ਤਰਨ ਤਾਰਨ, 3 ਜਨਵਰੀ (ਹਰਿੰਦਰ ਸਿੰਘ)- ਖ਼ਤਰਨਾਕ ਚਾਈਨਾ ਡੋਰ ਜਿਸ ਨੂੰ ਡਰਾਈਗਨ ਡੋਰ ਦੇ ਨਾਲ ਵੀ ਜਾਣਿਆ ਜਾਂਦਾ ਹੈ, ਇਸਦੇ ਕਾਰੋਬਾਰ ਉਪਰ ਪੰਜਾਬ ਸਰਕਾਰ ਵਲੋਂ ਸਖ਼ਤ ਪਾਬੰਦੀ ਲਗਾਈ ਗਈ ਹੋਈ ਹੈ, ਪ੍ਰੰਤੂ ਇਸਦੇ ਬਾਵਯੂਦ ਵੀ ਸ਼ਹਿਰ ਵਿਚਲੇ ਕੁਝ ਦੁਕਾਨਦਾਰਾਂ ਵਲੋਂ ਅੰਦਰ ਖਾਤੇ ਧੜੱਲੇ ਨਾਲ ਇਸ ਡੋਰ ਨੂੰ ਵੇਚ ਕੇ ਲੋਕਾਂ ਦੀਆਂ ਜਾਨਾਂ ਨਾਲ ਖਿਲਵਾੜ ਕੀਤਾ ਜਾ ਰਿਹਾ ਹੈ ਕਿਉਂਕਿ ਇਹ ਡੋਰ ਪਲਾਸਟਿਕ ਦੀ ਹੋਣ ਕਾਰਨ ਇੰਨੀ ਪੱਕੀ ਹੁੰਦੀ ਹੈ ਕਿ ਅਸਾਨੀ ਨਾਲ ਨਹੀਂ ਟੁੱਟਦੀ, ਜਿਸ ਕਾਰਨ ਤੇਜ ਰਫਤਾਰ ਨਾਲ ਜਾ ਰਹੇ ਵਾਹਨ ਚਾਲਕਾਂ ਦੇ ਗਲੇ ਵਿਚ ਫਸ ਜਾਂਦੀ ਹੈ ਅਤੇ ਐਕਸੀਡੈਂਟ ਹੋਣ ਦੇ ਨਾਲ ਨਾਲ ਇਸਦੀ ਚਪੇਟ ਵਿਚ ਆਉਣ ਵਾਲਾ ਵਿਅਕਤੀ ਗੰਭੀਰ ਜ਼ਖਮੀ ਹੋ ਜਾਂਦਾ ਹੈ, ਉਥੇ ਕਈ ਲੋਕਾਂ ਦੀ ਮੌਤ ਹੋਣ ਦੇ ਵੀ ਮਾਮਲੇ ਸਾਹਮਣੇ ਆ ਰਹੇ ਹਨ | ਅਕਸਰ ਦੇਖਣ ਵਿਚ ਆਇਆ ਹੈ ਕਿ ਇਸ ਡੋਰ ਦੀ ਵਰਤੋਂ ਨੌਜਵਾਨ ਅਤੇ ਬੱਚੇ ਪਤੰਗਾਂ ਉਡਾਉਣ ਸਮੇਂ ਕਰ ਰਹੇ ਹੁੰਦੇ ਹਨ, ਜਿਸ ਤੋਂ ਸਾਬਿਤ ਹੁੰਦਾ ਹੈ ਕਿ ਇਸ ਡੋਰ ਦਾ ਕਾਰੋਬਾਰ ਅੰਦਰ ਖਾਤੇ ਚੱਲ ਰਿਹਾ ਹੈ, ਜਿਸ ਨੂੰ ਰੋਕਣ ਵਿਚ ਪੁਲਿਸ ਅਤੇ ਜ਼ਿਲ੍ਹਾ ਪ੍ਰਸ਼ਾਸਨ ਅਸਫਲ ਸਾਬਿਤ ਹੋ ਰਿਹਾ ਹੈ | ਚਾਈਨਾ ਡੋਰ ਜਿਥੇ ਮਨੁੱਖ ਲਈ ਖ਼ਤਰਨਾਕ ਸਾਬਿਤ ਹੋ ਰਹੀ ਹੈ, ਉਥੇ ਪਸ਼ੂ, ਪੰਛੀਆਂ, ਜਨਵਰਾਂ ਲਈ ਵੀ ਖ਼ਤਰਨਾਕ ਹੈ, ਕਿਉਂਕਿ ਇਸ ਦੀ ਚਪੇਟ ਵਿਚ ਆਉਣ ਨਾਲ ਕਈ ਲੋਕਾਂ ਦੀਆਂ ਜਾਨਾਂ ਚਲੀਆਂ ਗਈਆਂ ਹਨ, ਉਥੇ ਪੰਛੀਆਂ ਦੇ ਖੰਭਾਂ ਅਤੇ ਪੈਰਾਂ ਵਿਚ ਇਹ ਡੋਰ ਫਸ ਜਾਂਦੀ ਹੈ ਅਤੇ ਡੋਰ ਪਾਲਸਟਿਕ ਦੀ ਹੋਣ ਕਾਰਨ ਜਲਦੀ ਟੁੱਟਦੀ ਨਹੀਂ ਹੈ, ਜਿਸ ਕਾਰਨ ਪੰਛੀਆਂ ਤੋਂ ਇਲਾਵਾ ਹੋਰ ਜਾਨਵਰ ਵੀ ਇਸਦੀ ਚਪੇਟ ਵਿਚ ਆ ਕੇ ਆਪਣਾ ਦਮ ਤੋੜ ਜਾਂਦੇ ਹਨ | ਪੰਜਾਬ ਸਰਕਾਰ ਵਲੋਂ ਇਸ ਖ਼ਤਰਨਾਕ ਚਾਈਨਾ ਡੋਰ ਦੀ ਵਿਕਰੀ ਅਤੇ ਵਰਤੋਂ ਉਪਰ ਸਖ਼ਤ ਪਾਬੰਦੀ ਲਗਾਈ ਹੋਈ ਹੈ, ਪਰ ਫਿਰ ਵੀ ਚਾਈਨਾ ਡੋਰ ਦੇ ਗੱਟੂਆਂ ਨਾਲ ਲੋਕਾਂ ਵਲੋਂ ਪਤੰਗਬਾਜੀ ਕੀਤੀ ਜਾ ਰਹੀ ਹੈ, ਜੋ ਕਿ ਚਿੰਤਾ ਦਾ ਵਿਸ਼ਾ ਹੈ, ਉਥੇ ਪ੍ਰਸ਼ਾਸਨ ਵੀ ਬੇਖ਼ਬਰ ਹੈ ਅਤੇ ਕੁੰਭਕਰਨੀ ਨੀਂਦ ਸੁੱਤਾ ਪਿਆ ਹੈ | ਬੁੱਧੀਜੀਵੀ ਵਿਅਕਤੀਆਂ ਦੱਸਿਆ ਕਿ ਕੁਝ ਲਾਲਚੀ ਲੋਕ ਕੁਝ ਪੈਸਿਆਂ ਦੀ ਖ਼ਾਤਰ ਖਤਰਨਾਕ ਚਾਈਨਾ ਡੋਰ ਦਾ ਕਾਰੋਬਾਰ ਧੜੱਲੇ ਨਾਲ ਕਰ ਰਹੇ, ਉਥੇ ਖ਼ਤਰਨਾਕ ਚਾਈਨਾ ਡੋਰ ਦੀ ਚਪੇਟ ਵਿਚ ਆਉਣ ਨਾਲ ਕਈ ਲੋਕਾਂ ਦੀਆਂ ਕੀਮਤੀ ਜਾਨਾਂ ਚਲੀਆਂ ਗਈਆਂ ਹਨ ਅਤੇ ਕਈ ਲੋਕ ਗੰਭੀਰ ਫੱਟੜ ਹੋ ਗਏ ਹਨ, ਜਿਨ੍ਹਾਂ ਵਿਚ ਛੋਟੇ-ਛੋਟੇ ਬੱਚਿਆਂ ਤੋਂ ਲੈ ਕੇ ਨੌਜਵਾਨ ਅਤੇ ਬਜੁਰਗ ਵੀ ਸ਼ਾਮਿਲ ਹਨ | ਰਸਤੇ ਵਿਚ ਜਾ ਰਹੇ ਰਾਹਗੀਰਾਂ ਦੇ ਗਲੇ ਵਿਚ ਇਹ ਡੋਰ ਫਸ ਜਾਂਦੀ ਹੈ, ਜਿਸ ਕਾਰਨ ਕਈ ਲੋਕਾਂ ਦੇ ਗਲੇ ਵੱਢੇ ਗਏ ਹਨ ਅਤੇ ਕਈ ਲੋਕ ਮੌਤ ਦੇ ਮੂੰਹ ਵਿਚ ਜਾ ਚੁੱਕੇ ਹਨ, ਉਥੇ ਕਈ ਲੋਕਾਂ ਦੇ ਗੰਭੀਰ ਜ਼ਖਮੀ ਹੋਣ ਕਾਰਨ ਕਈ-ਕਈ ਟਾਂਕੇ ਲੱਗੇ ਹਨ | ਉਨ੍ਹਾਂ ਕਿਹਾ ਲੋਹੜੀ ਤਿਉਹਾਰ ਨਜ਼ਦੀਕ ਆ ਰਿਹਾ ਹੈ ਤਾਂ ਇਸ ਖ਼ਤਰਨਾਕ ਚਾਈਨਾ ਡੋਰ ਦੀ ਵਿਕਰੀ ਵੀ ਹੋ ਰਹੀ ਹੈ, ਉਥੇ ਇਸਦੀ ਵਰਤੋਂ ਵੀ ਲੋਕਾਂ ਵਲੋਂ ਪਤੰਗਬਾਜੀ ਕਰਨ ਸਮੇਂ ਕੀਤੀ ਜਾ ਰਹੀ ਹੈ | ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਨੂੰ ਇਸ ਖ਼ਤਰਨਾਕ ਚਾਈਨਾ ਡੋਰ ਸੰਬੰਧੀ ਜਿਥੇ ਲੋਕਾਂ ਨੂੰ ਜਾਗਰੂਕ ਕਰਨ ਲਈ ਵਿਸ਼ੇਸ਼ ਮੁਹਿੰਮ ਚਲਾਉਣੀ ਚਾਹੀਦੀ ਹੈ, ਉਥੇ ਸਕੂਲਾਂ ਵਿਚ ਵੀ ਵਿਸ਼ੇਸ਼ ਸੈਮੀਨਾਰ ਲਗਾ ਕੇ ਬੱਚਿਆਂ ਨੂੰ ਇਸ ਖ਼ਤਰਨਾਕ ਚਾਈਨਾ ਡੋਰ ਦੀ ਵਰਤੋਂ ਨਾ ਕਰਨ ਲਈ ਜਾਗਰੂਕ ਕਰਨਾ ਚਾਹੀਦਾ ਹੈ, ਤਾਂ ਜੋ ਇਸ ਨਾਲ ਜਾਨਲੇਵਾ ਹਾਦਸੇ ਹੁੰਦੇ ਹਨ, ਉਨ੍ਹਾਂ ਵਿਚ ਕਮੀ ਆ ਸਕੇ ਅਤੇ ਲੋਕਾਂ ਦੀਆਂ ਕੀਮਤੀਂ ਜਾਨਾਂ ਬਚਾਈਆਂ ਜਾ ਸਕਣ | ਉਨ੍ਹਾਂ ਐੱਸ.ਐੱਸ.ਪੀ. ਸੁਰਿੰਦਰ ਲਾਂਬਾ ਪਾਸੋਂ ਮੰਗ ਕੀਤੀ ਕਿ ਜ਼ਿਲ੍ਹੇ ਵਿਚ ਚਾਈਨਾ ਡੋਰ ਦਾ ਕਾਰੋਬਾਰ ਕਰਨ ਵਾਲੇ ਲੋਕਾਂ ਨੂੰ ਕਾਬੂ ਕਰਨ ਲਈ ਵਿਸ਼ੇਸ਼ ਮੁਹਿੰਮ ਚਲਾਈ ਜਾਵੇ ਅਤੇ ਜਿਹੜੇ ਵੀ ਦੁਕਾਨਦਾਰ ਜਾਂ ਅੰਦਰ ਖਾਤੇ ਕੁਝ ਲੋਕ ਇਸ ਖਤਰਨਾਕ ਪਾਬੰਦੀਸ਼ੁਦਾ ਡੋਰ ਦੀ ਵਿਕਰੀ ਕਰ ਰਹੇ ਹਨ, ਉਨ੍ਹਾਂ ਨੂੰ ਕਾਬੂ ਕਰਕੇ ਕੇਸ ਦਰਜ ਕੀਤੇ ਜਾਣ ਤਾਂ ਜੋ ਚਾਈਨਾ ਡੋਰ ਨਾਲ ਹੋਣ ਵਾਲੇ ਹਾਦਸਿਆਂ ਤੋਂ ਲੋਕਾਂ ਦਾ ਬਚਾਅ ਹੋ ਸਕੇ |
ਸਰਕਾਰ ਵਲੋਂ ਪਾਬੰਦੀ ਦੇ ਬਾਵਜੂਦ ਧੜੱਲੇ ਨਾਲ ਬਜ਼ਾਰਾਂ 'ਚ ਵਿਕ ਰਹੀ ਹੈ ਚਾਈਨਾ ਡੋਰ,ਕੁਝ ਲਾਲਚੀ ਲੋਕ ਦੂਜਿਆਂ ਦੀਆਂ ਜਾਨਾਂ ਨਾਲ ਕਰ ਰਹੇ ਖਿਲਵਾੜ
ਅਜੀਤ ਡੈਸਕ
04-01-2026