ਕਲਾ ਚੈਤੰਨਿਆ ਵਲੋਂ ਵਿਰਸਾ ਵਿਹਾਰ ਵਿਖੇ ਕਰਵਾਏ ‘ਅੰਮ੍ਰਿਤ ਉਤਸਵ-2’ ਦੌਰਾਨ ਕਲਾਕਾਰਾਂ ਨੇ ਦਿਖਾਏ ਨ੍ਰਿਤ ਕਲਾ ਦੇ ਜੌਹਰ
ਅੰਮ੍ਰਿਤਸਰ, 22 ਨਵੰਬਰ (ਜਸਵੰਤ ਸਿੰਘ ਜੱਸ)- ਕਲਾ ਚੈਤੰਨਿਆ ਵਲੋਂ ਵਿਰਸਾ ਵਿਹਾਰ ਅੰਮ੍ਰਿਤਸਰ ਦੇ ਸਹਿਯੋਗ ਨਾਲ ਅੰਮ੍ਰਿਤ ਉਤਸਵ-2 ਦਾ ਆਯੋਜਨ ਸ. ਕਰਤਾਰ ਸਿੰਘ ਦੁੱਗਲ ਆਡੀਟੋਰੀਅਮ ’ਚ ਕੀਤਾ ਗਿਆ।
ਅੰਮ੍ਰਿਤਸਰ, 22 ਨਵੰਬਰ (ਜਸਵੰਤ ਸਿੰਘ ਜੱਸ)- ਕਲਾ ਚੈਤੰਨਿਆ ਵਲੋਂ ਵਿਰਸਾ ਵਿਹਾਰ ਅੰਮ੍ਰਿਤਸਰ ਦੇ ਸਹਿਯੋਗ ਨਾਲ ਅੰਮ੍ਰਿਤ ਉਤਸਵ-2 ਦਾ ਆਯੋਜਨ ਸ. ਕਰਤਾਰ ਸਿੰਘ ਦੁੱਗਲ ਆਡੀਟੋਰੀਅਮ ’ਚ ਕੀਤਾ ਗਿਆ। ਸਮਾਗਮ ਤੋਂ ਪਹਿਲਾਂ ਵਿਰਸਾ ਵਿਹਾਰ ਦੇ ਪ੍ਰਧਾਨ ਤੇ ਸ਼੍ਰੋਮਣੀ ਨਾਟਕਕਾਰ ਕੇਵਲ ਧਾਲੀਵਾਲ, ਸਮਾਗਮ ਦੇ ਕਨਵੀਨਰ ਡਾ: ਰਸ਼ਮੀ ਨੰਦਾ ਨੇ ਸ਼ਮ੍ਹਾ ਰੌਸ਼ਨ ਕਰਕੇ ਸਮਾਗਮ ਦੀ ਸ਼ੁਰੂਆਤ ਕੀਤੀ। ਇਸ ਨ੍ਰਿਤ ਉਤਸਵ ਵਿਚ ਦਿੱਲੀ ਤੋਂ ਪ੍ਰਸਿੱਧ ਕਲਾਕਾਰਾਂ ਰੁਚਿਕਾ ਬੱਗਾ, ਮੁਸਕਾਨ ਨਾਗਪਾਲ, ਸਾਕਸ਼ੀ ਸ਼ਰਮਾ ਅਤੇ ਵਿਸ਼ਵਦੀਪ ਨੇ ਸ਼ਿਰਕਤ ਕਰਦਿਆਂ ਆਪਣੀ ਨ੍ਰਿਤ ਕਲਾ ਰਾਹੀਂ ਸਭ ਦਾ ਮਨ ਮੋਹਿਆ। ਪ੍ਰਧਾਨ ਕੇਵਲ ਧਾਲੀਵਾਲ ਨੇ ਆਏ ਕਲਾਕਾਰਾਂ ਤੇ ਨ੍ਰਿਤ ਪ੍ਰੇਮੀਆਂ ਨੂੰ ਜੀ ਆਇਆਂ ਆਖਦਿਆਂ ਕਿਹਾ ਕਿ ਪਹਿਲਾ ਅੰਮ੍ਰਿਤ ਉਤਸਵ ਪਿਛਲੇ ਸਾਲ ਕਰਾਇਆ ਗਿਆ ਸੀ ਤੇ ਇਸੇ ਲੜੀ ਦੇ ਤਹਿਤ ਇਹ ਦੂਜਾ ਸਮਾਗਮ ਕੀਤਾ ਜਾ ਰਿਹਾ। ਉਨ੍ਹਾਂ ਕਿਹਾ ਕਿ ਵਿਰਸਾ ਵਿਹਾਰ ਸੁਸਾਇਟੀ ਪ੍ਰਫਾਰਮਿੰਗ ਆਰਟ ਨਾਲ ਸੰਬੰਧਿਤ ਕਲਾਕਾਰਾਂ ਦਾ ਉਤਸ਼ਾਹ ਵਧਾਉਂਦੀ ਆਈ ਹੈ ਤੇ ਇਹ ਸਿਲਸਿਲਾ ਇਸੇ ਤਰ੍ਹਾਂ ਚਲਦਾ ਰਹੇਗਾ। ਇਸ ਮੌਕੇ ਵਿਰਸਾ ਵਿਹਾਰ ਸੁਸਾਇਟੀ ਦੇ ਸਕੱਤਰ ਰਮੇਸ਼ ਯਾਦਵ, ਕਲਾ ਚੇਤੰਨਿਆ ਦੇ ਚੇਅਰਮੈਨ ਵਿਸ਼ਵਦੀਪ, ਸਕੱਤਰ ਪ੍ਰਦੀਪ ਪਾਠਕ ਤੇ ਡਾ. ਜਤਿੰਦਰ ਕੌਰ ਸਮੇਤ ਹੋਰ ਕਲਾ ਪ੍ਰੇਮੀ ਵੀ ਹਾਜ਼ਰ ਸਨ।