12-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-07-2026

ਪਹਿਲਾਂ ਬਣਾਇਆ ਇਤਿਹਾਸਕ ਰਾਮ ਬਾਗ ’ਚ ਗੰਦਗੀ ਦਾ ਡੰਪ; ਮਾਮਲਾ ਜਨਤਕ ਹੋਣ ’ਤੇ ਲਗਾਈ ਅੱਗ

Ad Position 21
No active advertisement
ਅਜੀਤ ਡੈਸਕ 19-07-2026
ਅੰਮ੍ਰਿਤਸਰ, 18 ਜੁਲਾਈ (ਸੁਰਿੰਦਰ ਕੋਛੜ)-ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦੁਆਰਾ ਅੰਮ੍ਰਿਤਸਰ ‘ਚ ਗੁਰੂ ਰਾਮ ਦਾਸ ਜੀ ਦੇ ਨਾਂ ‘ਤੇ ਸੰਨ 1819 ‘ਚ 84 ਏਕੜ ਭੂਮੀ ‘ਚ ਲਗਾਏ ਗਏ ਰਾਮ ਬਾਗ ਦੀਆਂ ਇਤਿਹਾਸਕ ਡਿਉੜ੍ਹੀਆਂ ਦੇ ਨਾਲ ਬਾਗ ਦੀ ਭੂਮੀ ’ਤੇ ਕੂੜੇ ਅਤੇ ਗੰਦਗੀ ਦੇ ਡੰਪ ਬਣਾਉਣ ਦਾ ਮਾਮਲਾ ਜਨਤਕ ਹੋਣ ਤੋਂ ਬਾਅਦ ਉੱਥੇ ਅੱਜ ਸਵੇਰੇ ਅੱਗ ਲਗਾ ਦਿੱਤੀ ਗਈ। ਇਸ ਥਾਂ ਦੇ ਬਿਲਕੁਲ ਨਾਲ ਨਾਮਧਾਰੀ ਸਮਾਰਕ, ਭਾਰਤੀ ਪੁਰਾਤਤਵ ਸਰਵੇਖਣ (ਏ. ਐੱਸ. ਆਈ.) ਦਾ ਦਫ਼ਤਰ, ਲਮਸਡਨ ਕਲੱਬ, ਰਾਮ ਬਾਗ ਦੀ ਇਤਿਹਾਸਕ ਡਿਉੜੀ ਅਤੇ ਹੋਰ ਬਹੁਤ ਸਾਰੇ ਮਹੱਤਵਪੂਰਨ ਦਫ਼ਤਰ ਮੌਜੂਦ ਹਨ, ਜਿਨ੍ਹਾਂ ਨੂੰ ਅੱਗ ਲਗਾਏ ਜਾਣ ਦੀਆਂ ਅਜਿਹੀਆਂ ਘਟਨਾਵਾਂ ਨਾਲ ਕਦੇ ਵੀ ਭਾਰੀ ਨੁਕਸਾਨ ਪਹੁੰਚ ਸਕਦਾ ਹੈ। ਅੱਗ ਲਗਾਏ ਜਾਣ ਦੀ ਸੂਚਨਾ ਫਾਇਰ ਬ੍ਰਿਗੇਡ ਵਿਭਾਗ ਨੂੰ ਮਿਲਣ ‘ਤੇ ਉਹ ਵੀ ਅੱਗ ਬੁਝਾਉਣ ਲਈ ਪਹੁੰਚ ਗਏ। ਇਸ ਕਾਰਨ ਆਸ-ਪਾਸ ਦੇ ਖੇਤਰਾਂ ‘ਚ ਧੂੰਆਂ ਫੈਲ ਗਿਆ। ਦੱਸਿਆ ਜਾ ਰਿਹਾ ਹੈ ਕਿ ਪ੍ਰਦੂਸ਼ਣ ਵਿਭਾਗ ਅਤੇ ਸਥਾਨਕ ਪ੍ਰਸ਼ਾਸਨ ਵਲੋਂ ਵਿਖਾਈ ਜਾ ਰਹੀ ਸਖ਼ਤੀ ਦੇ ਬਾਵਜੂਦ ਇਤਿਹਾਸਕ ਰਾਮ ਬਾਗ (ਕੰਪਨੀ ਬਾਗ) ‘ਚ ਮਾਲੀਆਂ ਅਤੇ ਸਫ਼ਾਈ ਸੇਵਕਾਂ ਦੁਆਰਾ ਸੁੱਕੇ ਪੱਤਿਆਂ ਦੇ ਢੇਰਾਂ ਅਤੇ ਜੰਗਲੀ ਝਾੜੀਆਂ ਨੂੰ ਇਕੱਠਾ ਕਰਕੇ ਅੱਗ ਲਗਾਉਣ ਦੀਆਂ ਕਾਰਵਾਈਆਂ ਲਗਾਤਾਰ ਜਾਰੀ ਹਨ। ਜਿਸ ਕਾਰਨ ਅੱਗ ਲਗਾਉਣ ਵਾਲੇ ਸਥਾਨ ਦੇ ਆਸ-ਪਾਸ ਧੂੰਏਂ ਦੇ ਬੱਦਲ ਛਾਏ ਰਹਿੰਦੇ ਹਨ। ਹਾਲਾਂਕਿ, ਕਿਸਾਨਾਂ ਦੁਆਰਾ ਪਰਾਲੀ ਨੂੰ ਅੱਗ ਲਗਾਉਣ ਦੇ ਮਾਮਲਿਆਂ ‘ਤੇ ਕਾਬੂ ਪਾਉਣ ਲਈ ਜਿੱਥੇ ਉਨ੍ਹਾਂ ਨੂੰ ਜੁਰਮਾਨੇ ਕੀਤੇ ਜਾ ਰਹੇ ਹਨ ਅਤੇ ਹੋਰ ਕਾਰਵਾਈ ਵੀ ਕੀਤੀ ਜਾਂਦੀ ਹੈ, ਪਰ ਨਗਰ ਨਿਗਮ ਦੀ ਹੱਦ ਅੰਦਰ ਅਜਿਹੀਆਂ ਅੱਗ ਲਗਾਉਣ ਦੇ ਮਾਮਲਿਆਂ ‘ਤੇ ਕਾਬੂ ਪਾਉਣ ਲਈ ਨਾ ਤਾਂ ਸਖ਼ਤੀ ਵਰਤੀ ਜਾ ਰਹੀ ਹੈ ਅਤੇ ਨਾ ਹੀ ਅੱਗ ਲਗਾਉਣ ਵਾਲਿਆਂ ਵਿਰੁੱਧ ਕੋਈ ਕਾਰਵਾਈ ਹੀ ਕੀਤੀ ਜਾਂਦੀ ਹੈ। ਸਮਾਜਿਕ ਕਾਰਕੁਨ ਇੰਜੀਨੀਅਰ ਪਵਨਦੀਪ ਸ਼ਰਮਾ ਨੇ ਕਿਹਾ ਕਿ ਰਾਮ ਬਾਗ ‘ਚ ਅੱਗ ਲੱਗਣ ਨਾਲ ਹਰੇ ਰੁੱਖ ਵੀ ਸੜ ਰਹੇ ਹਨ ਅਤੇ ਹਰਿਆਲੀ ਸੁਆਹ ਹੋ ਰਹੀ ਹੈ। ਇਸ ਦੇ ਨਾਲ ਹੀ ਸੈਂਕੜੇ ਜੀਵ-ਜੰਤੂ ਮਾਰੇ ਜਾ ਰਹੇ ਹਨ ਅਤੇ ਰੁੱਖਾਂ ‘ਤੇ ਰਹਿੰਦੇ ਪੰਛੀਆਂ ਦੇ ਰੈਣ ਬਸੇਰੇ ਵੀ ਨਸ਼ਟ ਹੋ ਜਾਂਦੇ ਹਨ। ਬਾਗ ‘ਚ ਲਗਾਈ ਜਾਣ ਵਾਲੀ ਅੱਗ ਦੇ ਨਤੀਜੇ ਵਜੋਂ ਉੱਥੇ ਕਈ ਛੋਟੇ ਅਤੇ ਵੱਡੇ ਰੁੱਖ ਸੜ ਚੁੱਕੇ ਹਨ ਅਤੇ ਕਈ ਰੁੱਖ ਐਨੇ ਕਮਜ਼ੋਰ ਹੋ ਗਏ ਹਨ ਕਿ ਉਹ ਕਿਸੇ ਵੀ ਸਮੇਂ ਡਿਗ ਸਕਦੇ ਹਨ । ਇਸ ਨਾਲ ਇਕ ਵੱਡੀ ਆਫ਼ਤ ਦਾ ਖ਼ਤਰਾ ਬਣਿਆ ਹੋਇਆ ਹੈ। ਉਨ੍ਹਾਂ ਨੇ ਪ੍ਰਸ਼ਾਸਨਿਕ ਅਧਿਕਾਰੀਆਂ ਤੋਂ ਮੰਗ ਕੀਤੀ ਕਿ ਬਾਗਾਂ ਅਤੇ ਪਾਰਕਾਂ ‘ਚ ਸੁੱਕੇ ਪੱਤਿਆਂ ਅਤੇ ਝਾੜੀਆਂ ਨੂੰ ਅੱਗ ਲਗਾ ਕੇ ਰੁੱਖਾਂ ਅਤੇ ਪੰਛੀਆਂ ਦੀ ਬਲੀ ਲੈਣ ਵਾਲੇ ਦੋਸ਼ੀਆਂ ਖ਼ਿਲਾਫ਼ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇ।
Ad Position 22
No active advertisement
ਪਿਛਲੀ ਖ਼ਬਰ ਕੈਬਨਿਟ ਮੰਤਰੀ ਈ.ਟੀ.ਓ. ਵਲੋਂ ਨਵ-ਨਿਯੁਕਤ ਚੇਅਰਮੈਨ ਸਰਬਜੋਤ ਸਿੰਘ ਧੰਜਲ ਦਾ ਸਨਮਾਨ ਅਗਲੀ ਖ਼ਬਰ ਗੁਰਦੁਆਰਾ ਅਟਾਰੀ ਸਾਹਿਬ ਸੁਲਤਾਨਵਿੰਡ ਵਿਖੇ ਨਵੇਂ ਟਿਊਬਵੈੱਲ ਦੇ ਬੋਰ ਦੀ ਸੇਵਾ ਆਰੰਭ
Ad Position 24