ਤਰਨ ਤਾਰਨ, 3 ਜਨਵਰੀ (ਹਰਿੰਦਰ ਸਿੰਘ)-ਪਿਛਲੇ ਕੁਝ ਦਿਨਾਂ ਤੋਂ ਪੰਜਾਬ ਭਰ ਵਿਚ ਪੈ ਰਹੀ ਸੰਘਣੀ ਧੁੰਦ ਅਤੇ ਕੜਾਕੇ ਦੀ ਠੰਢ ਕਾਰਨ ਲੋਕ ਠਰੂ-ਠਰੂ ਕਰਨ ਲੱਗ ਪਏ ਹਨ | ਸ਼ਾਮ ਢੱਲਦਿਆਂ ਹੀ ਧੁੰਦ ਪੈਣੀ ਸ਼ੁਰੂ ਹੋ ਜਾਂਦੀ ਹੈ, ਜਿਸ ਕਾਰਨ ਆਮ ਜਨਜੀਵਨ ਉਪਰ ਉਸਦਾ ਅਸਰ ਦਿਖਾਈ ਦੇ ਰਿਹਾ ਹੈ | ਕੜਾਕੇ ਦੀ ਸਰਦੀ ਕਾਰਨ ਲੋਕ ਬਿਮਾਰੀ ਵੀ ਹੋ ਰਹੇ ਹਨ ਅਤੇ ਲੋਕਾਂ ਨੂੰ ਠੰਢ ਲੱਗਣ ਨਾਲ ਜੁਕਮ, ਬੁਖ਼ਾਰ, ਗਲੇ ਵਿਚ ਇਨਫੈਕਸ਼ਨ, ਬੀ.ਪੀ ਅਤੇ ਸ਼ੂਗਰ ਦਾ ਵੱਧਣਾ, ਦਿਲ ਦੀ ਤੜਕਣ ਤੇਜ ਹੋਣ ਆਦਿ ਲੱਛਣਾਂ ਤੋਂ ਲੋਕ ਪੀੜਤ ਹੋ ਰਹੇ ਹਨ ਅਤੇ ਆਪਣਾ ਇਲਾਜ ਡਾਕਟਰਾਂ ਪਾਸੋਂ ਕਰਵਾ ਰਹੇ ਹਨ | ਤਾਪਮਾਨ ਵਿਚ ਵੀ ਭਾਰੀ ਗਿਰਾਵਟ ਦੇਖਣ ਨੂੰ ਮਿਲ ਰਹੀ ਹੈ ਅਤੇ ਸਵੇਰ ਸਮੇਂ ਤਾਪਮਾਨ ਲਗਪਗ 8 ਡਿਗਰੀ ਸੈਲਸੀਅਸ ਤੱਕ ਪੁੱਜ ਜਾਂਦਾ ਹੈ, ਉਥੇ ਸਵੇਰੇ ਤੜਕਸਾਰ ਸੰਘਣੀ ਧੁੰਦ ਪੈਂਦੀ ਹੈ ਅਤੇ ਸਾਰਾ-ਸਾਰਾ ਦਿਨ ਸੂਰਜ ਨਜਰ ਨਹੀਂ ਆਉਂਦਾ ਅਤੇ ਸ਼ਾਮ ਹੁੰਦਿਆਂ ਹੀ ਫਿਰ ਤੋਂ ਸੰਘਣੀ ਧੁੰਦ ਪੈਣੀ ਸ਼ੁਰੂ ਹੋ ਜਾਂਦੀ ਹੈ, ਜਿਸ ਕਾਰਨ ਠੰਢ ਨੇ ਜਨਜੀਵਨ ਨੂੰ ਪੂਰੀ ਤਰ੍ਹਾਂ ਪ੍ਰਭਾਵਿਤ ਕੀਤਾ ਹੋਇਆ ਹੈ | ਲੋਕ ਦਿਨ ਸਮੇਂ ਧੁੰਦ ਵਿਚ ਆਪਣੇ ਵਾਹਨਾਂ ਦੀ ਲਾਈਟਾਂ ਜਗਾ ਕੇ ਹੋਲੀ-ਹੋਲੀ ਆਪਣੀਆਂ ਮੰਜਿਲਾਂ ਨੂੰ ਜਾ ਰਹੇ ਹਨ | ਸੰਘਣੀ ਪੈ ਰਹੀ ਧੁੰਦ ਦੇ ਚੱਲਦਿਆਂ ਹਾਈਵੇ ਅਤੇ ਸੜਕਾਂ ਉਪਰ ਚੱਲਣ ਵਾਲੇ ਬੱਸਾਂ, ਟਰੱਕਾਂ ਅਤੇ ਹੋਰ ਵਾਹਨਾਂ ਉਪਰ ਪੁਲਿਸ ਅਤੇ ਸਮਾਜ ਸੇਵਕਾਂ ਵਲੋਂ ਰਿਫਲਾਈਕਟਰ ਲਗਾਏ ਜਾ ਰਹੇ ਹਨ, ਤਾਂ ਜੋ ਧੁੰਦ ਦੇ ਚੱਲਦਿਆਂ ਹੋਣ ਵਾਲੇ ਸੜਕੀ ਹਾਦਸਿਆਂ ਤੋਂ ਲੋਕਾਂ ਦਾ ਬਚਾਅ ਹੋ ਸਕੇ | ਭਾਰੀ ਠੰਢ ਦੇ ਚੱਲਦਿਆਂ ਲੋਕਾਂ ਦੀਆਂ ਮੁਸ਼ਕਿਲਾਂ ਵੀ ਵਧ ਗਈਆਂ ਹਨ | ਲੋਕ ਘਰਾਂ ਤੋਂ ਬਾਹਰ ਨਿਕਲਣ ਸਮੇਂ ਗਰਮ ਕੱਪੜੇ ਅਤੇ ਮੂੰਹ ਸਿਰ ਨੂੰ ਗਰਮ ਕੱਪੜਿਆਂ ਨਾਲ ਢੱਕ ਕੇ ਆਪਣੇ ਕਾਰੋਬਾਰਾਂ ਉਪਰ ਜਾ ਰਹੇ ਹਨ | ਲੋਕਾਂ ਵਲੋਂ ਬੱਚਿਆਂ ਅਤੇ ਬਜੁਰਗਾਂ ਨੂੰ ਵੀ ਠੰਢ ਦੇ ਚੱਲਦਿਆਂ ਘਰਾਂ ਤੋਂ ਬਾਹਰ ਕੱਢਣ ਤੋਂ ਗੁਰੇਜ ਕੀਤਾ ਜਾ ਰਿਹਾ ਹੈ | ਲੋਕਾਂ ਵਲੋਂ ਆਗ ਬਾਲ ਕੇ ਸੇਕੀ ਜਾ ਰਹੀ ਹੈ ਅਤੇ ਘਰਾਂ ਵਿਚ ਹੀਟਰ ਆਦਿ ਚਲਾ ਕੇ ਠੰਢ ਤੋਂ ਆਪਣਾ ਬਚਾਅ ਕੀਤਾ ਜਾ ਰਿਹਾ ਹੈ, ਉਥੇ ਦੁਕਾਨਦਾਰਾਂ ਵਲੋਂ ਅੱਗ ਬਾਲ ਕੇ ਆਪਣੇ ਅਤੇ ਆਪਣੇ ਕਾਮਿਆਂ ਦਾ ਠੰਢ ਤੋਂ ਆਪਣਾ ਬਚਾਅ ਕੀਤਾ ਜਾ ਰਿਹਾ ਹੈ ਅਤੇ ਸ਼ਾਮ ਨੂੰ ਜਲਦ ਹੀ ਦੁਕਾਨਾਂ ਬੰਦ ਕਰਕੇ ਘਰਾਂ ਨੂੰ ਚਲੇ ਜਾਂਦੇ ਹਨ ਕਿਉਂਕਿ ਠੰਢ ਕਾਰਨ ਬਾਜਾਰਾਂ ਵਿਚ ਗ੍ਰਾਹਕ ਵੀ ਘੱਟ ਹਨ, ਜਿਸ ਕਾਰਨ ਦੁਕਾਨਦਾਰਾਂ ਦੇ ਕੰਮਕਾਜ ਉਪਰ ਠੰਢ ਦਾ ਅਸਰ ਦੇਖਣ ਨੂੰ ਮਿਲ ਰਿਹਾ ਹੈ, ਉਥੇ ਦਿਹਾੜੀਦਾਰ ਕਾਮੇ ਵੀ ਘਰਾਂ ਵਿਚ ਦਿਹਾੜੀ ਨਾਲ ਮਿਲਣ ਕਾਰਨ ਵਿਹਲੇ ਬੈਠੇ ਹੋਏ ਹਨ, ਜਿਸ ਕਾਰਨ ਉਨ੍ਹਾਂ ਦੇ ਘਰਾਂ ਦੇ ਚੁੱਲ੍ਹੇ ਠੰਢ ਨੇ ਠੰਢੇ ਕਰ ਦਿੱਤੇ ਹਨ | ਸ਼ੁੱਕਰਵਾਰ ਨੂੰ ਹੋਈ ਕਿਣ ਮਿਣ ਕਾਰਨ ਜਿਥੇ ਠੰਢ ਹੋਰ ਜਿਆਦਾ ਵਧੀ ਹੈ ਅਤੇ ਠੰਢੀਆਂ ਤੇਜ ਹਵਾਵਾਂ ਚੱਲ ਰਹੀਆਂ ਹਨ | ਦੂਸਰੇ ਪਾਸੇ ਮੌਸਮ ਵਿਭਾਗ ਦੇ ਅਨੁਸਾਰ ਆਉਣ ਵਾਲੇ ਦਿਨਾਂ ਵਿਚ ਕੜਾਕੇਦਾਰ ਠੰਢ ਪੈਣ ਅਤੇ ਸੰਘਣੀ ਧੁੰਦ ਪੈਣ ਦੀ ਸੰਭਾਵਨਾ ਜਿਤਾਈ ਜਾ ਰਹੀ ਹੈ, ਜਿਸ ਕਾਰਨ ਲੋਕ ਮੁਸ਼ਕਿਲਾਂ ਵਿਚ ਹੋਰ ਵਾਧਾ ਹੋਵੇਗਾ |