ਵੇਰਕਾ ਦਾ ਵੈਟਰਨਰੀ ਪੋਲੀਕਲੀਨਿਕ ਬਣਿਆ ‘ਚਿੱਟਾ ਹਾਥੀ’
ਵੇਰਕਾ, 30 ਅਗਸਤ (ਲਖਵਿੰਦਰ ਸਿੰਘ)-ਪਸ਼ੂ ਪਾਲਕਾਂ ਦੀ ਸਹੂਲਤ ਲਈ ਵੇਰਕਾ ਵਿਖੇ ਲੱਖਾਂ-ਕਰੋੜਾਂ ਰੁਪਏ ਦੀ ਲਾਗਤ ਨਾਲ ਖੋਲ੍ਹਿਆ ਗਿਆ ਵੈਟਰਨਰੀ ਪੋਲੀਕਲੀਨਿਕ ਹੁਣ ਪਸ਼ੂ ਪਾਲਕਾਂ ਲਈ ਰਾਹਤ ਦੀ ਥਾਂ ਮੁਸੀਬਤ ਦਾ ਸਬੱਬ ਬਣਦਾ ਜਾ ਰਿਹਾ ਹੈ। ਇੱਥੋਂ ਦੇ ਮੁਲਾਜ਼ਮਾਂ ਦੀ ਡਿਊਟੀ ਪ੍ਰਤੀ ਵੱਡੀ ਲਾਪਰਵਾਹੀ ਕਾਰਨ ਇਹ ਪੋਲੀਕਲੀਨਿਕ ਮਹਿਜ਼ ਇਕ ‘ਚਿੱਟਾ ਹਾਥੀ’ ਸਾਬਤ ਹੋ ਰਿਹਾ ਹੈ ।
ਵ
ਵੇਰਕਾ ਦੇ ਵੈਟਰਨਰੀ ਪੋਲੀਕਲੀਨਿਕ ਵਿਖੇ ਆਪਣੇ ਬੀਮਾਰ ਜਾਨਵਰ ਦਾ ਇਲਾਜ ਕਰਵਾਉਣ ਆਇਆ ਵਿਅਕਤੀ ਡਾਕਟਰ ਦੀ ਭਾਲ ਵਿਚ ਤੇ ਨਾਲ ਖੜ੍ਹੇ ਸੇਵਾਦਾਰ ਅਮਨ ਕੁਮਾਰ। ਤਸਵੀਰ: ਲਖਵਿੰਦਰ ਸਿੰਘ
31-08-2026
ਵੇਰਕਾ, 30 ਅਗਸਤ (ਲਖਵਿੰਦਰ ਸਿੰਘ)-ਪਸ਼ੂ ਪਾਲਕਾਂ ਦੀ ਸਹੂਲਤ ਲਈ ਵੇਰਕਾ ਵਿਖੇ ਲੱਖਾਂ-ਕਰੋੜਾਂ ਰੁਪਏ ਦੀ ਲਾਗਤ ਨਾਲ ਖੋਲ੍ਹਿਆ ਗਿਆ ਵੈਟਰਨਰੀ ਪੋਲੀਕਲੀਨਿਕ ਹੁਣ ਪਸ਼ੂ ਪਾਲਕਾਂ ਲਈ ਰਾਹਤ ਦੀ ਥਾਂ ਮੁਸੀਬਤ ਦਾ ਸਬੱਬ ਬਣਦਾ ਜਾ ਰਿਹਾ ਹੈ। ਇੱਥੋਂ ਦੇ ਮੁਲਾਜ਼ਮਾਂ ਦੀ ਡਿਊਟੀ ਪ੍ਰਤੀ ਵੱਡੀ ਲਾਪਰਵਾਹੀ ਕਾਰਨ ਇਹ ਪੋਲੀਕਲੀਨਿਕ ਮਹਿਜ਼ ਇਕ ‘ਚਿੱਟਾ ਹਾਥੀ’ ਸਾਬਤ ਹੋ ਰਿਹਾ ਹੈ । ਪ੍ਰਾਪਤ ਜਾਣਕਾਰੀ ਅਨੁਸਾਰ ਅੱਜ ਐਤਵਾਰ ਹੋਣ ਦੇ ਬਾਵਜੂਦ ਇੱਥੇ ਤਿੰਨ ਮੁਲਾਜ਼ਮਾਂ ਦੀ ਡਿਊਟੀ ਸੀ, ਪਰ ਮੌਕੇ ’ਤੇ ਪੱਤਰਕਾਰ ਵਲੋਂ ਦੁਪਹਿਰ ਇਕ ਵਜੇ ਪੋਲੀਕਲੀਨਿਕ ਅੰਦਰ ਜਾ ਕੇ ਦੇਖਿਆ ਤਾਂ ਸਿਰਫ਼ ਇਕ ਸੇਵਾਦਾਰ ਹੀ ਹਾਜ਼ਰ ਮਿਲਿਆ। ਜਦੋਂ ਹਸਪਤਾਲ ਵਿਚ ਮੌਜੂਦ ਸੇਵਾਦਾਰ ਅਮਨ ਕੁਮਾਰ ਨਾਲ ਗੱਲਬਾਤ ਕੀਤੀ ਗਈ ਤਾਂ ਉਸ ਨੇ ਦੱਸਿਆ ਕਿ ਅੱਜ ਸਵੇਰੇ 