ਤਰਨ ਤਾਰਨ, 3 ਜਨਵਰੀ (ਹਰਿੰਦਰ ਸਿੰਘ)- ਜ਼ਿਲ੍ਹਾ ਪੁਲਿਸ ਨੇ ਵੱਖ-ਵੱਖ ਥਾਵਾਂ ਉਪਰ ਕੀਤੀ ਛਾਪੇਮਾਰੀ ਦੌਰਾਨ ਹੈਰੋਇਨ ਅਤੇ ਨਸ਼ੀਲੇ ਪਦਾਰਥਾਂ ਦੇ ਸੇਵਨ ਕਰਨ ਤੋਂ ਇਲਾਵਾ ਪਿਸਟਲ ਸਮੇਤ 10 ਵਿਅਕਤੀਆਂ ਨੂੰ ਕਾਬੂ ਕਰਨ ਵਿਚ ਸਫਲਤਾ ਪ੍ਰਾਪਤ ਕੀਤੀ ਹੈ | ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਐੱਸ.ਐੱਸ.ਪੀ. ਸੁਰਿੰਦਰ ਲਾਂਬਾ ਨੇ ਦੱਸਿਆ ਕਿ ਥਾਣਾ ਝਬਾਲ ਦੇ ਐੱਸ.ਆਈ. ਬਲਵਿੰਦਰ ਸਿੰਘ ਨੇ ਪੁਲਿਸ ਪਾਰਟੀ ਸਮੇਤ ਪੁੱਲ ਸੂਆ ਪੰਜਵੜ ਵਿਖੇ ਨਾਕਾਬੰਦੀ ਦੌਰਾਨ ਗੁਰਮੀਤ ਸਿੰਘ ਪੁੱਤਰ ਸ਼ਿੰਦਾ ਸਿੰਘ ਵਾਸੀ ਪੱਧਰੀ ਕਲਾਂ ਨੂੰ ਕਾਬੂ ਕਰਕੇ ਉਸ ਪਾਸੋਂ 9 ਗ੍ਰਾਮ ਹੈਰੋਇਨ ਬਰਾਮਦ ਕੀਤੀ ਹੈ | ਇਸੇ ਤਰ੍ਹਾਂ ਥਾਣਾ ਵੈਰੋਂਵਾਲ ਦੇ ਏ.ਐੱਸ.ਆਈ. ਬਿੱਕਰ ਸਿੰਘ ਨੇ ਗਸ਼ਤ ਦੌਰਾਨ ਪਿੰਡ ਜਵੰਦਪੁਰ ਤੋਂ ਨਸ਼ੀਲੇ ਪਦਾਰਥਾਂ ਦਾ ਸੇਵਨ ਕਰ ਰਹੇ ਹਰਿੰਦਰਪਾਲ ਸਿੰਘ ਪੁੱਤਰ ਬਲਕਾਰ ਸਿੰਘ ਵਾਸੀ ਸੋਹਲ ਅਤੇ ਏਕਮਜੋਤ ਸਿੰਘ ਪੁੱਤਰ ਨਿਰਮਲਜੀਤ ਸਿੰਘ ਵਾਸੀ ਜਲਾਲਾਬਾਦ ਨੂੰ ਕਾਬੂ ਕਰਕੇ ਉਨ੍ਹਾਂ ਪਾਸੋਂ ਇਕ ਸਿਲਵਰ ਪੰਨੀ ਨਸ਼ੀਲੇ ਪਦਾਰਥ ਨਾਲ ਲਿਬੜੀ ਹੋਈ, ਇਕ ਲਾਈਟਰ ਬਰਾਮਦ ਕੀਤਾ ਹੈ | ਇਸੇ ਤਰ੍ਹਾਂ ਥਾਣਾ ਸਿਟੀ ਦੇ ਹੌਲਦਰ ਅਮਨਜੀਤ ਸਿੰਘ ਨੇ ਪੁਰਾਣਾ ਬਾਈਪਾਸ ਮੁਰਾਦਪੁਰ ਤਰਨ ਤਾਰਨ ਵਿਖੇ ਨਸ਼ੀਲੇ ਪਦਾਰਥ ਦਾ ਸੇਵਨ ਕਰ ਰਹੇ ਸੰਨੀ ਸਿੰਘ ਪੁੱਤਰ ਅਸ਼ੋਕ ਕੁਮਾਰ ਵਾਸੀ ਗਲੀ ਗਾਰਮੈਂਟ ਵਾਲੀ ਜੰਡਿਆਲਾ ਰੋਡ ਤਰਨ ਤਾਰਨ ਨੂੰ ਕਾਬੂ ਕਰਕੇ ਉਸ ਪਾਸੋਂ ਇਕ ਪੰਨੀ ਸਿਲਵਰ ਸੜੀ ਹੋਈ, 20 ਰੁਪਏ ਦਾ ਨੋਟ ਬਰਾਮਦ ਕੀਤਾ ਹੈ | ਇਸੇ ਤਰ੍ਹਾਂ ਥਾਣਾ ਚੋਹਲਾ ਸਾਹਿਬ ਦੇ ਏ.