ਭਿੱਖੀਵਿੰਡ, 3 ਜਨਵਰੀ (ਬੌਬੀ)- ਨਿੱਤ ਦਿਨ ਹੋ ਰਹੀਆਂ ਲੁੱਟਾਂ-ਖੋਹਾਂ ਤੋਂ ਜਿੱਥੇ ਸਬ ਡਿਵੀਜ਼ਨ ਭਿੱਖੀਵਿੰਡ ਅਧੀਨ ਆਉਂਦੇ ਲੋਕ ਪੂਰੀ ਤਰ੍ਹਾਂ ਦੁਖੀ ਹਨ, ਉਥੇ ਹੁਣ ਘਰਾਂ ਵਿਚ ਵੀ ਲੋਕ ਸੁਰੱਖਿਤ ਨਹੀਂ ਹਨ | ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਬਿੱਕਰ ਸਿੰਘ ਜ਼ਿਲ੍ਹਾ ਪ੍ਰਧਾਨ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਨੇ ਭਿੱਖੀਵਿੰਡ ਵਿਖੇ ਉਨ੍ਹਾਂ ਦੇ ਮੈਂਬਰ ਦੇ ਘਰੋਂ ਤੜਕੇ ਮੋਟਰਸਾਈਕਲ ਅਤੇ ਮੋਬਾਇਲ ਚੋਰੀ ਹੋਣ ਦੀ ਘਟਨਾ ਤੋਂ ਬਾਅਦ ਭਿੱਖੀਵਿੰਡ ਪੁਲਿਸ ਨੂੰ ੂੰ ਦਰਖਾਸਤ ਦੇਣ ਮੌਕੇ ਗੱਲਬਾਤ ਕਰਦਿਆਂ ਕੀਤਾ | ਉਨ੍ਹਾਂ ਦੱਸਿਆ ਕਿ ਜਸਬੀਰ ਸਿੰਘ ਪੁੱਤਰ ਬੀਰਾ ਸਿੰਘ ਜੋ ਕਿ ਅੱਡਾ ਭਿੱਖੀਵਿੰਡ ਦੀ ਵਾਰਡ ਨੰਬਰ 6 ਦਾ ਵਸਨੀਕ ਹੈ, ਦੇ ਘਰੋਂ ਤੜਕੇ ਕਰੀਬ 6 ਵਜੇ ਚੋਰ ਇਕ ਮੋਟਰਸਾਈਕਲ ਡੀਲੈਕਸ ਅਤੇ ਦੋ ਮੋਬਾਈਲ ਇਕ ਸੈਮਸੰਗ ਅਤੇ ਰੈਡਮੀ ਦਾ ਚੋਰੀ ਕਰਕੇ ਲੈ ਗਏ ਜਦਕਿ ਪੁਲਿਸ ਨੂੰ ਦਰਖਾਸਤ ਦੇਣ ਤੋਂ ਬਾਅਦ ਵੀ ਪੁਲਿਸ ਵਲੋਂ ਨਾ ਤਾਂ ਮੋਬਾਇਲ ਟਰੇਸ 'ਤੇ ਲਗਾਏ ਗਏ ਹਨ ਤੇ ਨਾ ਹੀ ਕੋਈ ਕਾਰਵਾਈ ਕੀਤੀ ਜਾ ਰਹੀ ਹੈ | ਬਿੱਕਰ ਸਿੰਘ ਨੇ ਅੱਗੇ ਦੱਸਿਆ ਕਿ ਅੱਜ ਦੇ ਹਾਲਾਤ ਇਹ ਬਣੇ ਪਏ ਹਨ ਕਿ ਲੋਕ ਹਨ੍ਹੇਰੇ ਸਵੇਰੇ ਘਰੋਂ ਬਾਹਰ ਨਿਕਲਣੋ ਡਰਦੇ ਹਨ ਪਰ ਹੁਣ ਲੋਕ ਆਪਣੇ ਘਰਾਂ ਵਿਚ ਵੀ ਸੁਰੱਖਿਅਤ ਨਹੀਂ ਹਨ, ਉਹ ਪੁਲਿਸ ਪ੍ਰਸ਼ਾਸਨ ਅਤੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਬੇਸ਼ੱਕ ਨਸ਼ਾ ਖਤਮ ਕਰਨ ਵਿਚ ਸਰਕਾਰ ਅਤੇ ਪੁਲਿਸ ਪੂਰੀ ਤਰ੍ਹਾਂ ਨਾਕਾਮ ਰਹੀ ਹੈ ਪਰ ਲੋਕਾਂ ਨੂੰ ਸੁਰੱਖਿਆ ਦੇਣ ਵਿੱਚ ਸਰਕਾਰ ਨੂੰ ਕੋਈ ਨਾ ਕੋਈ ਉਪਰਾਲਾ ਕਰਨਾ ਚਾਹੀਦਾ ਹੈ, ਤਾਂ ਜੋ ਲੋਕ ਆਪਣੇ ਆਪ ਨੂੰ ਸੁਰੱਖਿਅਤ ਮਹਿਸੂਸ ਕਰ ਸਕਣ | ਇਸ ਮੌਕੇ ਉਨ੍ਹਾਂ ਨਾਲ ਬੀਰਾ ਸਿੰਘ ਲਾਟੀ ਪ੍ਰਧਾਨ ਭਿੱਖੀਵਿੰਡ, ਜੱਸਾ ਸਿੰਘ ਮੈਂਬਰ, ਸੁਰਿੰਦਰ ਸਿੰਘ ਸੁਖਦੇਵ ਸਿੰਘ, ਸ਼ੇਰਾ ਸਿੰਘ ਹਾਜ਼ਰ ਸਨ |