ਅੰਮਿ੍ਤਸਰ, 28 ਜਨਵਰੀ (ਰਾਜੇਸ਼ ਕੁਮਾਰ ਸ਼ਰਮਾ)-ਕਰਮਚਾਰੀ ਭਵਿੱਖ ਨਿਧੀ ਸੰਗਠਨ ਖੇਤਰੀ ਦਫ਼ਤਰ ਅੰਮਿ੍ਤਸਰ ਵਲੋਂ ਖੇਤਰੀ ਭਵਿੱਖ ਨਿਧੀ ਫੰਡ ਕਮਿਸ਼ਨਰ ਲੋਕੇਂਦਰ ਸਿੰਘ ਦੀ ਅਗਵਾਈ ਹੇਠ ਮੈਸਰਜ਼ ਕੋਚਰ ਸੰਗ ਉਪ ਐਕਰੇਲਿਕ ਲਿਮ. ਹੋਟਲ ਡਵੀਜ਼ਨ ਅੰਮਿ੍ਤਸਰ, ਮੈਸਰਜ਼ ਦੀ ਬਟਾਲਾ ਕੋਆਪ੍ਰੇਟਿਵ ਸ਼ੂਗਰ ਮਿੱਲਜ਼ ਜੀ. ਟੀ. ਰੋਡ ਬਟਾਲਾ ਜ਼ਿਲ੍ਹਾ ਗੁਰਦਾਸਪੁਰ ਅਤੇ ਮੈਸਰਜ਼ ਬੇਸਟ ਵੇਸਟਰਨ ਐੱਲ. ਏ. ਵਿਸਟਾ ਪਟੇਲ ਚੌਂਕ ਸੈਕਟਰ-8 ਪਠਾਨਕੋਟ ਵਿਖੇ ਨਿਧੀ ਆਪਣੇ ਨਿਕਟ 2.0 ਪ੍ਰੋਗਰਾਮ ਕਰਵਾਏ ਗਏ | ਇਨ੍ਹਾਂ ਪ੍ਰੋਗਰਾਮਾਂ 'ਚ ਨੋਡਲ ਅਫ਼ਸਰ ਨੇ ਮਾਲਕਾਂ ਅਤੇ ਕਰਮਚਾਰੀਆਂ ਦੀਆਂ ਸਮੱਸਿਆਵਾਂ ਦਾ ਹੱਲ ਕੀਤਾ ਅਤੇ ਉਨ੍ਹਾਂ ਨਾਲ ਪੀ. ਐੱਫ. ਸੰਗਠਨ ਨਾਲ ਸੰਬੰਧਿਤ ਮਹੱਤਵਪੂਰਨ ਵਿਸ਼ਿਆਂ 'ਤੇ ਚਰਚਾ ਕੀਤੀ | ਇਸ ਦੌਰਾਨ ਨੋਡਲ ਅਫ਼ਸਰਾਂ ਨੇ ਰੁਜ਼ਗਾਰਦਾਤਾਵਾਂ ਅਤੇ ਕਰਮਚਾਰੀਆਂ ਨਾਲ ਸੰਬੰਧਿਤ ਮੁੱਦਿਆਂ 'ਤੇ ਚਰਚਾ ਕੀਤੀ ਅਤੇ ਉਨ੍ਹਾਂ ਦੀਆਂ ਸਮੱਸਿਆਵਾਂ ਦੇ ਹੱਲ ਕੀਤੇ | ਇਸ ਮੌਕੇ ਖੇਤਰੀ ਭਵਿੱਖ ਨਿਧੀ ਫੰਡ ਕਮਿਸ਼ਨਰ ਲੋਕੇਂਦਰ ਸਿੰਘ ਨੇ ਦੱਸਿਆ ਕਿ ਕੇਂਦਰ ਸਰਕਾਰ ਵਲੋਂ ਸੰਸਥਾਵਾਂ 'ਚ ਕੰਮ ਕਰਨ ਵਾਲੇ ਕਰਮਚਾਰੀਆਂ ਦੀ ਭਲਾਈ ਲਈ ਪ੍ਰਧਾਨ ਮੰਤਰੀ ਵਿਕਾਸ ਭਾਰਤ ਰੁਜ਼ਗਾਰ ਯੋਜਨਾ ਸੰਬੰਧੀ ਵੀ ਜਾਣੂੰ ਕਰਵਾਇਆ | ਉਨ੍ਹਾਂ ਦੱਸਿਆ ਕਿ ਇਹ ਯੋਜਨਾ ਨਿਰਮਾਣ ਖੇਤਰਾਂ ਲਈ 4 ਸਾਲਾਂ ਲਈ ਅਤੇ ਹੋਰ ਮਾਲਕਾਂ ਲਈ 2 ਸਾਲਾਂ ਲਈ ਲਾਗੂ ਹੋਵੇਗੀ | ਇਸ ਯੋਜਨਾ ਦੀ ਰਜਿਸਟਰੇਸ਼ਨ 1 ਅਗਸਤ 2025 ਤੋਂ ਸ਼ੁਰੂ ਹੋ ਕੇ 31 ਜੁਲਾਈ, 2027 ਤੱਕ ਜਾਰੀ ਰਹੇਗੀ | ਇਹ ਯੋਜਨਾ 1 ਲੱਖ ਰੁਪਏ ਤੱਕ ਤਨਖਾਹ ਪ੍ਰਾਪਤ ਕਰਨ ਵਾਲੇ ਕਰਮਚਾਰੀਆਂ 'ਤੇ ਲਾਗੂ ਹੋਵੇਗੀ, ਪਰ ਲਾਭਪਾਤਰੀਆਂ ਨੂੰ ਇਕ ਮਹੀਨੇ ਦੀ ਤਨਖ਼ਾਹ (15 ਹਜ਼ਾਰ ਰੁਪਏ ਤੱਕ) ਦੋ ਕਿਸ਼ਤਾਂ ਵਿਚ ਦਿੱਤੀ ਜਾਵੇਗੀ | ਉਨ੍ਹਾਂ ਅੱਗੇ ਦੱਸਿਆ ਕਿ ਇਸ ਯੋਜਨਾ ਤਹਿਤ ਨਵ-ਨਿਯੁਕਤ ਕਰਮਚਾਰੀਆਂ ਦੇ ਮਾਲਕਾਂ ਨੂੰ ਪ੍ਰਤੀ ਮਹੀਨਾ 3000 ਰੁਪਏ ਤੱਕ ਦੀ ਸਹਾਇਤਾ ਦਿੱਤੀ ਜਾਵੇਗੀ | ਉਨ੍ਹਾਂ ਮਾਲਕਾਂ ਨੂੰ ਇਸ ਯੋਜਨਾ ਦਾ ਵੱਧ ਤੋਂ ਵੱਧ ਲਾਭ ਉਠਾਉਣ ਦੀ ਅਪੀਲ ਕੀਤੀ | ਉਨ੍ਹਾਂ ਦੱਸਿਆ ਕਿ ਕੇਂਦਰ ਸਰਕਾਰ ਨੇ ਇਸ ਯੋਜਨਾ ਲਈ ਲਗਭਗ 1 ਲੱਖ ਕਰੋੜ ਰੁਪਏ ਦਾ ਬਜਟ ਰੱਖਿਆ ਹੈ, ਜਿਸ ਨਾਲ ਸਾਢੇ ਤਿੰਨ ਕਰੋੜ ਨੌਕਰੀਆਂ ਪੈਦਾ ਹੋਣ ਦੀ ਸੰਭਾਵਨਾ ਹੈ | ਉਨ੍ਹਾਂ ਦੱਸਿਆ ਕਿ ਈ.ਪੀ.ਐੱਫ.ਓ. ਨੇ ਮੈਂਬਰ ਪ੍ਰੋਫਾਈਲਿੰਗ ਲਈ ਸਾਂਝੀ ਘੋਸ਼ਣਾ ਪ੍ਰਕਿਰਿਆ ਦੀ ਆਨਲਾਈਨ ਸਹੂਲਤ ਨੂੰ ਸਰਲ ਬਣਾਇਆ ਹੈ | ਹੁਣ ਮੈਂਬਰ ਖੁੱਦ ਜਾਂ ਆਪਣੇ ਨਜ਼ਦੀਕੀ ਈ. ਪੀ. ਐੱਫ. ਓ. ਦਫ਼ਤਰ ਜਾ ਕੇ ਆਪਣੀ ਪੋ੍ਰਫਾਈਲ ਨੂੰ ਅਪਡੇਟ ਕਰਵਾ ਸਕਦੇ ਹਨ, ਜਿਸ 'ਚ ਨਾਂਅ, ਜਨਮ ਤਰੀਕ, ਜੈਂਡਰ ਆਦਿ 'ਚ ਸੋਧ, ਆਧਾਰ ਨੂੰ ਿਲੰਕ ਕਰਨਾ, ਸੇਵਾ ਰਿਕਾਰਡ 'ਚ ਸੁਧਾਰ ਅਤੇ ਸ਼ਿਕਾਇਤ ਦਰਜ਼ ਕਰਨਾ ਹੈ | ਇਸ ਲਈ ਰੁਜ਼ਗਾਰਦਾਤਾ ਦੀ ਲੋੜ ਨਹੀਂ ਹੈ | ਸਾਰਿਆਂ ਸੇਵਾਵਾਂ ਬਿਲਕੁਲ ਮੁਫ਼ਤ ਹਨ | ਕਿਸੇ ਵੀ ਸੇਵਾ ਲਈ ਕੋਈ ਪੈਸਾ ਨਹੀਂ ਲਿਆ ਜਾਦਾ | ਮੈਂਬਰਾਂ ਨੂੰ ਸਾਈਬਰ ਕੈਫੇ ਵੀ ਜਾਣ ਦੀ ਲੋੜ ਨਹੀਂ ਹੈ | ਉਨ੍ਹਾਂ ਕਿਹਾ ਕਿ ਕਿਸੇ ਵੀ ਜਾਣਕਾਰੀ ਲਈ ਕੇਵਲ ਈ. ਪੀ. ਐੱਫ. ਓ. ਦੀ ਅਧਿਕਾਰਤ ਵੈਬਸਾਈਟ ਜਾਂ ਉਮੰਗ ਐਪ ਦੀ ਵਰਤੋਂ ਕਰਨ ਅਤੇ ਕਿਸੇ ਅਣਜਾਣ ਵਿਅਕਤੀ ਨੂੰ ਆਪਣੀ ਜਾਣਕਾਰੀ ਸਾਂਝਾ ਨਾ ਕਰਨ | ਉਨ੍ਹਾਂ ਦੱਸਿਆ ਕਿ ਈ. ਪੀ. ਐੱਫ. ਓ. ਨੇ ਆਪਣੇ ਮੈਂਬਰਾਂ ਲਈ ਪੀ. ਐੱਫ. ਖਾਤਾ ਟਰਾਂਸਫਰ ਦੀ ਪ੍ਰਕਿਰਿਆ ਨੂੰ ਸਰਲ ਬਣਾਇਆ ਹੈ | ਹੁਣ ਨੌਕਰੀ ਬਦਲਣ ਦੇ ਜ਼ਿਆਦਾਤਰ ਮਾਮਲਿਆਂ 'ਚ ਪਿਛਲੇ ਜਾਂ ਨਵੇਂ ਰੁਜ਼ਗਾਰਦਾਤਾ ਦੁਆਰਾ ਆਨਲਾਈਨ ਟਰਾਂਸਫਰ ਕਲੇਮ ਭੇਜਣ ਦੀ ਜ਼ਰੂਰਤ ਨੂੰ ਖਤਮ ਕਰ ਦਿੱਤਾ ਗਿਆ ਹੈ | ਉਨ੍ਹਾਂ ਦੱਸਿਆ ਕਿ ਬੈਂਕ ਖਾਤਾ ਸੀਡਿੰਗ ਪ੍ਰਕਿਰਿਆ 'ਚ ਮਾਲਕ ਦੇ ਮਨਜ਼ੂਰੀ ਦੀ ਕੋਈ ਲੋੜ ਨਹੀਂ ਹੋਵੇਗੀ | ਮੈਂਬਰ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਮਾਲਕ ਕੋਲ ਪਹਿਲਾਂ ਤੋਂ ਲੰਬਿਤ ਬੈਂਕ ਕੇ. ਵਾਈ. ਸੀ. ਬੇਨਤੀ ਨੂੰ ਹਟਾ ਦੇਣ ਅਤੇ ਆਟੋ-ਵੈਰੀਫਿਕੇਸ਼ਨ ਲਈ ਇਸਨੂੰ ਦੁਬਾਰਾ ਸ਼ੁਰੂ ਕਰੇ | ਹੁਣ ਬੈਂਕ ਕੇ. ਵਾਈ. ਸੀ. ਸੁਨੇਹਾ ਤਸਦੀਕ ਪ੍ਰਕਿਰਿਆ ਦੇ ਤਹਿਤ ਦਿਖਾਇਆ ਜਾਵੇਗਾ | ਇਸ ਤੋਂ ਇਲਾਵਾ ਕਰਮਚਾਰੀਆਂ ਅਤੇ ਪੈਨਸ਼ਨ ਲੈਣ ਵਾਲਿਆਂ ਦੀਆਂ ਸ਼ਿਕਾਇਤਾਂ ਦਾ ਵੀ ਨਿਪਟਾਰਾ ਕੀਤਾ ਗਿਆ | ਉਨ੍ਹਾਂ ਦੱਸਿਆ ਕਿ ਜਨਵਰੀ 2026 'ਚ 7349 ਦਾਅਵਿਆਂ ਦਾ ਨਿਪਟਾਰਾ ਕੀਤਾ ਗਿਆ ਹੈ, ਜਿਨ੍ਹਾਂ ਵਿਚੋਂ 7175 ਦਾਅਵਿਆਂ ਦਾ ਤਿੰਨ ਦਿਨਾਂ 'ਚ ਨਿਪਟਾਰਾ ਕੀਤਾ ਗਿਆ | ਇਸ ਤੋਂ ਇਲਾਵਾ 37 ਨਵੇਂ ਪੈਨਸ਼ਨਰਾਂ ਦੇ ਨਾਲ ਹੋਰਨਾਂ 27019 ਪੈਨਸ਼ਨਰਾਂ ਨੂੰ ਵੀ ਪੈਨਸ਼ਨ ਦਿੱਤੀ ਗਈ |