ਤਰਨ ਤਾਰਨ, 4 ਜਨਵਰੀ (ਹਰਿੰਦਰ ਸਿੰਘ)-ਸੂਬੇ ਵਿਚ ਕੋਈ ਵੀ ਕਾਨੂੰਨ ਨਾਂਅ ਦੀ ਵਿਵਸਥਾ ਨਹੀਂ ਰਹਿ ਗਈ | ਦਿਨ ਦਿਹਾੜੇ ਵਪਾਰੀਆਂ, ਦੁਕਾਨਦਾਰਾਂ 'ਤੇ ਗੋਲੀਆਂ ਚਲਾਈਆਂ ਜਾ ਰਹੀ ਹਨ | ਭਗਵੰਤ ਮਾਨ ਸੋਸ਼ਲ ਮੀਡੀਆ 'ਤੇ ਸਿਰਫ ਗੱਲਾਂ ਕਰਕੇ ਲੋਕਾਂ ਨੂੰ ਗੁੰਮਰਾਹ ਕਰ ਰਹੇ ਹਨ, ਉਨ੍ਹਾਂ ਨੂੰ ਜ਼ਮੀਨੀ ਪੱਧਰ 'ਤੇ ਆ ਕੇ ਸੂਬੇ ਦੀ ਕਾਨੂੰਨ ਵਿਵਸਥਾ ਦਾ ਹਾਲ ਦੇਖਣਾ ਚਾਹੀਦਾ ਹੈ ਕਿ ਲੋਕ ਕਿੱਦਾਂ ਸਹਿਮ ਹੇਠ ਆਪਣੇ ਕਾਰੋਬਾਰ ਕਰ ਰਹੇ ਹਨ | ਹੁਣ ਤਾਂ ਛੋਟੇ ਛੋਟੇ ਦੁਕਾਨਦਾਰਾਂ ਨੂੰ ਵੀ ਨਹੀਂ ਬਖਸ਼ਿਆ ਜਾ ਰਿਹਾ, ਆਏ ਦਿਨ ਨਿੱਤ ਕੋਈ ਨਾ ਕੋਈ ਗੋਲੀ ਚੱਲਣ ਦੀ ਘਟਨਾ ਵਾਪਰ ਰਹੀ ਹੈ | ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਭਾਜਪਾ ਜ਼ਿਲ੍ਹਾ ਪ੍ਰਧਾਨ ਹਰਜੀਤ ਸਿੰਘ ਸੰਧੂ ਨੇ ਤਰਨ ਤਾਰਨ ਸ਼ਹਿਰ ਵਿਖੇ ਸੂਰਜ ਮੈਡੀਕਲ ਸਟੋਰ 'ਤੇ ਬੀਤੀ ਦੇਰ ਸ਼ਾਮ ਅਣਪਛਾਤੇ ਵਿਅਕਤੀਆਂ ਵਲੋਂ ਗੋਲੀਆਂ ਚਲਾਉਣ ਦੀ ਸਖ਼ਤ ਨਿੰਦਾ ਕਰਦਿਆਂ ਕਿਹਾ ਕਿ ਇਲਾਕੇ ਵਿਚ ਦਹਿਸ਼ਤ ਦਾ ਮਾਹੌਲ ਬਣ ਗਿਆ | ਹਰਜੀਤ ਸਿੰਘ ਸੰਧੂ ਨੇ ਕਿਹਾ ਕਿ ਪੰਜਾਬ ਦੇ ਲੋਕਾਂ ਨੇ ਆਮ ਆਦਮੀ ਪਾਰਟੀ 'ਤੇ ਵਿਸ਼ਵਾਸ ਕਰਦਿਆਂ ਸਰਕਾਰ ਬਣਾਈ, ਪ੍ਰੰਤੂ ਹੁਣ ਇਨ੍ਹਾਂ ਲੋਕਾਂ ਦੀ ਸੁਰੱਖਿਆ ਅਤੇ ਜਾਨ ਮਾਲ ਦਾ ਜਿੰਮੇਵਾਰ ਕੌਣ ਹੈ | ਹੁਣ ਤਾਂ ਲੋਕ ਡਰ ਦੇ ਸਾਏ ਹੇਠ ਜੀਅ ਰਹੇ ਹਨ | ਉਨ੍ਹਾਂ ਕਿਹਾ ਕਿ ਤਰਨ ਤਾਰਨ ਤਾਲੀਬਾਨ ਦਾ ਰੂਪ ਧਾਰਨ ਚੁੱਕਾ ਹੈ, ਕੋਈ ਕਾਨੂੰਨ ਨਾਂਅ ਦੀ ਵਿਵਸਥਾ ਨਹੀਂ ਰਹਿ ਗਈ ਹੈ | ਪ੍ਰਤੀ ਦਿਨ ਗੋਲੀ ਚਲਾਉਣ ਦੀਆਂ ਘਟਨਾਵਾਂ ਵਿਚ ਵਾਧਾ ਹੋ ਰਿਹਾ ਹੈ | ਉਨ੍ਹਾਂ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਸਭ ਇਕ ਮੰਚ 'ਤੇ ਇਕੱਠੇ ਹੋਣ | ਉਨ੍ਹਾਂ ਕਿਹਾ ਕਿ ਜੇਕਰ ਬਾਕੀ ਸੂਬਿਆਂ ਵਾਂਗ ਪੰਜਾਬ ਦੇ ਲੋਕ ਵੀ ਤਰੱਕੀ ਕਰਨ, ਲੋਕ ਸਹਿਮ ਦੇ ਮਾਹੌਲ ਵਿਚੋਂ ਬਾਹਰ ਨਿਕਲਣ, ਸਾਡੇ ਲੋਕ ਖੁਸ਼ੀ-ਖੁਸ਼ੀ ਆਪਣੇ ਪਰਿਵਾਰਾਂ ਦੇ ਨਾਲ ਆਪਣੇ ਇਲਾਕਿਆਂ ਵਿਚ ਕਾਰੋਬਾਰ ਕਰ ਸਕਣ ਤਾਂ ਲੋਕ ਭਾਜਪਾ ਦਾ ਸਾਥ ਦੇਣ ਅਤੇ 2027 ਵਿਚ ਪੰਜਾਬ ਵਿਚ ਭਾਜਪਾ ਦੀ ਸਰਕਾਰ ਬਣਾਈ ਜਾ ਸਕੇ | ਉਨ੍ਹਾਂ ਇਸ ਘਟਨਾਕ੍ਰਮ ਦੀ ਸਖ਼ਤ ਸ਼ਬਦਾਂ ਵਿਚ ਨਿੰਦਾ ਕਰਦਿਆਂ ਸੰਬੰਧਿਤ ਪ੍ਰਸ਼ਾਸਨਿਕ ਨੂੰ ਅਪੀਲ ਕੀਤੀ ਕਿ ਘਟਨਾ ਨੂੰ ਅੰਜਾਮ ਦੇਣ ਵਾਲੇ ਲੋਕਾਂ ਨੂੰ ਤੁਰੰਤ ਗਿ੍ਫ਼ਤਾਰ ਕਰਕੇ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇ |