ਤਰਨ ਤਾਰਨ, 30 ਜਨਵਰੀ (ਹਰਿੰਦਰ ਸਿੰਘ)-ਸਿਵਲ ਸਰਜਨ ਡਾ. ਗੁਰਪ੍ਰੀਤ ਸਿੰਘ ਰਾਏ ਵਲੋਂ ਪ੍ਰਾਪਤ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਕਰਦਿਆਂ ਹੋਇਆਂ ਸ਼ੁੱਕਰਵਾਰ ਨੂੰ ਜ਼ਿਲ੍ਹੇ ਵਿਚ ਵਿਸ਼ਵ ਕੁਸ਼ਟ ਰੋਗ ਦਿਵਸ ਮੌਕੇ 'ਸਪਰਸ਼ ਕੁਸ਼ਟ ਰੋਗ' ਜਾਗਰੂਕਤਾ ਮੁਹਿੰਮ ਦੀ ਸ਼ੁਰੂਆਤ ਕੀਤੀ | ਨੈਸ਼ਨਲ ਲੈਪਰੋਸੀ ਇਰੈਡੀਕੇਸ਼ਨ ਪ੍ਰੋਗਰਾਮ ਤਹਿਤ ਦਫਤਰ ਸਿਵਲ ਸਰਜਨ ਵਿਖੇ ਕਰਵਾਈ ਗਏ ਜਾਗਰੂਕਤਾ ਸੈਮੀਨਾਰ ਦੌਰਾਨ ਨਰਸਿੰਗ ਕਾਲਜ ਦੇ ਵਿਦਿਆਰਥਣਾਂ ਵਲੋਂ ਵੀ ਹਿੱਸਾ ਲਿਆ ਗਿਆ | ਇਸ ਮੌਕੇ ਸਿਹਤ ਕਰਮੀਆਂ ਅਤੇ ਵਿਦਿਆਰਥਣਾਂ ਵਲੋਂ ਕੁਸ਼ਟ ਰੋਗ ਦੀ ਰੋਕਥਾਮ ਅਤੇ ਰੋਗੀਆਂ ਨਾਲ ਭੇਦਭਾਵ ਵਿਰੁੱਧ ਸਹੁੰ ਵੀ ਚੁੱਕੀ | ਲੈਪਰੋਸੀ ਪ੍ਰੋਗਰਾਮ ਦੇ ਨੋਡਲ ਅਫਸਰ ਡਾ. ਰਾਘਵ ਗੁਪਤਾ ਅਤੇ ਚਮੜੀ ਰੋਗ ਦੇ ਮਾਹਿਰ ਡਾ. ਸਤਵਿੰਦਰ ਸਿੰਘ ਮੌਜੂਦ ਸਨ | ਇਸ ਮੌਕੇ ਸਿਵਲ ਸਰਜਨ ਡਾ. ਗੁਰਪ੍ਰੀਤ ਸਿੰਘ ਰਾਏ ਨੇ ਦੱਸਿਆ ਕਿ ਕੁਸ਼ਟ ਰੋਗ ਪੂਰੀ ਤਰ੍ਹਾਂ ਇਲਾਜ ਯੋਗ ਹੈ ਅਤੇ ਸਾਨੂੰ ਇਸ ਰੋਗ ਤੋਂ ਪੀੜਤ ਵਿਅਕਤੀ ਨਾਲ ਕਿਸੇ ਤਰ੍ਹਾਂ ਦਾ ਭੇਦਭਾਵ ਨਹੀਂ ਕਰਨਾ ਚਾਹੀਦਾ | ਉਨ੍ਹਾਂ ਦੱਸਿਆ ਕਿ ਕੁਸ਼ਟ ਰੋਗ ਦੀ ਰੋਕਥਾਮ ਲਈ ਤਰਨ ਤਾਰਨ ਵਿਖੇ ਵਿਸ਼ੇਸ਼ ਲੇਪਰੋਸੀ ਵਿੰਗ ਸਥਾਪਿਤ ਕੀਤਾ ਹੈ, ਜਿੱਥੇ ਵਿਅਕਤੀ ਦੀ ਜਾਂਚ ਅਤੇ ਦਵਾਈਆਂ ਬਿਲਕੁਲ ਮੁਫ਼ਤ ਮੁਹਈਆ ਕਰਵਾਈਆਂ ਜਾਂਦੀਆਂ ਹਨ | ਉਨ੍ਹਾਂ ਦੱਸਿਆ ਕਿ ਕੁਸ਼ਟ ਰੋਗ ਇਲਾਜ ਯੋਗ ਹੈ ਤੇ ਸਾਰੇ ਸਰਕਾਰੀ ਸਿਹਤ ਕੇਂਦਰਾਂ ਤੇ ਇਸ ਦਾ ਮੁਫ਼ਤ ਇਲਾਜ ਉਪਲੱਬਧ ਹੈ | ਸਿਵਲ ਸਰਜਨ ਡਾਕਟਰ ਰਾਏ ਨੇ ਕਿਹਾ ਕਿ ਇਸ ਪੰਦਰ੍ਹਵਾੜੇ ਦੌਰਾਨ ਜ਼ਿਲ੍ਹੇ ਦੇ ਵੱਖ-ਵੱਖ ਬਲਾਕਾਂ ਦੇ ਵਿਚ ਕੁਸ਼ਟ ਰੋਗ ਦੀ ਰੋਕਥਾਮ ਸਬੰਧੀ ਜਾਗਰੂਕਤਾ ਗਤੀਵਿਧੀਆਂ ਕੀਤੀਆਂ ਜਾਣਗੀਆਂ | ਉਨ੍ਹਾਂ ਮਾਸ ਮੀਡੀਆ ਵਿੰਗ ਨੂੰ ਕੁਸ਼ਟ ਰੋਗ ਰੋਕਥਾਮ ਸੰਬੰਧੀ ਚੱਲ ਰਹੇ ਪੰਦਰ੍ਹਵਾੜੇ ਸੰਬੰਧੀ ਵੱਧ ਤੋਂ ਵੱਧ ਜਾਗਰੂਕਤਾ ਫੈਲਾਉਣ ਦੀ ਹਦਾਇਤ ਕੀਤੀ | ਇਸ ਮੌਕੇ ਜ਼ਿਲ੍ਹਾ ਮਾਸ ਮੀਡੀਆ ਅਫਸਰ ਸੁਖਵੰਤ ਸਿੰਘ ਸਿੱਧੂ, ਲੈਪਰੋਸੀ ਵਿੰਗ ਸੁਪਰਵਾਈਜ਼ਰ ਮਨਿੰਦਰ ਕੌਰ ਆਦਿ ਮੌਜੂਦ ਰਹੇ |