ ਉਪਲ, ਨਰਿੰਦਰ ਪਾਲ, ਸੁਰਿੰਦਰ ਕੁਮਾਰ ਨੇ ਪੰਜਾਬ ਸਰਕਾਰ ਨੂੰ ਆੜੇ ਹੱਥੀ ਲੈਂਦਿਆਂ ਕਿਹਾ ਕਿ ਪੰਜਾਬ ‘ਚ ਕਈ ਸਰਕਾਰਾਂ ਆਈਆਂ ਪਰ ਇਸ ਤਰ੍ਹਾਂ ਦੀ ਝੂਠੀ ਬਹਾਨੇਬਾਜ਼ ਨਿਕੰਮੀ ਸਰਕਾਰ ਨਹੀਂ ਵੇਖੀ ਜੋ ਮਹਿੰਗਾਈ ਭੱਤੇ ‘ਤੇ ਲਗਾਤਾਰ ਮਾਨਯੋਗ ਹਾਈਕੋਰਟ ‘ਚ ਝੂਠੇ ਹਲਫੀਆ ਬਿਆਨ ਦਾਖਲ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੇ ਪੇ ਕਮਿਸ਼ਨ ਵਲੋਂ ਸਿਫਾਰਿਸ਼ ਕੀਤਾ ਪੈਨਸ਼ਨਰਾਂ ਦਾ ਪੈਨਸ਼ਨ ਸੋਧ ਫਾਰਮੂਲ 2.59 ਗੁਣਾਂਕ ਲਾਗੂ ਨਹੀਂ ਕੀਤਾ, ਕੱਚੇ ਮੁਲਾਜ਼ਮ ਪੱਕੇ ਨਹੀਂ ਕੀਤੇ, ਨਾ ਹੀ ਚਾਰ ਸਾਲਾਂ ‘ਚ ਪੈਨਸ਼ਨਰਾਂ ਨਾਲ ਕੋਈ ਮੀਟਿੰਗ ਕੀਤੀ ਅਤੇ ਨਾ ਹੀ ਡੀ. ਏ. ਦੀ ਕੋਈ ਕਿਸ਼ਤ ਦਿੱਤੀ। ਉਨ੍ਹਾਂ ਪੰਜਾਬ ਸਰਕਾਰ ਨੂੰ ਚੇਤਾਵਨੀ ਦਿੱਤੀ ਕਿ ਪੰਜਾਬ ਸਰਕਾਰ ਨੇ ਜੇਕਰ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਦੀਆਂ ਮੰਗਾਂ ਨੂੰ ਅਣਗੌਲਿਆਂ ਕੀਤਾ ਤਾਂ ਇਸ ਦਾ ਖਮਿਆਜਾ ਆਮ ਆਦਮੀ ਪਾਰਟੀ ਨੂੰ ਅਗਾਮੀ ਵਿਧਾਨ ਸਭਾ ਚੋਣਾਂ ਦੌਰਾਨ ਭੁਗਤਣਾ ਪਵੇਗਾ। ਇਸ ਮੌਕੇ ਬਲਦੇਵ ਸਿੰਘ ਭੋਮਾ, ਬਲੌਰ ਸਿੰਘ, ਜੁਗਿੰਦਰ ਸਿੰਘ, ਤਿਲਕ ਰਾਜ, ਬਲਦੇਵ ਸਿੰਘ ਹੈਲਥ, ਸੁਰਿੰਦਰ ਸਿੰਘ, ਸਲਵਿੰਦਰ ਪਾਲ, ਅੰਚਲ ਕੁਮਾਰ, ਸੱਜਣ ਸਿੰਘ, ਕੇਵਲ ਸਿੰਘ, ਹਰਦੀਪ ਸਿੰਘ ਆਦਿ ਹਾਜ਼ਰ ਸਨ।