ਸਠਿਆਲਾ, 3 ਜਨਵਰੀ( ਜਗੀਰ ਸਿੰਘ ਸਫਰੀ)-ਗੁਰੂ ਤੇਗ ਬਹਾਦੁਰ ਕਾਲਜ ਸਠਿਆਲਾ ਵਿਖੇ 55(1) ਮੈਕ ਬਿ੍ਗੇਡ ਭਾਰਤੀ ਫੌਜ ਦੇ ਸਹਿਯੋਗ ਨਾਲ ਭਾਰਤੀ ਫੌਜ ਦੇ ਵੈਟਰਨਜ਼/ਵੀਰ ਨਾਰੀ ਆਉਟਰੀਚ ਪ੍ਰੋਗਰਾਮ ਕਰਵਾਇਆ ਗਿਆ | ਇਸ ਮੌਕੇ ਆਉਟਰੀਚ ਪ੍ਰੋਗਰਾਮ ਕਮਾਂਡਿੰਗ ਆਫ਼ਿਸਰ ਮੇਜਰ ਅਵਿਰੂਪ ਦੱਤਾ ਦੀ ਅਗਵਾਈ 'ਚ ਹੋਏ ਪ੍ਰੋਗਰਾਮ ਦੌਰਾਨ ਮੈਡੀਕਲ ਅਫਸਰ ਕੈਪਟਨ ਐਸ਼ਵਰਿਆ ਨੇ ਦੱਸਿਆ ਹੈ ਕਿ ਸਾਬਕਾ ਫੌਜੀ ਜਵਾਨਾਂ ਅਤੇ ਵੀਰ ਨਾਰੀਆਂ ਦੀਆਂ ਸਮੱਸਿਆਵਾਂ ਦੀ ਪਛਾਣ ਕਰਕੇ ਉਨ੍ਹਾਂ ਦੇ ਨਿਵਾਰਣ ਲਈ ਯਤਨ ਕੀਤੇ ਗਏ | ਇਸ ਮੌਕੇ ਸਿਹਤ ਸਹੂਲਤਾਂ, ਦਸਤਾਵੇਜ਼ੀ ਕਾਰਜ ਸ਼ਿਕਾਇਤ ਨਿਵਾਰਣ ਅਤੇ ਵੱਖ-ਵੱਖ ਭਲਾਈ ਯੋਜਨਾਵਾਂ ਬਾਰੇ ਜਾਣਕਾਰੀ ਦਿੱਤੀ ਗਈ | ਉਨ੍ਹਾਂ ਨੇ ਦੱਸਿਆ ਹੈ ਕਿ ਫੌਜੀ ਅਧਿਕਾਰੀਆਂ ਵਲੋਂ ਲਾਭਪਾਤਰੀਆਂ ਨਾਲ ਸਿੱਧੀ ਗੱਲਬਾਤ ਕਰਕੇ ਉਨ੍ਹਾਂ ਨੂੰ ਸਮੇਂ-ਸਿਰ ਮਾਰਗਦਰਸ਼ਨ ਅਤੇ ਸਹਾਇਤਾ ਦਿੱਤੀ ਗਈ | ਇਸ ਮੌਕੇ 'ਤੇ ਮੋਹਨ ਤਿਵਾਰੀ, ਨਾਇਬ ਸੂਬੇਦਾਰ ਮਨਜੀਤ ਸਿੰਘ, ਨਾਇਬ ਸੂਬੇਦਾਰ ਰਾਜਵਿੰਦਰ ਸਿੰਘ, ਹਵਲਦਾਰ ਅਵਤਾਰ, ਰਾਜ ਸ਼੍ਰੀਜੀਤ, ਸਾਗਰ ਚਰਮਰੇ, ਨਾਇਕ ਰਾਜ ਸਿੰਘ, ਨਾਇਕ ਰਾਜਿੰਦਰ ਸਿੰਘ ਅਤੇ ਪ੍ਰੇਮ ਸਿੰਘ ਹਾਜ਼ਰ ਸਨ | ਇਸ ਮੌਕੇ ਕਾਲਜ ਇੰਚਾਰਜ ਡਾ. (ਲੈਫ) ਹਰਸਿਮਰਨ ਕੌਰ ਨੇ ਧੰਨਵਾਦ ਕਰਦਿਆਂ ਕਿਹਾ ਕਿ ਇਸ ਤਰ੍ਹਾਂ ਦੇ ਪ੍ਰੋਗਰਾਮ ਫੌਜ ਅਤੇ ਸਮਾਜ ਵਿਚਕਾਰ ਮਜ਼ਬੂਤ ਸੰਬੰਧ ਬਣਾਉਂਦੇ ਹਨ ਅਤੇ ਸਾਬਕਾ ਸੈਨਿਕਾਂ ਤੇ ਵੀਰ ਨਾਰੀਆਂ ਦੀ ਭਲਾਈ ਨੂੰ ਯਕੀਨੀ ਬਣਾਉਂਦੇ ਹਨ | ਇਸ ਆਉਟਰੀਚ ਪ੍ਰੋਗਰਾਮ ਵਿਚ ਸਾਬਕਾ ਸੈਨਿਕਾਂ, ਵੀਰ ਨਾਰੀਆਂ, ਪ੍ਰੋ: ਕਰਮਬੀਰ ਸਿੰਘ ਸੰਧੂ ਅੰਗਰੇਜ਼ੀ ਵਿਭਾਗ ਅਤੇ ਹੋਰ ਕਾਲਜ ਸਟਾਫ਼ ਵਲੋਂ ਉਤਸ਼ਾਹਪੂਰਵਕ ਹਿੱਸਾ ਲਿਆ |