ਅੰਮ੍ਰਿਤਸਰ, 19 ਜੁਲਾਈ (ਰਾਜੇਸ਼ ਕੁਮਾਰ ਸ਼ਰਮਾ)- ਡੀ. ਏ. ਵੀ. ਇੰਟਰਨੈਸ਼ਨਲ ਸਕੂਲ ਅੰਮ੍ਰਿਤਸਰ ਦੀ ਹੋਣਹਾਰ ਅਤੇ ਪ੍ਰਤਿਭਾਸ਼ਾਲੀ ਵਿਦਿਆਰਥਣ ਭਾਵਿਕਾ ਸ਼ਾਰਦਾ ਨੇ ਰਾਸ਼ਟਰੀ ਯੋਗਤਾ ਦਾਖਲਾ ਪ੍ਰੀਖਿਆ (ਨੀਟ) ’ਚ ਰਾਸ਼ਟਰੀ ਪੱਧਰ ’ਤੇ 1213ਵਾਂ ਰੈਂਕ ਹਾਸਿਲ ਕਰਕੇ ਸਕੂਲ ਦਾ ਨਾਮ ਰੌਸ਼ਨ ਕੀਤਾ ਹੈ । ਉਸ ਨੇ 720 ‘ਚੋਂ 654 ਅੰਕ ਪ੍ਰਾਪਤ ਕਰਕੇ ਅੰਮ੍ਰਿਤਸਰ ਜ਼ਿਲ੍ਹੇ ‘ਚ ਤੀਜਾ ਸਥਾਨ ਹਾਸਿਲ ਕੀਤਾ । ਸਕੂਲ ਦੀ ਪ੍ਰਿੰਸੀਪਲ ਡਾ. ਅੰਜਨਾ ਗੁਪਤਾ ਨੇ ਭਾਵਿਕਾ ਸ਼ਾਰਦਾ ਨੂੰ ਇਸ ਸ਼ਾਨਦਾਰ ਪ੍ਰਾਪਤੀ ਲਈ ਦਿਲੋਂ ਵਧਾਈ ਦਿੱਤੀ । ਉਨ੍ਹਾਂ ਕਿਹਾ ਕਿ ਇਸ ਸਫਲਤਾ ਦਾ ਸਿਹਰਾ ਭਾਵਿਕਾ ਦੀ ਅਣਥੱਕ ਮਿਹਨਤ, ਲਗਨ ਅਤੇ ਦ੍ਰਿੜ੍ਹ ਇਰਾਦੇ ਨੂੰ ਜਾਂਦਾ ਹੈ। ਉਨ੍ਹਾਂ ਭਾਵਿਕਾ ਦੇ ਸੁਨਿਹਰੇ ਭਵਿੱਖ ਦੀ ਕਾਮਨਾ ਕਰਦਿਆਂ ਕਿਹਾ ਕਿ ਉਹ ਇਕ ਸਫਲ ਡਾਕਟਰ ਬਣ ਕੇ ਦੇਸ਼ ਅਤੇ ਸਮਾਜ ਦੀ ਸੇਵਾ ‘ਚ ਮਹੱਤਵਪੂਰਨ ਯੋਗਦਾਨ ਪਾਏ । ਭਾਵਿਕਾ ਸ਼ਾਰਦਾ ਤੋਂ ਇਲਾਵਾ ਅਭਿਨਵ ਸਿੰਘ ਗੋਰਾਇਆ, ਆਸ਼ੂਤੋਸ਼, ਮਾਧਵ ਅਬਰੋਲ, ਅਨੰਨਿਆ, ਗੁਰਜੋਤ, ਰੀਆ, ਆਰੋਹੀ, ਰਕਸ਼ਿਤਾ, ਕਾਸ਼ਵੀ, ਧਨਵੀ ਅਤੇ ਸ਼ਬਨਮ ਨੇ ਵੀ ਇਸ ਪ੍ਰੀਖਿਆ ‘ਚ ਸ਼ਾਨਦਾਰ ਅੰਕ ਪ੍ਰਾਪਤ ਕਰਕੇ ਸਕੂਲ ਦਾ ਮਾਣ ਵਧਾਇਆ । ਪ੍ਰਿੰਸੀਪਲ ਡਾ. ਅੰਜਨਾ ਗੁਪਤਾ ਨੇ ਸਾਰੇ ਵਿਦਿਆਰਥੀਆਂ ਨੂੰ ਇਸ ਸਫਲਤਾ ਲਈ ਵਧਾਈ ਦਿੰਦਿਆਂ ਉਨ੍ਹਾਂ ਦੇ ਉੱਜਵਲ ਭਵਿੱਖ ਲਈ ਸ਼ੁੱਭਕਾਮਨਾਵਾਂ ਦਿੱਤੀਆਂ। ਸਕੂਲ ਦੇ ਚੇਅਰਮੈਨ ਅਤੇ ਡੀ. ਏ. ਵੀ. ਕਾਲਜ ਪ੍ਰਬੰਧਕੀ ਕਮੇਟੀ, ਨਵੀਂ ਦਿੱਲੀ ਦੇ ਪ੍ਰਧਾਨ ‘ਆਰੀਆ ਰਤਨ’ ਪਦਮਸ੍ਰੀ ਡਾ. ਪੂਨਮ ਸੂਰੀ ਡੀ. ਏ. ਵੀ. ਪਬਲਿਕ ਸਕੂਲਜ਼ ਡੀ.ਏ ਵੀ. ਪ੍ਰਬੰਧਕੀ ਕਮੇਟੀ ਦੇ ਨਿਰਦੇਸ਼ਕ ਵੀ. ਕੇ. ਚੋਪੜਾ ਅਤੇ ਸਕੂਲ ਦੇ ਪ੍ਰਬੰਧਕ ਡਾ. ਐੱਸ. ਕੇ. ਅਰੋੜਾ ਨੇ ਵੀ ਭਾਵਿਕਾ ਸਮੇਤ ਸਾਰੇ ਪ੍ਰਤਿਭਾਸ਼ਾਲੀ ਵਿਦਿਆਰਥੀਆਂ ਨੂੰ ਇਸ ਵਿਸ਼ੇਸ਼ ਸਫਲਤਾ ਲਈ ਵਧਾਈ ਦਿੱਤੀ। ਉਨ੍ਹਾਂ ਇਸ ਉਪਲਬਧੀ ਦਾ ਸਿਹਰਾ ਪ੍ਰਿੰਸੀਪਲ ਡਾ. ਅੰਜਨਾ ਗੁਪਤਾ, ਅਧਿਆਪਕ ਵਰਗ ਅਤੇ ਵਿਦਿਆਰਥੀਆਂ ਦੀ ਲਗਨ ਅਤੇ ਸਖ਼ਤ ਮਿਹਨਤ ਨੂੰ ਦਿੰਦਿਆਂ ਸਾਰਿਆਂ ਦੇ ਸੁਨਹਿਰੀ ਭਵਿੱਖ ਲਈ ਸ਼ੁੱਭਕਾਮਨਾਵਾਂ ਪ੍ਰਗਟ ਕੀਤੀਆਂ।
ਡੀ. ਏ. ਵੀ. ਇੰਟਰਨੈਸ਼ਨਲ ਸਕੂਲ ਦੀ ਭਾਵਿਕਾ ਸ਼ਾਰਦਾ ਨੇ ਨੀਟ ’ਚ ਜ਼ਿਲ੍ਹੇ ’ਚ ਤੀਜਾ ਸਥਾਨ ਹਾਸਿਲ ਕੀਤਾ
ਅਜੀਤ ਡੈਸਕ
20-07-2026