8 ਵਜੇ ਤੋਂ ਦੁਪਹਿਰ 2 ਵਜੇ ਤੱਕ ਉਸ ਦੇ ਨਾਲ ਡਾਕਟਰ ਅਨੂ ਧੀਮਾਨ ਅਤੇ ਵੈਟਰਨਰੀ ਇੰਸਪੈਕਟਰ ਹਰਗੁਰਵਿੰਦਰ ਸਿੰਘ ਦੀ ਡਿਊਟੀ ਲੱਗੀ ਹੋਈ ਸੀ । ਹਾਜ਼ਰੀ ਬਾਰੇ ਪੁੱਛਣ ’ਤੇ ਸੇਵਾਦਾਰ ਨੇ ਖ਼ੁਲਾਸਾ ਕੀਤਾ ਕਿ ਡਾ. ਅਨੂ ਧੀਮਾਨ ਸਵੇਰੇ ਆਏ ਜ਼ਰੂਰ ਸਨ, ਪਰ ਉਹ ਜਲਦੀ ਚਲੇ ਗਏ । ਜਦਕਿ ਵੈਟਰਨਰੀ ਇੰਸਪੈਕਟਰ ਹਰਗੁਰਵਿੰਦਰ ਸਿੰਘ ਤਾਂ ਡਿਊਟੀ ’ਤੇ ਆਏ ਹੀ ਨਹੀਂ । ਸਰਕਾਰੀ ਦਾਅਵਿਆਂ ਦੀ ਫੂਕ ਨਿਕਲਦੀ ਉਸ ਵੇਲੇ ਵੇਖਣ ਨੂੰ ਮਿਲੀ ਜਦੋਂ ਹਾਥੀ ਗੇਟ ਇਲਾਕੇ ਤੋਂ ਇਕ ਵਿਅਕਤੀ ਆਪਣੇ ਬੀਮਾਰ ਕੁੱਤੇ ਦਾ ਇਲਾਜ ਕਰਵਾਉਣ ਲਈ ਪੋਲੀਕਲੀਨਿਕ ਪਹੁੰਚਿਆ। ਉਹ ਕਾਫ਼ੀ ਸਮਾਂ ਡਾਕਟਰ ਦੀ ਭਾਲ ਕਰਦਾ ਰਿਹਾ, ਪਰ ਹਸਪਤਾਲ ਵਿਚ ਕੋਈ ਵੀ ਡਾਕਟਰ ਮੌਜੂਦ ਨਹੀਂ ਸੀ। ਮੌਕੇ ’ਤੇ ਤਾਇਨਾਤ ਸੇਵਾਦਾਰ ਅਮਨ ਕੁਮਾਰ ਨੇ ਬੀਮਾਰ ਜਾਨਵਰ ਦੇ ਮਾਲਕ ਨੂੰ ਇਹ ਲਾਰਾ-ਲੱਪਾ ਲਗਾ ਕੇ ਬਠਾਈ ਰੱਖਿਆ ਕਿ ‘ਡਾਕਟਰ ਸਾਹਿਬ ਜਲਦੀ ਹੀ ਆ ਰਹੇ ਹਨ।’ ਐਮਰਜੈਂਸੀ ਸਮੇਂ ਵੀ ਡਾਕਟਰਾਂ ਤੇ ਸਟਾਫ਼ ਦਾ ਇਸ ਤਰ੍ਹਾਂ ਗਾਇਬ ਹੋਣਾ ਸਰਕਾਰੀ ਪ੍ਰਬੰਧਾਂ ’ਤੇ ਵੱਡਾ ਸਵਾਲੀਆ ਨਿਸ਼ਾਨ ਖੜ੍ਹਾ ਕਰ ਰਿਹਾ ਹੈ। ਇੱਥੇ ਦੂਰ-ਦੁਰਾਡੇ ਤੋਂ ਆਉਂਦੇ ਪਸ਼ੂ ਪਾਲਕਾਂ ਨੂੰ ਆਪਣੇ ਬੀਮਾਰ ਜਾਨਵਰਾਂ ਦਾ ਇਲਾਜ ਕਰਵਾਏ ਬਿਨਾਂ ਹੀ ਖੱਜਲ-ਖ਼ੁਆਰ ਹੋ ਕੇ ਵਾਪਸ ਪਰਤਣਾ ਪੈ ਰਿਹਾ ਹੈ ਜੋ ਕਿ ਗੰਭੀਰ ਚਿੰਤਾ ਦਾ ਵਿਸ਼ਾ ਹੈ। ਇਸ ਸੰਬੰਧੀ ਜਦੋਂ ਡਿਪਟੀ ਡਾਇਰੈਕਟਰ ਡਾ. ਨਵਰਾਜ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਗੈਰਹਾਜ਼ਰ ਮੁਲਾਜ਼ਮਾਂ ਨੂੰ ਚਿੱਠੀਆਂ ਕੱਢੀਆਂ ਜਾਣਗੀਆਂ ਅਤੇ ਜਵਾਬਦੇਹੀ ਤੈਅ ਕੀਤੀ ਜਾਵੇਗੀ।