ਚੋਹਲਾ ਸਾਹਿਬ, 3 ਜਨਵਰੀ (ਬਲਵਿੰਦਰ ਸਿੰਘ)- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਲਾਪਤਾ ਹੋਏ 328 ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪਾਂ ਦੇ ਮਾਮਲੇ ਵਿਚ ਅੰਮਿ੍ਤਸਰ ਪੁਲਿਸ ਨੇ ਸ਼ਨੀਵਾਰ ਨੂੰ ਤਰਨ ਤਾਰਨ ਦੇਂ ਪਿੰਡ ਕਾਹਲਵਾਂ ਵਿਖੇ ਛਾਪੇਮਾਰੀ ਕੀਤੀ ਗਈ | ਇਹ ਛਾਪੇਮਾਰੀ ਪਿੰਡ ਦੇ ਵਸਨੀਕ ਅਮਰਜੀਤ ਸਿੰਘ ਦੇ ਘਰ ਕੀਤੀ ਗਈ, ਜੋ ਕਿ ਇਸ ਸਮੇਂ ਵਿਦੇਸ਼ ਵਿਚ ਗਏ ਹੋਏ ਹਨ | ਪਤਾ ਲੱਗਾ ਹੈ ਕਿ ਅਮਰਜੀਤ ਸਿੰਘ ਅਤੇ ਉਸ ਦੇ ਪਰਿਵਾਰ ਦੇ ਹੋਰਨਾਂ ਮੈਂਬਰਾਂ ਦੇ ਘਰ ਵਿਚ ਨਾ ਹੋਣ ਕਰਕੇ ਪੁਲਿਸ ਪਾਰਟੀ ਵਲੋਂ ਆਸ-ਪਾਸ ਰਹਿੰਦੇ ਘਰਾਂ ਵਿਅਕਤੀਆਂ ਪਾਸੋਂ ਪੁੱਛਗਿੱਛ ਕਰਨ ਤੋਂ ਬਾਅਦ ਵਾਪਸ ਪਰਤ ਗਈ | ਇਹ ਵੀ ਪਤਾ ਲੱਗਾ ਹੈ ਕਿ ਬਿਰਧ ਸਰੂਪਾਂ ਦੇ ਸਸਕਾਰ ਕਰਨ ਵਾਲੇ ਇਕ ਸੰਸਥਾ ਦੇ ਮੁਖੀ ਨਾਲ ਅਮਰਜੀਤ ਸਿੰਘ ਸੇਵਾ ਕਰਦਾ ਸੀ ਅਤੇ ਇਸ ਮੁਖੀ ਬਾਬੇ ਦੀ ਮੌਤ ਹੋਣ ਤੋਂ ਬਾਅਦ ਅਮਰਜੀਤ ਸਿੰਘ ਹੀ ਸਾਰਾ ਕੰਮਕਾਜ ਦੇਖਦਾ ਸੀ | ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਲਾਪਤਾ ਸਰੂਪਾਂ ਦੇ ਮਾਮਲੇ ਵਿਚ ਪੁਲਿਸ ਵਲੋਂ ਕੀਤੀ ਗਈ ਜਾਂਚ ਵਿਚ ਅਮਰਜੀਤ ਸਿੰਘ ਰਿਕਾਰਡ ਲੈ ਕੇ ਜਾਂਚ ਵਿਚ ਸ਼ਾਮਿਲ ਹੋਇਆ ਸੀ | ਇਹ ਵੀ ਪਤਾ ਲੱਗਾ ਹੈ ਕਿ ਜੋ ਮਾਮਲਾ ਅੰਮਿ੍ਤਸਰ ਪੁਲਿਸ ਵਲੋਂ ਲਾਪਤਾ ਸਰੂਪਾਂ ਦੇ ਮਾਮਲੇ ਵਿਚ ਦਰਜ ਕੀਤਾ ਗਿਆ ਹੈ, ਉਸ ਵਿਚ ਅਮਰਜੀਤ ਸਿੰਘ ਦਾ ਵੀ ਨਾਂਅ ਸ਼ਾਮਿਲ ਹੈ | ਪਿੰਡ ਦੇ ਲੋਕਾਂ ਨੇ ਦੱਸਿਆ ਕਿ ਅਮਰਜੀਤ ਸਿੰਘ ਨਾਲ ਪੁਲਿਸ ਵਲੋਂ ਫੋਨ 'ਤੇ ਗੱਲਬਾਤ ਹੋਣ ਤੋਂ ਬਾਅਦ ਪੁਲਿਸ ਪਾਰਟੀ ਵਾਪਸ ਚਲੀ ਗਈ |