ਐੱਸ.ਆਈ. ਗੁਰਮੁੱਖ ਸਿੰਘ ਨੇ ਪੁਲਿਸ ਪਾਰਟੀ ਸਮੇਤ ਪੁੱਲ ਨੇੜੇ ਪਿੰਡ ਧੁੰਨ ਢਾਏ ਵਾਲਾ ਲਿੰਕ ਰੋਡ ਤੋਂ ਗੁਰਪ੍ਰੀਤ ਸਿੰਘ ਪੁੱਤਰ ਗੱਜਣ ਸਿੰਘ ਵਾਸੀ ਚੰਬਾ ਕਲਾਂ ਨੂੰ ਕਾਬੂ ਕਰਕੇ ਉਸ ਪਾਸੋਂ 3 ਗ੍ਰਾਮ 50 ਮਿਲੀਗ੍ਰਾਮ ਹੈਰੋਇਨ ਬਰਾਮਦ ਕੀਤੀ ਹੈ | ਇਸੇ ਤਰ੍ਹਾਂ ਥਾਣਾ ਭਿੱਖੀਵਿੰਡ ਦੇ ਏ.ਐੱਸ.ਆਈ. ਕੁਲਵਿੰਦਰਪਾਲ ਸਿੰਘ ਨੇ ਗਸ਼ਤ ਦੌਰਾਨ ਪੁੱਲ ਸੂਆ ਪਹੂਵਿੰਡ ਤੋਂ ਨਸ਼ਾ ਦਾ ਸੇਵਨ ਕਰ ਰੇਹ ਮਲਕੀਤ ਸਿੰਘ ਪੁੱਤਰ ਲਖਵਿੰਦਰ ਸਿੰਘ ਵਾਸੀ ਠੱਠਾ ਨੂੰ ਕਾਬੂ ਕਰਕੇ ਉਸ ਪਾਸੋਂ ਇਕ ਲਾਈਟਰ, ਇਕ ਸਿਲਵਰ ਕਾਗਜ ਦਾ ਰੋਲ, ਇਕ ਸਿਲਵਰ ਪੰਨੀ ਬਰਾਮਦ ਕੀਤੀ ਹੈ | ਇਸੇ ਤਰ੍ਹਾਂ ਥਾਣਾ ਵਲਟੋਹਾ ਦੇ ਏ.ਐੱਸ.ਆਈ. ਅਮਰਜੀਤ ਸਿੰਘ ਨੇ ਪੁਲਿਸ ਪਾਰਟੀ ਸਮੇਤ ਪੁੱਲ ਸੂਆ ਲਿੰਕ ਰੋਡ ਕੋਟਲੀ ਵਿਸਾਵਾ ਸਿੰਘ ਵਿਖੇ ਗਸ਼ਤ ਦੌਰਾਨ ਸ਼ੱਕ ਦੇ ਅਧਾਰ 'ਤੇ ਰਣਜੀਤ ਸਿੰਘ ਪੁੱਤਰ ਤਰਸੇਮ ਸਿੰਘ ਵਾਸੀ ਵਲਟੋਹਾ ਨੂੰ ਕਾਬੂ ਕਰਕੇ ਉਸ ਪਾਸੋਂ 7 ਗ੍ਰਖਾਮ ਹੈਰੋਇਨ, 500 ਰੁਪਏ ਦੀ ਡਰੱਗ ਮਨੀ ਬਰਾਮਦ ਕੀਤੀ ਹੈ | ਇਸੇ ਤਰ੍ਹਾਂ ਥਾਣਾ ਵਲਟੋਹਾ ਦੇ ਐੇੱਸ.ਆਈ. ਸੁਰਜੀਤ ਸਿੰਘ ਨੇ ਪੁਲਿਸ ਪਾਰਟੀ ਸਮੇਤ ਗਸ਼ਤ ਦੌਰਾਨ ਸ਼ੱਕ ਦੇ ਅਧਾਰ 'ਤੇ ਗੁਰਦਾਸ ਸਿੰਘ ਪੁੱਤਰ ਦਲੇਰ ਸਿੰਘ ਵਾਸੀ ਵਲਟੋਹਾ, ਲਵਪ੍ਰੀਤ ਸਿੰਘ ਪੁੱਤਰ ਰਣਜੀਤ ਸਿੰਘ ਵਾਸੀ ਪਿੰਡ ਲੌਹੁਕਾ ਖੁਰਦ ਨੂੰ ਕਾਬੂ ਕਰਕੇ ਉਨ੍ਹਾਂ ਪਾਸੋਂ 49 ਗ੍ਰਾਮ 96 ਮਿਲੀਗ੍ਰਾਮ ਹੈਰੋਇਨ, ਇਕ ਪਿਸਟਲ 9 ਐੱਮ.