ਅੰਮ੍ਰਿਤਸਰ, 16 ਜੁਲਾਈ (ਜਸਵੰਤ ਸਿੰਘ ਜੱਸ)-ਸਾਬਕਾ ਰਾਜ ਸਭਾ ਮੈਂਬਰ ਤੇ ਪੰਜਾਬ ਭਾਜਪਾ ਦੇ ਸਾਬਕਾ ਪ੍ਰਧਾਨ ਇੰਜ: ਸ਼ਵੇਤ ਮਲਿਕ ਨੇ ਕਿਹਾ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਨੇ ਪਿਛਲੇ 12 ਸਾਲਾਂ ਦੌਰਾਨ ਪੰਜਾਬ ਦੇ ਵਿਕਾਸ ਅਤੇ ਭਲਾਈ ਲਈ ਚਾਰ ਲੱਖ ਕਰੋੜ ਤੋਂ ਵੱਧ ਦੀ ਕੇਂਦਰੀ ਸਹਾਇਤਾ ਪ੍ਰਦਾਨ ਕੀਤੀ ਹੈ। ਅੱਜ ਇਥੇ ਜਾਰੀ ਬਿਆਨ ਵਿਚ ਸ੍ਰੀ ਮਲਿਕ ਨੇ ਕਿਹਾ ਕਿ ਇਸ ਦੌਰਾਨ ਰਾਜ ਵਿਚ ਖੇਤੀਬਾੜੀ, ਬੁਨਿਆਦੀ ਢਾਂਚੇ ਅਤੇ ਸਿਹਤ ਦੇ ਖੇਤਰ ਵਿਚ ਮਹੱਤਵਪੂਰਨ ਬਦਲਾਅ ਆਏ ਹਨ। ਉਨ੍ਹਾਂ ਕਿਹਾ ਕਿ ਰਾਜ ਵਿਚ 43,427 ਕਰੋੜ ਤੋਂ ਵੱਧ ਦੀ ਲਾਗਤ ਵਾਲੀ ਨੈਸ਼ਨਲ ਹਾਈਵੇ ਯੋਜਨਾਵਾਂ ਲਾਗੂ ਕੀਤੀਆਂ ਗਈਆਂ ਹਨ, ਜਿਨ੍ਹਾਂ ਨਾਲ ਆਉਣਾ ਜਾਣਾ ਸੁਖਾਲਾ ਹੋ ਗਿਆ ਹੈ ਅਤੇ ਦਿੱਲੀ-ਅੰਮ੍ਰਿਤਸਰ-ਕਟੜਾ ਅਤੇ ਅੰਮ੍ਰਿਤਸਰ-ਜਾਮ ਨਗਰ ਐਕਸਪ੍ਰੈਸ ਵੇਅ ਪੰਜਾਬ ਵਿਚ ਸੁਖਦ ਯਾਤਰਾ ਅਤੇ ਮਾਲ ਦੀ ਢੋਆ ਢੁਆਈ ਨੂੰ ਉਤਸ਼ਾਹਿਤ ਕਰਨਗੇ। ਉਨ੍ਹਾਂ ਕਿਹਾ ਕਿ ਪੰਜਾਬ ਵਿਚ ਰੇਲਵੇ ਆਧੁਨਿਕੀਕਰਨ ਅਤੇ ਵਿਕਾਸ ਲਈ 34,488 ਕਰੋੜ ਦਾ ਨਿਵੇਸ਼ ਕੀਤਾ ਗਿਆ ਹੈ। ਅੰਮ੍ਰਿਤ ਭਾਰਤ ਸਟੇਸ਼ਨ ਯੋਜਨਾ ਦੇ ਅੰਤਰਗਤ ਪੰਜਾਬ ਦੇ ਜਲੰਧਰ ਛਾਉਣੀ ਸਮੇਤ ਕਈ ਰੇਲਵੇ ਸਟੇਸ਼ਨਾਂ ਨੂੰ ਆਧੁਨਿਕ ਸੁਵਿਧਾਵਾਂ ਅਤੇ ਸਥਾਨਕ ਸੱਭਿਆਚਾਰ ਦੀ ਝਲਕ ਦੇ ਨਾਲ ਪੁਨਰ ਵਿਕਸਿਤ ਕੀਤਾ ਗਿਆ ਹੈ। ਸ੍ਰੀ ਮਲਿਕ ਨੇ ਕਿਹਾ ਇਸ ਤੋਂ ਇਲਾਵਾ ਕੇਂਦਰ ਵਲੋਂ ਰਾਜ ਵਿਚ 565 ਤੋਂ ਵਧੇਰੇ ਜਨ ਔਸ਼ਧੀ ਕੇਂਦਰ ਸਥਾਪਿਤ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਦੀ ਕੱਲ ਦੀ ਪੰਜਾਬ ਫੇਰੀ ਪੰਜਾਬ ਲਈ ਇਤਿਹਾਸਿਕ ਹੋਵੇਗੀ।
ਪ੍ਰਧਾਨ ਮੰਤਰੀ ਦੇ ਪੰਜਾਬ ਦੌਰੇ ਨਾਲ ਆਤਮ ਨਿਰਭਰ ਪੰਜਾਬ ਬਣਨ ਲਈ ਕਈ ਵਿਕਾਸ ਤੇ ਜਨਸੁਧਾਰ ਯੋਜਨਾਵਾਂ ਦੀ ਮਿਲੇਗੀ ਸੌਗਾਤ-ਸ਼ਵੇਤ ਮਲਿਕ
ਅਜੀਤ ਡੈਸਕ
17-07-2026