ਅੰਮਿ੍ਤਸਰ, 3 ਜਨਵਰੀ (ਰੇਸ਼ਮ ਸਿੰਘ)-ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਨੂੰ ਜ਼ਿਲ੍ਹੇ ਵਿਚ ਪ੍ਰਭਾਵੀ ਤੌਰ ਉਤੇ ਲਾਗੂ ਕਰਨ ਲਈ ਇਸ ਸਕੀਮ ਦੇ ਜ਼ਿਲ੍ਹਾ ਨੋਡਲ ਅਫ਼ਸਰ ਡਾ. ਅਮਨਦੀਪ ਕੌਰ ਵਧੀਕ ਡਿਪਟੀ ਕਮਿਸ਼ਨਰ ਸ਼ਹਿਰੀ ਵਿਕਾਸ ਵਲੋਂ ਜ਼ਿਲ੍ਹੇ ਦੇ ਸਮੂਹ ਐੱਸ.ਡੀ.ਐਮ, ਜ਼ਿਲ੍ਹਾ ਮੈਡੀਕਲ ਕਮਿਸ਼ਨਰ, ਸਮੂਹ ਐੱਸ. ਐੱਮ. ਓ., ਸੀ. ਐੱਸ. ਸੀ. ਸੈਂਟਰ ਦੇ ਮੈਨੇਜਰ ਅਤੇ ਸਰਕਾਰ ਦੇ ਨੁਮਾਇੰਦਿਆਂ ਦੀ ਹਾਜ਼ਰੀ ਵਿਚ ਇੱਕ ਇਕੱਤਰਤਾ ਆਪਣੇ ਦਫ਼ਤਰ ਵਿਖੇ ਕੀਤੀ ਗਈ | ਇਸ ਵਿਚ ਉਨ੍ਹਾਂ ਦੇ ਸਮੂਹ ਹਾਜ਼ਰੀਨ ਨੂੰ ਇਸ ਯੋਜਨਾ ਦੀ ਸੰਪੂਰਨ ਜਾਣਕਾਰੀ ਦਿੱਤੀ ਅਤੇ ਦੱਸਿਆ ਕਿ ਪੰਜਾਬ ਦਾ ਹਰ ਇੱਕ ਵਸਨੀਕ ਇਸ ਯੋਜਨਾ ਦਾ ਲ਼ਾਭ ਲੈਣ ਦਾ ਪਾਤਰ ਹੈ | ਉਨ੍ਹਾਂ ਦੱਸਿਆ ਕਿ ਜਿਸ ਵਿਚ 10 ਲੱਖ ਰੁਪਏ ਦਾ ਸਿਹਤ ਬੀਮਾ ਪ੍ਰਤੀ ਪਰਿਵਾਰ ਕੀਤਾ ਜਾਵੇਗਾ ਅਤੇ ਇਸ ਦਾ ਪੰਜੀਕਰਣ ਜ਼ਿਲ੍ਹੇ ਦੇ 600 ਤੋਂ ਵੱਧ ਕਾਮਨ ਸਰਵਿਸ ਸੈਂਟਰ ਵਿਖੇ 8 ਜਨਵਰੀ ਤੋਂ ਬਾਅਦ ਸ਼ੁਰੂ ਕਰ ਦਿੱਤਾ ਜਾਵੇਗਾ | ਲਾਭਪਾਤਰੀਆਂ ਕੋਲ ਪੰਜਾਬ ਦੇ ਖੇਤਰ ਦਾ ਵੋਟਰ ਕਾਰਡ ਅਤੇ ਆਧਾਰ ਕਾਰਡ ਹੋਣਾ ਲਾਜ਼ਮੀ ਹੈ | 18 ਸਾਲ ਤੋਂ ਘੱਟ ਦੇ ਬੱਚਿਆਂ ਦਾ ਆਧਾਰ ਕਾਰਡ ਅਤੇ ਉਨ੍ਹਾਂ ਦੇ ਮਾਤਾ-ਪਿਤਾ ਦਾ ਰਾਜ ਦੇ ਖੇਤਰ ਦਾ ਵੋਟਰ ਕਾਰਡ ਹੋਣਾ ਲਾਜ਼ਮੀ ਹੈ | ਸਿਹਤ ਵਿਭਾਗ ਦੇ ਅਧਿਕਾਰੀਆ ਨੂੰ ਨਿਰਦੇਸ਼ ਦਿੱਤੇ ਗਏ ਕਿ ਇਸ ਬਾਬਤ ਆਪਣੇ ਆਸ-ਪਾਸ ਦੇ ਰਹਿਣ ਵਾਲੇ ਸ਼ਹਿਰੀਆਂ ਅਤੇ ਰਾਜਨੀਤਕ ਆਗੂਆਂ ਨੂੰ ਇਸ ਸੰਬੰਧੀ ਜਾਗਰੂਕ ਕੀਤਾ ਜਾਵੇ |