ਬਾਬਾ ਬਕਾਲਾ ਸਾਹਿਬ, 31 ਜਨਵਰੀ (ਸ਼ੇਲਿੰਦਰਜੀਤ ਸਿੰਘ ਰਾਜਨ)-ਬਾਬਾ ਬਕਾਲਾ ਸਾਹਿਬ ਫਲਾਈਓਵਰ ਉਪਰ ਵਾਪਰੇ ਇਕ ਸੜਕ ਹਾਦਸੇ ਦੌਰਾਨ ਇਕ ਟਿੱਪਰ ਵਲੋਂ ਐਕਟਿਵਾ ਸਵਾਰ ਲੜਕੀ ਨੂੰ ਕੁਚਲੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ, ਜਿਸ ਨਾਲ ਉਸਦੀ ਦਰਦਨਾਕ ਮੌਤ ਹੋ ਗਈ, ਜਦਕਿ ਉਸਦੀ ਮਾਤਾ ਗੰਭੀਰ ਰੂਪ ਵਿਚ ਜ਼ਖਮੀ ਹੋ ਗਈ | ਥਾਣਾ ਮੁਖੀ ਬਿਆਸ ਸ: ਗੁਰਵਿੰਦਰ ਸਿੰਘ ਵਲੋਂ ਮਿਲੀ ਜਾਣਕਾਰੀ ਅਨੁਸਾਰ ਬਾਬਾ ਬਕਾਲਾ ਸਾਹਿਬ ਫਲਾਈਓਵਰ ਉਪਰ ਐਕਟਿਵਾ ਨੰਬਰ ਪੀ.ਬੀ.-02 ਸੀ.ਐਮ. 5953 ਉਪਰ ਸਵਾਰ ਮਾਂ-ਧੀ, ਜਿਸਨੂੰ ਮਨਦੀਪ ਕੌਰ ਪਤਨੀ ਸੁਖਚੈਨ ਸਿੰਘ, ਵਾਸੀ ਚੀਮਾਬਾਠ ਚਲਾ ਰਹੀ ਸੀ ਅਤੇ ਪਿੱਛੇ ਉਸਦੀ ਬੇਟੀ ਪ੍ਰਭਜੋਤ ਕੌਰ (17 ਸਾਲ) ਜੋ ਕਿ ਗੁਰੂ ਨਾਨਕ ਪਬਲਿਕ ਸਕੂਲ, ਰਈਆ ਵਿਚ 10ਵੀਂ ਕਲਾਸ ਦੀ ਵਿਦਿਆਰਥਣ ਹੈ, ਬੈਠੀ ਸੀ, ਉਹ ਦੋਵੇਂ ਬਾਬਾ ਬਕਾਲਾ ਸਾਹਿਬ ਵੱਲ ਨੂੰ ਆ ਰਹੀਆਂ ਸਨ ਕਿ ਪਿੱਛੋਂ ਇਕ ਟਿੱਪਰ ਨੇ ਉਸਨੂੰ ਬੁਰੀ ਤਰ੍ਹਾਂ ਦਰੜ ਦਿੱਤਾ ਗਿਆ, ਜਿਸ ਨਾਲ ਲੜਕੀ ਪ੍ਰਭਜੋਤ ਕੌਰ ਦੀ ਮੌਕੇ 'ਤੇ ਮੌਤ ਹੋ ਗਈ ਅਤੇ ਉਸਦੀ ਮਾਤਾ ਜ਼ਖ਼ਮੀਂ ਹੋ ਗਈ, ਜਿਸਨੂੰ ਕਿ ਇਥੇ ਸਿਵਲ ਹਸਪਤਾਲ ਬਾਬਾ ਬਕਾਲਾ ਸਾਹਿਬ ਵਿਖੇ ਦਾਖਲ ਕਰਵਾਇਆ ਗਿਆ ਹੈ | ਮਿਤ੍ਰਕ ਲੜਕੀ ਦੀ ਪਛਾਣ ਪ੍ਰਭਜੋਤ ਕੌਰ ਪੁਤਰੀ ਸੁਖਚੈਨ ਸਿੰਘ ਵਾਸੀ ਪਿੰਡ ਚੀਮਾਬਾਠ ਵਜੋਂ ਹੋਈ ਹੈ | ਟਿੱਪਰ ਚਾਲਕ ਦੀ ਪਛਾਣ ਰਾਜਿੰਦਰ ਸਿੰਘ ਪੁੱਤਰ ਵਿਰਸਾ ਸਿੰਘ, ਵਾਸੀ ਨਰਾਂ ਵਾਲੀ, ਕਲਾਨੌਰ ਥਾਣਾ, ਜ਼ਿਲ੍ਹਾ ਗੁਰਦਾਸਪੁਰ ਵਜੋਂ ਹੋਈ ਹੈ, ਜੋ ਕਿ ਟਿੱਪਰ ਛੱਡਕੇ ਫਰਾਰ ਹੋ ਗਿਆ ਦੱਸਿਆ ਜਾਂਦਾ ਹੈ | ਮੌਕੇ 'ਤੇ ਥਾਣਾ ਬਿਆਸ ਤੋਂ ਸ: ਹਰਬੰਸ ਸਿੰਘ ਏ.ਐੱਸ.ਆਈ. ਨੇ ਪੁੱਜ ਕੇ ਅਗਲੀ ਕਾਰਵਾਈ ਅਮਲ ਵਿਚ ਲਿਆਂਦੀ ਹੈ | ਪੁਲਿਸ ਨੇ ਟਿੱਪਰ ਨੂੰ ਕਬਜੇ ਵਿਚ ਲੈ ਲਿਆ ਹੈ ਅਤੇ ਮਿ੍ਤਕ ਲੜਕੀ ਦੀ ਲਾਸ਼ ਨੂੰ ਸਿਵਲ ਹਸਪਤਾਲ ਵਿਖੇ ਪੋਸਟ ਮਾਰਟਮ ਲਈ ਰੱਖਿਆ ਗਿਆ ਹੈ | ਪੁਲਿਸ ਨੇ ਦੋਸ਼ੀ ਖ਼ਿਲਾਫ਼ ਮੁਕੱਦਮਾ ਨੰ: 28 ਧਾਰਾ 106, 281, 125 ਏ, 125 ਬੂ, 324-4 ਬੀ.ਐੱਨ.ਐੱਸ. ਤਹਿਤ ਕੇਸ ਦਰਜ ਕਰਕੇ ਦੋਸ਼ੀ ਦੀ ਭਾਲ ਸ਼ੁਰੂ ਕਰ ਦਿੱਤੀ ਹੈ |