ਬੀ.ਬੀ.ਕੇ. ਡੀ.ਏ.ਵੀ. ਕਾਲਜ ਫ਼ਾਰ ਵੂਮੈਨ ਵਿਖੇ ਐੱਨ.ਸੀ.ਸੀ. ਆਰਮੀ ਵਿੰਗ ਲਈ ਭਰਤੀ ਪ੍ਰਕਿਰਿਆ
ਅੰਮ੍ਰਿਤਸਰ, 8 ਅਕਤੂਬਰ (ਰਾਜੇਸ਼ ਕੁਮਾਰ ਸ਼ਰਮਾ)-ਬੀ. ਬੀ.
ਅੰਮ੍ਰਿਤਸਰ, 8 ਅਕਤੂਬਰ (ਰਾਜੇਸ਼ ਕੁਮਾਰ ਸ਼ਰਮਾ)-ਬੀ.ਬੀ.ਕੇ. ਡੀ.ਏ.ਵੀ. ਕਾਲਜ ਫ਼ਾਰ ਵੂਮੈਨ ਅੰਮ੍ਰਿਤਸਰ ਵਿਖੇ ਸੈਸ਼ਨ 2026-2027 ਲਈ ਨੈਸ਼ਨਲ ਕੈਡੇਟ ਕੋਰ (ਐੱਨ.ਸੀ.ਸੀ.) ਦੇ ਆਰਮੀ ਵਿੰਗ ਵਿਚ ਭਰਤੀ ਲਈ ਚੋਣ ਪ੍ਰਕਿਰਿਆ ਕਰਵਾਈ ਗਈ। ਇਹ ਪ੍ਰਕਿਰਿਆ 9 ਪੰਜਾਬ ਬਟਾਲੀਅਨ ਐੱਨ.ਸੀ.ਸੀ. ਅੰਮ੍ਰਿਤਸਰ ਦੇ ਕਮਾਂਡਿੰਗ ਅਫ਼ਸਰ ਕਰਨਲ ਕੇ. ਕੇ. ਜਡੇਜਾ ਦੀ ਅਗਵਾਈ ਹੇਠ ਕਰਵਾਈ ਗਈ। ਭਰਤੀ ਪ੍ਰਕਿਰਿਆ ਸੂਬੇਦਾਰ ਰਜਿੰਦਰ ਸਿੰਘ ਅਤੇ ਲੈਫਟੀਨੈਂਟ ਡਾ. ਅਮਨਦੀਪ ਕੌਰ, ਏ.ਐੱਨ.ਓ. ਵਲੋਂ ਕਰਵਾਈ ਗਈ। ਚੋਣ ਪ੍ਰਕਿਰਿਆ ਵਿਚ ਕੁੱਲ 30 ਵਿਦਿਆਰਥਣਾਂ ਨੇ ਬੜੇ ਉਤਸ਼ਾਹ ਅਤੇ ਜੋਸ਼ ਨਾਲ ਭਾਗ ਲਿਆ। ਚੋਣ ਪ੍ਰਕਿਰਿਆ ਵਿਚ ਲਿਖਤੀ ਪ੍ਰੀਖਿਆ, ਨਿੱਜੀ ਇੰਟਰਵਿਊ ਅਤੇ ਸਰੀਰਕ ਤੰਦਰੁਸਤੀ ਟੈਸਟ ਸ਼ਾਮਲ ਸਨ। ਇਨ੍ਹਾਂ ਰਾਹੀਂ ਵਿਦਿਆਰਥਣਾਂ ਦੀ ਯੋਗਤਾ, ਆਤਮ-ਵਿਸ਼ਵਾਸ, ਅਨੁਸ਼ਾਸਨ ਅਤੇ ਸਰੀਰਕ ਤੰਦਰੁਸਤੀ ਦਾ ਮੁਲਾਂਕਣ ਕੀਤਾ ਗਿਆ। ਪ੍ਰਿੰਸੀਪਲ ਡਾ. ਪੁਸ਼ਪਿੰਦਰ ਵਾਲੀਆ ਨੇ ਵਿਦਿਆਰਥਣਾਂ ਨੂੰ ਉਨ੍ਹਾਂ ਦੇ ਉਤਸ਼ਾਹਪੂਰਵਕ ਭਾਗ ਲੈਣ ਲਈ ਵਧਾਈ ਦਿੱਤੀ। ਉਨ੍ਹਾਂ ਨੇ ਕਿਹਾ ਕਿ ਐੱਨ.ਸੀ.ਸੀ. ਨੌਜਵਾਨਾਂ ‘ਚ ਅਨੁਸ਼ਾਸਨ, ਲੀਡਰਸ਼ਿਪ, ਆਤਮ-ਵਿਸ਼ਵਾਸ, ਟੀਮ ਭਾਵਨਾ, ਦੇਸ਼-ਪ੍ਰੇਮ ਅਤੇ ਸੇਵਾ ਦੀ ਭਾਵਨਾ ਪੈਦਾ ਕਰਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦੀ ਹੈ। ਉਨ੍ਹਾਂ ਨੇ ਵਿਦਿਆਰਥਣਾਂ ਨੂੰ ਐੱਨ.ਸੀ.ਸੀ. ਦੀਆਂ ਗਤੀਵਿਧੀਆਂ ‘ਚ ਸਰਗਰਮੀ ਨਾਲ ਭਾਗ ਲੈਣ, ਆਪਣੀ ਪ੍ਰਤਿਭਾ ਅਤੇ ਸਮਰੱਥਾ ਨੂੰ ਨਿਖਾਰਨ ਅਤੇ ਮਿਲ ਰਹੇ ਮੌਕਿਆਂ ਦਾ ਵੱਧ ਤੋਂ ਵੱਧ ਲਾਭ ਉਠਾਉਣ ਲਈ ਪ੍ਰੇਰਿਤ ਕੀਤਾ।