ਤਰਨ ਤਾਰਨ, 3 ਜਨਵਰੀ (ਹਰਿੰਦਰ ਸਿੰਘ)- ਪਾਵਰ ਮੈਨੇਜਮੈਂਟ ਵਲੋਂ 24 ਦਸੰਬਰ ਨੂੰ ਜਾਰੀ ਕੀਤੇ ਤੁੰਗਲਕੀ ਫਰਮਾਨ ਦੀ ਆੜ ਹੇਠ ਕੁੱਝ ਫੀਲਡ ਅਧਿਕਾਰੀਆਂ ਵਲੋਂ 6 ਸਾਲ ਦੀ ਨੌਕਰੀ ਪੂਰੀ ਕਰਨ ਵਾਲੇ ਲਾਈਨਮੈਨਾਂ ਨੂੰ ਜੇ.ਈ ਦਾ ਜਬਰੀ ਚਾਰਜ ਦੇਣ ਦੀ ਦਾਦਾਗਿਰੀ ਦਾ ਸਾਂਝਾ ਫੋਰਮ, ਏਕਤਾ ਮੰਚ ਅਤੇ ਸਹਿਯੋਗੀ ਜਥੇਬੰਦੀਆਂ ਨੇ ਗੰਭੀਰ ਨੋਟਿਸ ਲੈਂਦਿਆਂ ਮੁਲਾਜ਼ਮ ਵਰਗ ਨੂੰ ਮਾਨਸਿਕ ਪ੍ਰੇਸ਼ਾਨ ਕਰਨ ਵਾਲੇ ਫੀਲਡ ਅਧਿਕਾਰੀਆਂ ਖਿਲਾਫ਼ ਤਿੱਖਾ ਸੰਘਰਸ਼ ਕਰਨ ਦੀ ਚਿਤਾਵਨੀ ਦਿੱਤੀ ਹੈ | ਸਾਂਝਾ ਫੋਰਮ ਅਤੇ ਏਕਤਾ ਮੰਚ ਦੇ ਆਗੂਆਂ ਰਤਨ ਸਿੰਘ ਮਜਾਰੀ ਅਤੇ ਗੁਰਪ੍ਰੀਤ ਸਿੰਘ ਗੰਡੀਵਿੰਡ ਨੇ ਇਸ ਮਸਲੇ ਬਾਰੇ ਵਿਸਥਾਰ ਨਾਲ ਗੱਲ ਕਰਦਿਆਂ ਦੱਸਿਆ ਕਿ ਬੀਤੇ ਦਿਨੀਂ ਪਾਵਰਕਾਮ ਦੀ ਮੈਨੇਜ਼ਮੈਂਟ ਨੇ ਦਫ਼ਤਰੀ ਹੁਕਮ ਜਾਰੀ ਕਰਕੇ ਬੋਰਡ ਆਫ ਡਾਇਰੈਕਟਰ ਦੀ ਮੀਟਿੰਗ ਦਾ ਹਵਾਲਾ ਦੇ ਕੇ 6 ਸਾਲ ਦੀ ਸਰਵਿਸ ਵਾਲੇ ਲਾਇਨਮੈਨਾਂ ਨੂੰ ਸਹਾਇਕ ਜੂਨੀਅਰ ਇੰਜੀਨੀਅਰ ਬਣਾ ਕੇ ਬਿਨਾਂ ਕਿਸੇ ਰੁਤਬੇ ਦੇ ਜੇ.ਈ ਦਾ ਕੋਡ ਜਾਰੀ ਕਰਨ ਦਾ ਤੁੰਗਲਕੀ ਫੁਰਮਾਨ ਜਾਰੀ ਕੀਤਾ ਹੈ | ਜਿਸਦੀ ਆੜ ਹੇਠ ਫੀਲਡ ਦੇ ਕੁਝ ਅਧਿਕਾਰੀ ਗਲਤ ਦਬਾ ਬਣਾ ਕੇ ਮੁਲਾਜ਼ਮ ਵਰਗ ਨੂੰ ਮਾਨਸਿਕ ਪ੍ਰੇਸ਼ਾਨ ਕਰ ਰਹੇ ਹਨ | ਆਗੂਆਂ ਨੇ ਅਧਿਕਾਰੀਆਂ ਦੀ ਇਸ ਤਰ੍ਹਾਂ ਦੀ ਗੈਰ ਸਵਿਧਾਨਕ ਕਾਰਵਾਈ ਦੀ ਸਖ਼ਤ ਸ਼ਬਦਾਂ ਵਿਚ ਨਿੰਦਾ ਕੀਤੀ ਹੈ ਅਤੇ ਚਿਤਾਵਨੀ ਭਰੇ ਲਹਿਜੇ ਵਿਚ ਇਸ ਤਰ੍ਹਾਂ ਦੀ ਦਾਦਾਗਿਰੀ ਨੂੰ ਤੁਰੰਤ ਬੰਦ ਕਰਨ ਦੀ ਮੰਗ ਕਰਦਿਆਂ ਕਿਹਾ ਕਿ ਪਾਵਰਕਾਮ ਮੈਨੇਜਮੈਂਟ ਅਤੇ ਅਧਿਕਾਰੀਆਂ ਦੀਆਂ ਮੁਲਾਜ਼ਮ ਵਿਰੋਧੀ ਕਾਰਵਾਈਆਂ ਨੂੰ ਕਦਾਚਿਤ ਬਰਦਾਸ਼ਤ ਨਹੀਂ ਕੀਤਾ ਜਾਵੇਗਾ | ਆਗੂਆਂ ਨੇ ਕਿਹਾ ਕਿ ਵਿਭਾਗ ਵਿਚ ਤਕਰੀਬਨ 50 ਹਜ਼ਾਰ ਅਸਾਮੀਆਂ ਖਾਲੀ ਪਈਆਂ ਹਨ, ਜਿਨ੍ਹਾਂ ਨੂੰ ਰੈਗੂਲਰ ਭਰਤੀ ਕਰਕੇ ਭਰੇ ਜਾਣ ਦੀ ਮੰਗ ਜਥੇਬੰਦੀਆਂ ਏਜੰਡਾ ਬਣਾ ਕੇ ਪਿਛਲੇ ਲੰਮੇ ਸਮੇਂ ਤੋਂ ਉਭਾਰ ਰਹੀਆਂ ਹਨ | ਜਿਸਦੇ ਚੱਲਦਿਆਂ ਬੀਤੇ ਸਾਲ ਜਥੇਬੰਦੀਆਂ ਵਲੋਂ ਕੀਤੇ ਸੰਘਰਸ਼ ਤੋਂ ਬਾਅਦ 14 ਅਗਸਤ ਨੂੰ ਜਥੇਬੰਦੀਆਂ ਨਾਲ ਹੋਏ ਸਮਝੌਤੇ ਵਿਚ ਮੈਨੇਜਮੈਂਟ ਨੇ ਅਦਾਰੇ ਵਿਚ ਗਿਆਰਾਂ ਹਜ਼ਾਰ ਕਰਮਚਾਰੀ ਭਰਤੀ ਕਰਨ ਬਾਰੇ ਮੰਨਿਆ ਸੀ | ਪਰ ਹੁਣ ਨਾ ਤਾਂ ਨਵੀਂ ਭਰਤੀ ਕਰਨ ਬਾਰੇ ਕੋਈ ਕਾਰਵਾਈ ਕੀਤੀ ਜਾ ਰਹੀ ਹੈ ਅਤੇ ਨਾ ਹੀ ਕਰਮਚਾਰੀਆਂ ਦੀਆਂ ਲੋੜੀਂਦੀ ਮਾਤਰਾ ਵਿਚ ਤਰੱਕੀਆਂ ਕੀਤੀਆਂ ਜਾ ਰਹੀਆਂ ਹਨ | ਆਗੂਆਂ ਨੇ ਕਿਹਾ ਕਿ ਜੇਕਰ ਮੈਨੇਜਮੈਂਟ ਅਤੇ ਅਧਿਕਾਰੀਆਂ ਨੇ ਮੁਲਾਜ਼ਮ ਵਿਰੋਧੀ ਰਵੱਈਆ ਨਾ ਬਦਲਿਆ ਤਾਂ ਜੋਰਦਾਰ ਤਿੱਖੇ ਸੰਘਰਸ਼ਾਂ ਰਾਹੀਂ ਮੈਨੇਜਮੈਂਟ ਅਤੇ ਅਧਿਕਾਰੀਆਂ ਦੀ ਘਟੀਆ ਨੀਤੀ ਦਾ ਮੂੰਹ ਤੋੜ ਜਵਾਬ ਦਿੱਤਾ ਜਾਵੇਗਾ | ਮੁਲਾਜ਼ਮ ਅਤੇ ਪੈਨਸ਼ਨਰ ਜਥੇਬੰਦੀਆਂ ਪੀ.ਐੱਸ.ਈ.ਬੀ. ਇੰਪਲਾਈਜ਼ ਜੁਆਇੰਟ ਫੋਰਮ, ਬਿਜਲੀ ਮੁਲਾਜ਼ਮ ਏਕਤਾ ਮੰਚ ਪੰਜਾਬ, ਐਸੋਸੀਏਸ਼ਨ ਆਫ ਜੂਨੀਅਰ ਇੰਜੀਨੀਅਰ, ਗਰਿੱਡ ਸਬ ਸਟੇਸ਼ਨ ਇੰਪਲਾਈਜ਼ ਯੂਨੀਅਨ, ਪਾਵਰਕਾਮ ਐਂਡ ਟ੍ਰਾਂਸਕੋ ਪੈਨਸ਼ਨਰਜ ਯੂਨੀਅਨ ਪੰਜਾਬ (ਸਬੰਧਤ ਏਟਕ) ਅਤੇ ਪੈਨਸ਼ਨਰ ਵੈੱਲਫੇਅਰ ਫੈਡਰੇਸ਼ਨ ਪਹਿਲਵਾਨ ਨਾਲ ਸਬੰਧਤ ਆਗੂਆਂ ਹਰਪਾਲ ਸਿੰਘ, ਗੁਰਵੇਲ ਸਿੰਘ ਬੱਲਪੁਰੀਆ, ਬਲਦੇਵ ਸਿੰਘ ਮੰਢਾਲੀ, ਸਰਿੰਦਰਪਾਲ ਲਹੌਰੀਆ, ਕੁਲਵਿੰਦਰ ਸਿੰਘ ਢਿੱਲੋਂ, ਸੁਖਵਿੰਦਰ ਸਿੰਘ ਚਾਹਲ, ਦਵਿੰਦਰ ਸਿੰਘ ਪਿਸੌਰ, ਬਲਜੀਤ ਸਿੰਘ ਮੋਦਲਾ, ਰਵੇਲ ਸਿੰਘ ਸਹਾਏਪੁਰ, ਗੁਰਭੇਜ ਸਿੰਘ ਢਿੱਲੋਂ, ਇੰਜੀ. ਹਰਮਨਦੀਪ, ਮਨਜੀਤ ਸਿੰਘ ਚਾਹਲ, ਜਸਵੀਰ ਸਿੰਘ ਆਂਡਲੂ, ਰਾਧੇਸ਼ਿਆਮ, ਕੌਰ ਸਿੰਘ ਸੋਹੀ, ਦਲੀਪ ਕੁਮਾਰ, ਬਾਬਾ ਅਮਰਜੀਤ ਸਿੰਘ, ਪਵਨਪ੍ਰੀਤ ਸਿੰਘ ਆਦਿ ਆਗੂਆਂ ਨੇ ਪਾਵਰ ਮੈਨੇਜਮੈਂਟ ਕੋਲੋਂ ਮੰਗ ਕੀਤੀ ਕਿ ਧੱਕੇ ਨਾਲ ਜੇ.ਈ. ਦਾ ਚਾਰਜ ਦੇਣ ਦੀ ਨੀਤੀ ਤੁਰੰਤ ਬੰਦ ਕਰਕੇ ਨਵੀਂ ਰੈਗੂਲਰ ਭਰਤੀ ਕਰਨ ਲਈ ਲੋੜੀਂਦੇ ਕਦਮ ਉਠਾਏ ਜਾਣ |