ਅਜਨਾਲਾ, 3 ਜਨਵਰੀ (ਗੁਰਪ੍ਰੀਤ ਸਿੰਘ ਢਿੱਲੋਂ)-ਆਮ ਆਦਮੀ ਪਾਰਟੀ ਪੰਜਾਬ ਦੇ ਮੁੱਖ ਬੁਲਾਰੇ ਅਤੇ ਹਲਕਾ ਅਜਨਾਲਾ ਦੇ ਵਿਧਾਇਕ ਕੁਲਦੀਪ ਸਿੰਘ ਧਾਲੀਵਾਲ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਲਾਪਤਾ ਹੋਏ ਸਰੂਪਾਂ ਦੀ ਚੱਲ ਰਹੀ ਜਾਂਚ ਸੰਬੰਧੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਵਲੋਂ ਕੀਤੀ ਗਈ ਬਿਆਨਬਾਜ਼ੀ ਦਾ ਤਿੱਖਾ ਵਿਰੋਧ ਕਰਦਿਆਂ ਕਿਹਾ ਕਿ ਇਸ ਗੰਭੀਰ ਵਿਸ਼ੇ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸ਼ੁਰੂ ਤੋਂ ਹੀ ਗੰਭੀਰਤਾ ਨਾਲ ਨਹੀਂ ਲਿਆ, ਜਿਸ ਕਾਰਨ ਅਦਾਲਤਾਂ ਅਤੇ ਸਰਕਾਰ ਨੂੰ ਦਖਲਅੰਦਾਜ਼ੀ ਕਰਨੀ ਪਈ | ਉਨ੍ਹਾਂ ਕਿਹਾ ਕਿ ਸਿੱਖ ਸੰਗਤਾਂ ਵਿਚ ਇਸ ਮੁੱਦੇ ਉੱਤੇ ਬਹੁਤ ਵੱਡਾ ਰੋਸ ਹੈ ਅਤੇ ਸਿੱਖ ਸੰਗਤਾਂ ਨੇ ਇਸ ਨੂੰ ਪਹਿਲਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨਾਂ ਤੱਕ ਉਠਾਇਆ, ਜਿਨ੍ਹਾਂ ਨੇ ਕੋਈ ਵੀ ਕਾਰਵਾਈ ਨਹੀਂ ਕੀਤੀ | ਜਿਸ ਉਪਰੰਤ ਉਨ੍ਹਾਂ ਮਾਣਯੋਗ ਪੰਜਾਬ ਅਤੇ ਹਰਿਆਣਾ ਹਾਈਕੋਰਟ ਦਾ ਦਰਵਾਜ਼ਾ ਖੜਕਾਇਆ ਅਤੇ ਹਾਈਕੋਰਟ ਦੇ ਆਦੇਸ਼ਾਂ ਉੱਤੇ ਪੰਜਾਬ ਸਰਕਾਰ ਨੇ ਕਥਿਤ ਦੋਸ਼ੀਆਂ ਖਿਲਾਫ ਪਰਚੇ ਦਰਜ ਕਰਕੇ ਕਾਰਵਾਈ ਸ਼ੁਰੂ ਕੀਤੀ | ਉਨ੍ਹਾਂ ਦੱਸਿਆ ਕਿ ਇਸ ਮਾਮਲੇ ਉੱਤੇ ਪੰਜਾਬ ਸਰਕਾਰ ਨੇ ਵਿਸ਼ੇਸ਼ ਜਾਂਚ ਟੀਮ ਦਾ ਗਠਨ ਕੀਤਾ ਹੈ, ਜੋ ਕਿ ਜਾਂਚ ਨੂੰ ਅੱਗੇ ਤੋਰ ਰਿਹਾ ਹੈ | ਵਿਧਾਇਕ ਧਾਲੀਵਾਲ ਨੇ ਦੱਸਿਆ ਕਿ ਪਹਿਲੀ ਗਿ੍ਫਤਾਰੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਬੜੇ ਮਹਿੰਗੇ ਮੁੱਲ ਉੱਤੇ ਰੱਖੇ ਗਏ ਸੀ.ਏ. ਸਤਿੰਦਰ ਸਿੰਘ ਕੋਹਲੀ ਦੀ ਹੋਈ ਹੈ ਅਤੇ ਬਾਕੀਆਂ ਖਿਲਾਫ ਵੀ ਜਾਂਚ ਜਾਰੀ ਹੈ | ਉਨ੍ਹਾਂ ਕਿਹਾ ਕਿ ਅਸੀਂ ਇਸ ਮੁੱਦੇ ਉੱਤੇ ਨਿਆਂ ਲੈ ਕੇ ਸਿੱਖ ਸੰਗਤ ਨੂੰ ਦੇਵਾਂਗੇ ਇਹ ਸਾਡੀ ਜ਼ਿੰਮੇਵਾਰੀ ਹੈ ਅਤੇ ਇਸ ਵਿਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪ੍ਰਧਾਨ ਧਾਮੀ ਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਦਖਲਅੰਦਾਜ਼ੀ ਕਰਨ ਦਾ ਹੱਕ ਨਹੀਂ ਹੈ | ਉਨ੍ਹਾਂ ਅੱਗੇ ਕਿਹਾ ਕਿ ਉਹ ਜੇਕਰ ਇਸ ਮਸਲੇ ਨੂੰ ਪਹਿਲਾਂ ਹੀ ਠੀਕ ਤਰ੍ਹਾਂ ਹੱਲ ਕਰ ਲੈਂਦੇ ਤਾਂ ਸਰਕਾਰਾਂ ਨੂੰ ਇਸ ਵਿਚ ਪੈਣ ਦੀ ਲੋੜ ਨਹੀਂ ਸੀ ਪੈਣੀ ਪਰ ਉਨ੍ਹਾਂ ਨੇ ਬਾਦਲ ਪਰਿਵਾਰ ਦੀ ਪਿੱਠ ਪੂਰੀ ਹੈ ਨਾ ਕਿ ਸੰਗਤਾਂ ਨੂੰ ਨਿਆਂ ਨਹੀਂ ਦਿੱਤਾ | ਇਸ ਮੌਕੇ ਖੁਸ਼ਪਾਲ ਸਿੰਘ ਧਾਲੀਵਾਲ, ਸਰਪੰਚ ਗੁਰਨਾਮ ਸਿੰਘ ਕਮੀਰਪੁਰਾ, ਸਰਪੰਚ ਮਨਜਿੰਦਰ ਸਿੰਘ ਸੈਦੋਗਾਜੀ, ਸਰਪੰਚ ਗੁਰਜੰਟ ਸਿੰਘ ਸਰਾਏ, ਅਮਰੀਕ ਸਿੰਘ ਸ਼ਾਹ ਅਤੇ ਦਵਿੰਦਰ ਸਿੰਘ ਸ਼ਾਹ ਆਦਿ ਹਾਜ਼ਰ ਸਨ |