ਆਲਮਗੀਰ/ਲੁਧਿਆਣਾ, 18 ਜੁਲਾਈ (ਜਰਨੈਲ ਸਿੰਘ ਪੱਟੀ)-ਅੱਜ ਦੇ ਸਮੇਂ ਵਿਚ ਮੋਟਾਪਾ ਸਿਰਫ਼ ਇਕ ਦਿਖਾਵਟੀ ਸਮੱਸਿਆ ਨਹੀਂ, ਸਗੋਂ ਕਈ ਗੰਭੀਰ ਬਿਮਾਰੀਆਂ ਦੀ ਜੜ੍ਹ ਬਣ ਚੁੱਕਾ ਹੈ। ਖ਼ਾਸ ਕਰਕੇ ਮਹਿਲਾਵਾਂ ਵਿਚ ਵਧਦਾ ਮੋਟਾਪਾ ਹਾਰਮੋਨਲ ਗੜਬੜ, ਪੀ, ਸੀ, ਓ, ਡੀ ਸ਼ੂਗਰ, ਹਾਈ ਬਲੱਡ ਪ੍ਰੈਸ਼ਰ, ਜੋੜਾਂ ਦੇ ਦਰਦ, ਗਰਭਧਾਰਣ ਵਿਚ ਮੁਸ਼ਕਿਲਾਂ ਅਤੇ ਦਿਲ ਦੀਆਂ ਬਿਮਾਰੀਆਂ ਦਾ ਕਾਰਨ ਬਣ ਰਿਹਾ ਹੈ। ਉਕਤ ਸਮੱਸਿਆਵਾਂ ਬਾਰੇ ਲੋਕਾਂ ਨੂੰ ਜਾਗਰੂਕ ਕਰਨ ਲਈ ਮੈਸ਼ ਪ੍ਰੋਲਾਈਫ ਲੁਧਿਆਣਾ ਵਲੋਂ 26 ਜੁਲਾਈ ਦਿਨ ਐਤਵਾਰ ਨੂੰ ਹੋਟਲ ਹਾਲੀਡੇ ਇਨ ਰਣਜੀਤ ਐਵੇਨਿਊ ਅੰਮ੍ਰਿਤਸਰ ਵਿਖੇ 3 ਵਜੇ ਤੋਂ 6 ਵਜੇ ਤੱਕ ਮੁਫ਼ਤ ਬੈਰੀਆਟ੍ਰਿਕ ਸਰਜਰੀ ਜਾਗਰੂਕਤਾ ਸਮਾਗਮ ਕਰਵਾਇਆ ਜਾ ਰਿਹਾ ਹੈ। ਹਸਪਤਾਲ ਪ੍ਰਬੰਧਨ ਨੇ ਦੱਸਿਆ ਕਿ ਇਸ ਸਮਾਗਮ ਦਾ ਮੁੱਖ ਉਦੇਸ਼ ਲੋਕਾਂ ਨੂੰ ਮੋਟਾਪੇ ਦੇ ਕਾਰਨਾਂ, ਇਸ ਨਾਲ ਜੁੜੀਆਂ ਬਿਮਾਰੀਆਂ ਅਤੇ ਆਧੁਨਿਕ ਇਲਾਜ ਬਾਰੇ ਵਿਸਥਾਰ ਨਾਲ ਜਾਣਕਾਰੀ ਦੇਣਾ ਹੈ। ਖ਼ਾਸ ਤੌਰ ’ਤੇ ਉਹ ਮਹਿਲਾਵਾਂ, ਜੋ ਸਾਲਾਂ ਤੋਂ ਵਧਦੇ ਭਾਰ ਕਾਰਨ ਸਰੀਰਕ ਅਤੇ ਮਾਨਸਿਕ ਤਕਲੀਫ਼ਾਂ ਦਾ ਸਾਹਮਣਾ ਕਰ ਰਹੀਆਂ ਹਨ। ਮਾਹਿਰ ਡਾਕਟਰਾਂ ਦੇ ਅਨੁਸਾਰ ਜਦੋਂ ਡਾਈਟ, ਕਸਰਤ ਅਤੇ ਦਵਾਈਆਂ ਨਾਲ ਭਾਰ ਘਟਾਉਣਾ ਸੰਭਵ ਨਹੀਂ ਰਹਿੰਦਾ, ਤਾਂ ਬੈਰੀਆਟ੍ਰਿਕ ਸਰਜਰੀ ਇਕ ਸੁਰੱਖਿਅਤ ਅਤੇ ਪ੍ਰਭਾਵਸ਼ਾਲੀ ਵਿਕਲਪ ਹੋ ਸਕਦੀ ਹੈ। ਇਸ ਸਰਜਰੀ ਨਾਲ ਨਾ ਸਿਰਫ਼ ਭਾਰ ਘਟਦਾ ਹੈ, ਸਗੋਂ ਸ਼ੂਗਰ, ਹਾਈ ਬਲੱਡ ਪ੍ਰੈਸ਼ਰ, ਸਲੀਪ ਐਪਨੀਆ ਅਤੇ ਹੋਰ ਕਈ ਬਿਮਾਰੀਆਂ ਵਿਚ ਵੀ ਸੁਧਾਰ ਦੇਖਣ ਨੂੰ ਮਿਲਦਾ ਹੈ। ਸਮਾਗਮ ਦੌਰਾਨ ਮਹਿਲਾਵਾਂ ਨੂੰ ਪੀ, ਸੀ, ਓ, ਡੀ ਬਾਂਝਪਣ, ਗਰਭ ਅਵਸਥਾ ਦੌਰਾਨ ਮੋਟਾਪੇ ਦੇ ਪ੍ਰਭਾਵ, ਡਿਲਿਵਰੀ ਤੋਂ ਬਾਅਦ ਭਾਰ ਨੂੰ ਕਾਬੂ ਵਿਚ ਰੱਖਣ ਦੇ ਤਰੀਕੇ ਅਤੇ ਸੰਤੁਲਿਤ ਜੀਵਨ ਸ਼ੈਲੀ ਬਾਰੇ ਵੀ ਵਿਸ਼ੇਸ਼ ਜਾਣਕਾਰੀ ਦਿੱਤੀ ਜਾਵੇਗੀ।