ਤਰਨ ਤਾਰਨ, 24 ਜਨਵਰੀ (ਹਰਿੰਦਰ ਸਿੰਘ)-ਸ੍ਰੀ ਗੁਰੂ ਹਰਿਕਿ੍ਸ਼ਨ ਪਬਲਿਕ ਸਕੂਲ ਪਿੱਦੀ, ਜੋ ਕਿ ਚੀਫ਼ ਖ਼ਾਲਸਾ ਦੀਵਾਨ ਚੈਰੀਟੇਬਲ ਸੁਸਾਇਟੀ ਦੀ ਅਗਵਾਈ ਅਧੀਨ ਦਿਨ ਦੁਗਣੀ ਅਤੇ ਰਾਤ ਚੌਗੁਣੀ ਤਰੱਕੀ ਕਰ ਰਿਹਾ ਹੈ, ਵਿਖੇ ਬਸੰਤ ਦੇ ਆਗਮਨ ਤਿਉਹਾਰ ਨੂੰ ਬੜੇ ਹੀ ਉਤਸ਼ਾਹ ਨਾਲ ਮਨਾਇਆ | ਇਸ ਮੌਕੇ ਸਾਰੇ ਸਕੂਲ ਦੇ ਵਿਦਿਆਰਥੀਆਂ ਨੇ ਪੀਲੇ ਰੰਗ ਦੇ ਕੱਪੜੇ ਪਾ ਕੇ ਅਤੇ ਲੜਕਿਆਂ ਨੇ ਪੀਲੀਆਂ ਪੱਗਾਂ ਸਜਾ ਕੇ ਇਸ ਤਿਉਹਾਰ ਦੀ ਮਹੱਤਤਾ ਨੂੰ ਹੋਰ ਵੀ ਵਧਾ ਦਿੱਤਾ | ਇਸ ਮੌਕੇ ਸਕੂਲ ਦੇ ਪਿ੍ੰਸੀਪਲ ਮੈਡਮ ਸਰਬਜੀਤ ਕੌਰ ਨੇ ਬੱਚਿਆਂ ਨੂੰ ਇਸ ਤਿਉਹਾਰ ਦੀ ਮਹੱਤਤਾ ਨੂੰ ਦੱਸਦੇ ਹੋਏ ਦੱਸਿਆ ਕਿ 'ਆਈ ਬਸੰਤ ਪਾਲਾ ਉਡੰਤ' ਤਹਿਤ ਇਸ ਮਾਘ ਮਹੀਨੇ ਦੀ ਬਸੰਤ ਆਉਣ ਨਾਲ ਠੰਢ ਖ਼ਤਮ ਹੋਣੀ ਆਰੰਭ ਹੋ ਜਾਂਦੀ ਹੈ ਅਤੇ ਬਹਾਰ ਆ ਜਾਂਦੀ ਹੈ | ਜੋ ਕਿ ਸਾਡੇ ਜੀਵਨ ਵਿਚ ਵੀ ਖੁਸ਼ੀਆਂ ਖੇੜੇ ਲੈ ਕੇ ਆਉਂਦੀ ਹੈ | ਇਸ ਤਿਉਹਾਰ ਦਾ ਬੱਚਿਆਂ ਨੇ ਭੰਗੜੇ ਪਾ ਕੇ ਅਤੇ ਲੜਕੀਆਂ ਨੇ ਗਿੱਧਾ ਪਾ ਕੇ ਆਨੰਦ ਮਾਣਿਆ | ਸਕੂਲ ਦੇ ਮੈਂਬਰ ਇੰਚਾਰਜ ਗੁਰਿੰਦਰ ਸਿੰਘ ਲੋਹੇ ਵਾਲੇ ਅਤੇ ਸਤਵਿੰਦਰ ਸਿੰਘ ਦੀ ਮੌਜੂਦਗੀ ਨੇ ਇਸ ਤਿਉਹਾਰ ਵਿਚ ਹੋਰ ਚਾਰ ਚੰਦ ਲਗਾ ਦਿੱਤੇ | ਇਸ ਤਿਉਹਾਰ ਮੌਕੇ ਸਾਰੇ ਵਿਦਿਆਰਥੀ ਆਪਣੇ ਟਿਫ਼ਨ ਵਿਚ ਪੀਲੇ ਰੰਗ ਦਾ ਭੋਜਨ ਲੈ ਕੇ ਸਕੂਲ ਆਏ ਅਤੇ ਇਕ ਦੂਸਰੇ ਨਾਲ ਸਾਂਝਾ ਕੀਤਾ | ਇਸ ਦਿਨ ਦੀ ਸ਼ੁਰੂਆਤ ਮੈਡਮ ਮਨਜਿੰਦਰ ਕੌਰ ਨੇ ਬੱਚਿਆਂ ਨੂੰ ਅਸੈਂਬਲੀ ਵਿਚ ਬਸੰਤ ਤਿਉਹਾਰ ਬਾਰੇ ਜਾਣਕਾਰੀ ਦਿੱਤੀ ਅਤੇ ਦੱਸਿਆ ਕਿ ਇਸ ਦਿਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਜਨਮ ਤੋਂ ਬਾਅਦ ਪਹਿਲੀ ਵਾਰ ਬਸੰਤ ਪੰਚਮੀ ਵਾਲੇ ਦਿਨ ਗੁਰੂ ਕੀ ਵਡਾਲੀ ਤੋਂ ਬਾਹਰ ਲਿਆਂਦਾ ਗਿਆ ਸੀ, ਜਿਸ ਦੀ ਖੁਸ਼ੀ ਵਿਚ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਛੇਹਰਟਾ ਸਾਹਿਬ ਵਾਲੇ ਅਸਥਾਨ ਨੂੰ ਬਹੁਤ ਵਰ ਦਿੱਤੇ, ਜਿਸ ਕਾਰਨ ਹਰ ਸਾਲ ਇੱਥੇ ਯਾਦਗਾਰੀ ਭਾਰੀ ਦੀਵਾਨ ਸੱਜਦੇ ਹਨ |