ਐੱਮ. ਸਮੇਤ ਮੈਗਜੀਨ ਅਤੇ 2 ਕਾਰਤੂਸ ਬਰਾਮਦ ਕੀਤੇ ਹਨ | ਇਸੇ ਤਰ੍ਹਾਂ ਥਾਣਾ ਖਾਲੜਾ ਦੇ ਐੱਸ.ਆਈ. ਸਾਹਿਬ ਨੂੰ ਸੂਚਨਾ ਮਿਲੀ ਕਿ ਸੁਖਪਾਲ ਸਿੰਘ ਪੁੱਤਰ ਲੇਟ ਜਸਪਾਲ ਸਿੰਘ ਵਾਸੀ ਵਾਂ ਤਾਰਾ ਸਿੰਘ ਦੇ ਕਣਕ ਦੇ ਖੇਤ ਵਿਚ ਕੋਈ ਇਤਰਾਜਯੋਗ ਚੀਜ ਪਈ ਹੈ ਤਾਂ ਤੁਰੰਤ ਉਨ੍ਹਾਂ ਬੀ.ਐੱਸ.ਐੱਫ 142 ਦੇ ਕੰਪਨੀ ਕਮਾਂਡਰ ਸੀਜੂ ਗਏਉਰਜੇ ਨੂੰ ਜਾਣੂ ਕਰਵਾਇਆ ਅਤੇ ਬੀ.ਐੱਸ.ਐੱਫ ਜਵਾਨਾਂ ਨੂੰ ਨਾਲ ਲੈ ਕੇ ਖੇਤ ਦੀ ਸਰਚ ਕੀਤੀ ਤਾਂ ਇਕ ਪੀਲੇ ਰੰਗ ਦਾ ਪੈਕੇਟ ਬਰਾਮਦ ਹੋਇਆ ਜਿਸ ਵਿਚੋਂ 508 ਗ੍ਰਾਮ ਹੈਰੋਇਨ ਬਰਾਮਦ ਹੋਈ | ਇਸੇ ਤਰ੍ਹਾਂ ਥਾਣਾ ਸਰਹਾਲੀ ਦੇ ਏ.ਐੱਸ.ਆਈ. ਸਲਵਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਪੁਲਿਸ ਪਾਰਟੀ ਸਮੇਤ ਐੱਫ.ਸੀ.ਆਈ. ਗੋਦਾਮ ਨੌਸ਼ਹਿਰਾ ਪੰਨੂੰਆਂ ਨਜ਼ਦੀਕ ਨਾਕਾਬੰਦੀ ਦੌਰਾਨ ਅਜੇ ਉਰਫ ਗੋਗੀ ਪੁੱਤਰ ਬਾਗੀ ਨਾਥ ਵਾਸੀ ਬਸਤੀ ਪ੍ਰੀਤ ਨਗਰ ਤਰਨ ਤਾਰਨ ਜੋ ਕਿ ਬਿਨਾਂ ਮੋਟਰਸਾਈਕਲ ਨੰਬਰ 'ਤੇ ਸਵਾਰ ਹੋ ਕੇ ਆ ਰਿਹਾ ਸੀ, ਨੂੰ ਕਾਬੂ ਕਰਕੇ ਉਸ ਪਾਸੋਂ 20 ਗ੍ਰਾਮ ਹੈਰੋਇਨ ਅਤੇ 1 ਹਜ਼ਾਰ ਰੁਪਏ ਦੀ ਡਰੱਗ ਮਨੀ ਬਰਾਮਦ ਕੀਤੀ ਹੈ | ਐੱਸ.ਐੱਸ.ਪੀ. ਨੇ ਦੱਸਿਆ ਕਿ ਕਾਬੂ ਕੀਤੇ ਵਿਅਕਤੀਆਂ ਖਿਲਾਫ਼ ਵੱਖ-ਵੱਖ ਥਾਣਿਆਂ ਵਿਚ ਐੱਨ.ਡੀ.ਪੀ.ਐੱਸ. ਐਕਟ ਅਤੇ ਅਸਲਾ ਐਕਟ ਤਹਿਤ ਮਾਮਲੇ ਦਰਜ ਕਰਕੇ ਉਨ੍ਹਾਂ ਨੂੰ ਅਦਾਲਤ ਵਿਚ ਪੇਸ਼ ਕਰਕੇ ਪੁਲਿਸ ਰਿਮਾਂਡ ਪ੍ਰਾਪਤ ਕੀਤਾ ਜਾ ਰਿਹਾ ਹੈ |