ਅੰਮ੍ਰਿਤਸਰ, 18 ਜੁਲਾਈ (ਸੁਰਿੰਦਰ ਕੋਛੜ)-ਬੀ. ਬੀ. ਕੇ. ਡੀ. ਏ. ਵੀ. ਕਾਲਜੀਏਟ ਸੀਨੀਅਰ ਸੈਕੰਡਰੀ ਸਕੂਲ ਫ਼ਾਰ ਗਰਲਜ਼ ਵਲੋਂ ਵਿਦਿਆਰਥਣਾਂ ਵਿਚ ਪੜ੍ਹਨ ਦੇ ਸਭਿਆਚਾਰ ਨੂੰ ਉਤਸ਼ਾਹਿਤ ਕਰਨ ਲਈ ‘ਬੁੱਕ ਰੀਡਿੰਗ ਸੈਸ਼ਨ’ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਪੰਜਾਬੀ ਲੇਖਕਾ ਡਾ: ਅਰਵਿੰਦਰ ਕੌਰ ਧਾਲੀਵਾਲ ਮੁੱਖ ਬੁਲਾਰੇ ਵਜੋਂ ਸ਼ਾਮਲ ਹੋਏ। ਉਨ੍ਹਾਂ ਨੇ ਸੰਬੋਧਨ ਦੌਰਾਨ ਆਪਣੀ ਪਹਿਲੀ ਅਤੇ ਕੌਮਾਂਤਰੀ ਪੁਰਸਕਾਰ ਜੇਤੂ ਪੁਸਤਕ ‘ਝਾਂਜਰਾਂ ਵਾਲ਼ੇ ਪੈਰ’ ‘ਚੋਂ ‘ਨੀਲੇ ਮੋਰਾਂ ਵਾਲੀ ਚਾਦਰ’ ਕਹਾਣੀ ਪੜ੍ਹ ਕੇ ਸੁਣਾਈ ਅਤੇ ਇਸ ਕਹਾਣੀ ਨਾਲ਼ ਜੁੜੇ ਆਪਣੇ ਵਲਵਲੇ ਅਤੇ ਵਿਚਾਰ ਸਾਂਝੇ ਕੀਤੇ। ਪੁਸਤਕ ਪੜ੍ਹਨ ਦੇ ਇਸ ਸੈਸ਼ਨ ਤੋਂ ਬਾਅਦ ਵਿਦਿਆਰਥਣਾਂ ਨੇ ਲੇਖਕਾ ਨਾਲ ਗੱਲਬਾਤ ਕੀਤੀ ਅਤੇ ਇਕ ਲੇਖਕ ਦੀਆਂ ਜ਼ਿੰਮੇਵਾਰੀਆਂ ਅਤੇ ਲੇਖਣ ਦੇ ਅਨੁਭਵ ਬਾਰੇ ਸਵਾਲ ਪੁੱਛੇ। ਪ੍ਰਿੰਸੀਪਲ ਡਾ: ਪੁਸ਼ਪਿੰਦਰ ਵਾਲੀਆ ਨੇ ਆਪਣੇ ਸੰਬੋਧਨ ਵਿਚ ਕਿਹਾ ਕਿ ਕਾਲਜ ਆਪਣੀਆਂ ਵਿਦਿਆਰਥਣਾਂ ਵਿਚ ਪੜ੍ਹਨ ਦੀ ਆਦਤ ਨੂੰ ਹੁਲਾਰਾ ਦੇਣ ਲਈ ਅਜਿਹੇ ਮੌਕੇ ਪ੍ਰਦਾਨ ਕਰਨ ਲਈ ਹਮੇਸ਼ਾ ਵਚਨਬੱਧ ਹੈ। ਇਸ ਮੌਕੇ ਅਰਥ ਸ਼ਾਸਤਰ ਵਿਭਾਗ ਦੇ ਮੁਖੀ ਸ੍ਰੀਮਤੀ ਪੂਨਮ ਕੋਹਲੀ ਨੇ ਵੀ ਪੜ੍ਹੀ ਗਈ ਕਹਾਣੀ ‘ਤੇ ਆਪਣੇ ਵਿਚਾਰ ਸਾਂਝੇ ਕੀਤੇ। ਮੰਚ ਸੰਚਾਲਨ ਕਰਦਿਆਂ ਲਾਇਬ੍ਰੇਰੀਅਨ ਡਾ: ਸਵਾਤੀ ਦੱਤਾ ਨੇ ਮੁੱਖ ਬੁਲਾਰੇ ਦਾ ਧੰਨਵਾਦ ਕੀਤਾ। ਇਸ ਮੌਕੇ ਡਾ: ਅਨੀਤਾ ਨਰਿੰਦਰ, ਡਾ: ਪ੍ਰਿਅੰਕਾ ਬੱਸੀ ਅਤੇ ਡਾ: ਸੀਮਾ ਜੇਤਲੀ ਸਮੇਤ ਹੋਰ ਸਟਾਫ਼ ਮੈਂਬਰ ਅਤੇ ਵਿਦਿਆਰਥਣਾਂ ਹਾਜ਼ਰ ਸਨ।