ਅੰਮ੍ਰਿਤਸਰ, 18 ਜੁਲਾਈ (ਸੁਰਿੰਦਰ ਕੋਛੜ)- ਰੋਟਰੀ ਕਲੱਬ ਮੇਨ ਦੇ ਪ੍ਰਧਾਨ ਰੋਟੇਰੀਅਨ ਦਲਜੀਤ ਸਿੰਘ ਅਰੋੜਾ ਤੇ ਸਕੱਤਰ ਅਸ਼ੋਕ ਸ਼ਰਮਾ ਦੇ ਤਾਜਪੋਸ਼ੀ ਸਮਾਰੋਹ ’ਚ ਮੁੱਖ ਮਹਿਮਾਨ ਵਜੋਂ ਪਹੁੰਚੇ ਹਾਸਰਸ ਕਲਾਕਾਰ ਗੁਰਪ੍ਰੀਤ ਸਿੰਘ ਘੁੱਗੀ ਨੂੰ ਪ੍ਰਬੰਧਕਾਂ ਵਲੋਂ ਕਲੱਬ ਦਾ ਆਨਰੇਰੀ ਮੈਂਬਰ ਬਣਾਇਆ ਗਿਆ। ਉਨ੍ਹਾਂ ਇਸ ਮੌਕੇ ਸੰਬੋਧਨ ਦੌਰਾਨ ਕਿਹਾ ਕਿ ਅੱਜ ਤੋਂ ਮੇਰੇ ਨਾਂਅ ਨਾਲ ‘ਰੋਟੇਰੀਅਨ’ ਸ਼ਬਦ ਜੁੜ ਗਿਆ ਹੈ ਅਤੇ ਅਜਿਹੀ ਕੌਮਾਂਤਰੀ ਪੱਧਰ ਦੀ ਸੰਸਥਾ ਨਾਲ ਜੁੜਨਾ ਮੇਰੇ ਲਈ ਮਾਣ ਵਾਲੀ ਗੱਲ ਹੈ। ਰੋਟਰੀ ਦੇ ਸਾਬਕਾ ਗਵਰਨਰ ਸੀ. ਏ. ਦਵਿੰਦਰ ਸਿੰਘ ਦੀ ਦੇਖ-ਰੇਖ ਹੇਠ ਕਰਵਾਏ ਸਮਾਗਮ ’ਚ ਰੋਟਰੀ 3070 ਦੇ ਗਵਰਨਰ ਅਨਿਲ ਸਿੰਗਲ ਵਿਸ਼ੇਸ਼ ਤੌਰ ’ਤੇ ਸ਼ਾਮਿਲ ਹੋਏ। ਸਮਾਰੋਹ ਦੀ ਪ੍ਰਧਾਨਗੀ ਵਿਧਾਇਕ ਡਾ: ਕੰਵਰ ਵਿਜੇ ਪ੍ਰਤਾਪ ਸਿੰਘ ਨੇ ਕੀਤੀ। ਸਮਾਰੋਹ ਦੌਰਾਨ ਸਾਬਕਾ ਗਵਰਨਰ ਡਾ: ਪੀ. ਐੱਸ. ਗਰੋਵਰ ਨੇ ਰੋਟਰੀ ਦੇ ਇਤਿਹਾਸ ਦੇ ਬਾਰੇ ਜਾਣਕਾਰੀ ਦਿੱਤੀ। ਇਸ ਮੌਕੇ ਰੋਟਰੀ ਕਲੱਬ ਦੀ ਇਤਿਹਾਸਕ ਜਾਣਕਾਰੀ ਦਿੰਦੀ ਮਨਜੋਤ ਸਿੰਘ ਅਰੋੜਾ ਦੁਆਰਾ ਨਿਰਦੇਸ਼ਤ ‘ਦੀ ਸਾਈਲੈਂਟ ਹੀਰੋਜ਼ ਆਫ਼ ਰੋਟਰੀ’ ਨਾਮੀ ਦਸਤਾਵੇਜ਼ੀ ਫ਼ਿਲਮ ਵੀ ਵਿਖਾਈ ਗਈ। ਇਸ ਤੋਂ ਇਲਾਵਾ ਦਲਜੀਤ ਸਿੰਘ ਦੁਆਰਾ ਸੰਪਾਦਿਤ ਰੋਟਰੀ ਸੋਵੀਨਰ ਵੀ ਮੁੱਖ ਮਹਿਮਾਨ ਵਲੋਂ ਰਿਲੀਜ਼ ਕੀਤਾ ਗਿਆ। ਸਟੇਜ ਸਕੱਤਰ ਦੀ ਭੂਮਿਕਾ ਰੀਟਾ ਸ਼ਰਮਾ ਨੇ ਨਿਭਾਈ। ਸਮਾਰੋਹ ‘ਚ ਸਾਬਕਾ ਪ੍ਰਧਾਨ ਐਡਵੋਕੇਟ ਸੁਦਰਸ਼ਨ ਕਪੂਰ, ਸੁਰਿੰਦਰ ਸਿੰਘ ਗਾਂਧੀ, ਵਿਕਾਸ ਕੁਮਾਰ, ਦੀਪਕ ਖੰਨਾ, ਰਾਜੀਵ ਖੰਨਾ, ਐੱਚ. ਐੱਸ. ਜੋਗੀ, ਡਾ: ਪ੍ਰਤਾਪ ਸਿੰਘ ਮਲਹੋਤਰਾ, ਡਾ: ਜਸਪ੍ਰੀਤ ਸਿੰਘ ਗਰੋਵਰ, ਡਾ: ਨਿਰਮਲ ਸਿੰਘ ਆਨੰਦ, ਗੁਰਿੰਦਰ ਪਾਲ ਕੌਰ, ਨਰਿੰਦਰ ਸਦੀ, ਦਲਬੀਰ ਸਿੰਘ, ਗੁਰਚਰਨ ਕੌਰ, ਜਸਬੀਰ ਕੌਰ ਗਿੱਲ, ਨੀਲਮ ਕਾਮਰਾ, ਕਿਰਨ ਗੁਪਤਾ, ਰਾਜੇਸ਼ ਮਹਿਰਾ, ਗੁਰਮੀਤ ਸਿੰਘ ਹੀਰਾ, ਮਹਿੰਦਰ ਪਾਲ ਸ਼ਰਮਾ, ਮਨਜੀਤ ਸਿੰਘ ਆਦਿ ਹਾਜ਼ਰ ਸਨ।