ਭਿੱਖੀਵਿੰਡ, 5 ਜਨਵਰੀ (ਬੌਬੀ)- ਬੇਰੁਜ਼ਗਾਰ ਸਾਂਝਾ ਮੋਰਚਾ ਤਰਨ ਤਾਰਨ ਦੀ ਇਕੱਤਰਤਾ ਬਲਾਕ ਪ੍ਰਧਾਨ ਰਣਜੀਤ ਸਿੰਘ ਪੱਟੀ ਦੀ ਅਗਵਾਈ ਹੇਠ ਹੋਈ | ਬੇਰੁਜ਼ਗਾਰ ਸਾਂਝਾ ਮੋਰਚਾ ਦੇ ਆਗੂਆਂ ਨੇ ਦੱਸਿਆ ਕਿ ਪੰਜਾਬ ਦੀ ਮੌਜੂਦਾ ਸਰਕਾਰ ਨੇ ਆਪਣੇ ਕਾਰਜਕਾਲ ਦੌਰਾਨ ਲਗਪਗ ਚਾਰ ਸਾਲਾਂ ਵਿਚ ਇਕ ਵੀ ਭਰਤੀ ਸਿੱਖਿਆ ਵਿਭਾਗ ਵਿਚ ਜਾਰੀ ਨਹੀਂ ਕੀਤੀ, ਪਰ ਸਰਕਾਰ ਸਿੱਖਿਆ ਕ੍ਰਾਂਤੀ ਦੇ ਦਮਗਜੇ ਮਾਰ ਰਹੀ ਹੈ | ਇਸ ਲਈ ਬੇਰੁਜ਼ਗਾਰਾਂ ਨੇ ਆਪਣੀਆਂ ਮੰਗਾਂ ਤੋਂ ਆਮ ਜਨਤਾ ਨੂੰ ਜਾਣੂ ਕਰਵਾਉਣ ਅਤੇ ਪੰਜਾਬ ਸਰਕਾਰ ਦੇ ਫੋਕੇ ਦਾ ਦਾਅਵਿਆਂ ਦੀ ਫੂਕ ਕੱਢਣ ਲਈ ਜਿੱਥੇ 25 ਦਸੰਬਰ ਤੋਂ ਸੰਗਰੂਰ ਵਿਖੇ ਡੀ.ਸੀ ਦਫਤਰ ਅੱਗੇ ਪੱਕਾ ਮੋਰਚਾ ਸ਼ੁਰੂ ਕੀਤਾ ਹੋਇਆ ਹੈ, ਉੱਥੇ ਪੰਜਾਬ ਅੰਦਰ ਕੰਧਾਂ ਉੱਤੇ ਨਾਅਰੇ ਲਿਖਣ ਦੀ ਮੁਹਿੰਮ ਵੀ ਸ਼ੁਰੂ ਕੀਤੀ ਗਈ ਹੈ | ਬੇਰੁਜ਼ਗਾਰ ਸਾਂਝੇ ਮੋਰਚੇ ਦੇ ਜ਼ਿਲ੍ਹਾ ਪ੍ਰਧਾਨ ਹਰਨੰਦ ਸਿੰਘ ਬੱਲਿਆਂਵਾਲਾ, ਸੂਬਾ ਕਮੇਟੀ ਮੈਂਬਰ ਬਖਸ਼ੀਸ਼ ਸਿੰਘ ਅਤੇ ਖਜਾਨਚੀ ਕਰਨਬੀਰ ਸਿੰਘ ਨੇ ਦੱਸਿਆ ਕਿ ਪੰਜਾਬ ਸਰਕਾਰ ਨੇ ਪੌਣੇ ਚਾਰ ਸਾਲਾਂ ਵਿਚ ਸਿੱਖਿਆ ਵਿਭਾਗ ਅੰਦਰ ਨਰਸਰੀ, ਪ੍ਰਾਇਮਰੀ, ਮਾਸਟਰ ਕੇਡਰ, ਲੈਕਚਰਾਰ ਅਤੇ ਸਹਾਇਕ ਪ੍ਰੋਫੈਸਰ ਪੱਧਰ ਤੱਕ ਦੀ ਇਕ ਵੀ ਨਵੀਂ ਅਸਾਮੀ ਜਾਰੀ ਨਹੀਂ ਕੀਤੀ ਉਲਟਾ ਪਿਛਲੀ ਸਰਕਾਰ ਮੌਕੇ ਦੀਆਂ ਜਾਰੀ ਅਸਾਮੀਆਂ ਜਿਨਾਂ ਵਿਚ ਲੈਕਚਰਾਰ 343 ਪੋਸਟਾਂ, ਪੀ.ਟੀ.ਆਈ ਅਧਿਆਪਕ 646 ਅਤੇ 2 ਹਜ਼ਾਰ ਪੀ.ਟੀ.ਆਈ ਅਧਿਆਪਕ ਪੋਸਟਾਂ ਨੂੰ ਰੱਦ ਜਰੂਰ ਕੀਤਾ ਹੈ | ਉਨ੍ਹਾਂ ਦੱਸਿਆ ਕਿ ਮੁੱਖ ਮੁੱਖ ਮੰਤਰੀ ਭਗਵੰਤ ਮਾਨ ਨੇ ਅਨੇਕਾਂ ਥਾਵਾਂ 'ਤੇ ਐਲਾਨ ਕੀਤਾ ਸੀ ਕਿ ਪਿਛਲੀਆਂ ਸਰਕਾਰਾਂ ਮੌਕੇ ਰੁਜ਼ਗਾਰ ਮੰਗਦੇ, ਧਰਨੇ ਲਾਉਂਦੇ ਅਨੇਕਾਂ ਬੇਰੁਜ਼ਗਾਰ ਓਵਰਏਜ਼ ਹੋ ਚੁੱਕੇ ਹਨ | ਪੰਜਾਬ ਸਰਕਾਰ ਕਾਨੂੰਨ ਵਿਚ ਸੋਧ ਕਰਕੇ ਰੁਜ਼ਗਾਰ ਪ੍ਰਾਪਤੀ ਉਪਰਲੀ ਉਮਰ ਸੀਮਾ ਵਿਚ ਕਾਨੂੰਨੀ ਸੋਧ ਕਰਕੇ ਛੋਟ ਦੇਵੇਗੀ | ਜਦਕਿ ਅਜਿਹਾ ਅਮਲੀ ਰੂਪ ਵਿਚ ਨਹੀਂ ਕੀਤਾ ਗਿਆ | ਬੇਰੁਜ਼ਗਾਰਾਂ ਦੀਆਂ ਸਮੁੱਚੀਆਂ ਮੰਗਾਂ ਜਿਨਾਂ ਵਿਚ ਮਾਸਟਰ ਕੇਡਰ, ਲੈਕਚਰਾਰ ਸਹਾਇਕ, ਪ੍ਰੋਫੈਸਰ ਮਲਟੀਪਰਪਜ ਹੈਲਥ ਵਰਕਰ (ਪੁਰਸ਼) ਦੀਆਂ ਪੋਸਟਾਂ, ਉਮਰ ਹੱਦ ਛੋਟ ਅਤੇ ਮਾਸਟਰ ਕੇਡਰ ਵਿਚ ਥੋਪੀ ਬੇਤੁਕੀ ਸ਼ਰਤ 55 ਫੀਸਦੀ ਲਾਜ਼ਮੀ ਅੰਕਾਂ ਨੂੰ ਰੱਦ ਕਰਵਾਉਣ ਲਈ 11 ਜਨਵਰੀ ਨੂੰ ਮੁੱਖ ਮੰਤਰੀ ਦੀ ਕੋਠੀ ਅੱਗੇ ਲੋਹੜੀ ਮੰਗ ਕੇ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ |